ਲੰਡਨ, ਸਰਬਜੀਤ ਸਿੰਘ ਬਨੂੜ : ਸਿੱਖ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਸਥਿਤ ਮਨੁਰੇਵਾ ਇਲਾਕੇ ਵਿੱਚ ਸ਼ਾਂਤੀਪੂਰਨ ਸਰਬੱਤ ਦੇ ਭਲੇ ਲਈ ਸਜਾਏ ਨਗਰ ਕੀਰਤਨ ਦੌਰਾਨ ਕੱਟੜਪੰਥੀਆਂ ਵੱਲੋਂ ਹੁੱਲੜਬਾਜ਼ੀ ਕਰਨ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਸੰਸਥਾ ਦੇ ਕਾਨੂੰਨੀ ਪ੍ਰਤਿਨਿਧੀ ਮਾਨ ਸਿੰਘ ਸ਼ਿੰਗਾਰਾ ਕਿਹਾ ਕਿ “ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ” ਵਰਗੇ ਨਾਅਰੇ ਧਾਰਮਿਕ ਆਜ਼ਾਦੀ 'ਤੇ ਸਿੱਧਾ ਹਮਲਾ ਹਨ ਤੇ ਸਿੱਖ ਭਾਈਚਾਰੇ ਦੇ ਬਿਨਾਂ ਡਰ ਤੇ ਭੇਦਭਾਵ ਆਪਣੇ ਧਰਮ ਦੀ ਪਾਲਣਾ ਕਰਨ ਦੇ ਮੂਲ ਅਧਿਕਾਰਾਂ ਦੀ ਖੁੱਲ੍ਹੀ ਉਲੰਘਣਾ ਹਨ।
ਸੰਸਥਾ ਅਨੁਸਾਰ ਇਹ ਘਟਨਾ ਕੋਈ ਇਕੱਲੀ ਕਾਰਵਾਈ ਨਹੀਂ, ਸਗੋਂ ਇੱਕ ਸੋਚੀ-ਸਮਝੀ ਵਿਦੇਸ਼ੀ-ਵਿਰੋਧੀ ਮਨੋਵਿਰਤੀ ਦਾ ਨਤੀਜਾ ਹੈ, ਜਿਸਦਾ ਮਕਸਦ ਸਮਾਜ ਵਿੱਚ ਲੰਮੇ ਸਮੇਂ ਤੋਂ ਸ਼ਾਂਤੀਪੂਰਵਕ ਯੋਗਦਾਨ ਪਾਉਂਦੇ ਆ ਰਹੇ ਸਿੱਖ ਭਾਈਚਾਰੇ ਨੂੰ ਹਾਸ਼ੀਏ ’ਤੇ ਧੱਕਣਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵੱਖਰੇਪਣ ਪੈਦਾ ਕਰਨ ਵਾਲੀ ਭਾਸ਼ਾ ਸਿੱਖੀ ਦੇ ਮੂਲ ਸਿਧਾਂਤ ਸਰਬੱਤ ਦਾ ਭਲਾ, ਸਾਰੀ ਮਨੁੱਖਤਾ ਦੀ ਭਲਾਈ ਦੇ ਪੂਰੀ ਤਰ੍ਹਾਂ ਉਲਟ ਹੈ ਅਤੇ ਇੱਕ ਲੋਕਤੰਤਰਕ ਤੇ ਬਹੁ-ਸੰਸਕ੍ਰਿਤਿਕ ਸਮਾਜ ਵਿੱਚ ਇਸਦੀ ਕੋਈ ਥਾਂ ਨਹੀਂ। ਸ਼ਾਂਤੀਪੂਰਨ ਧਾਰਮਿਕ ਸਮਾਗਮ ਵਿੱਚ ਵਿਘਨ ਪਾਉਣਾ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ।
ਸੰਸਥਾ ਨੇ ਕਿ ਨਿਊਜ਼ੀਲੈਂਡ ਵਿੱਚ ਵਸਦਾ ਸਿੱਖ ਭਾਈਚਾਰਾ ਕਾਨੂੰਨ ਪਾਲਣ ਵਾਲਾ, ਸਨਮਾਨਤ ਅਤੇ ਦੇਸ਼ ਦੇ ਸਮਾਜਿਕ ਢਾਂਚੇ ਦਾ ਅਟੁੱਟ ਹਿੱਸਾ ਹੈ। ਇਸ ਸੰਦਰਭ ਵਿੱਚ ਨਿਊਜ਼ੀਲੈਂਡ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਕਿ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਬੰਗਲਾਦੇਸ਼ 'ਚ ਫਿਰ ਭੜਕੇਗੀ ਅੱਗ? ਹਾਦੀ ਮਗਰੋਂ ਇਕ ਹੋਰ ਵਿਦਿਆਰਥੀ ਦੇ ਸਿਰ 'ਚ ਮਾਰੀ ਗੋਲੀ
NEXT STORY