ਖੰਨਾ(ਸੁਖਵਿੰਦਰ ਕੌਰ)-ਅੱਜ ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਵਿਧਾਇਕ ਗੁਰਕੀਰਤ ਸਿੰਘ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਸੀ। ਇਸ ਮੀਟਿੰਗ ਵਿਚ ਕੁੱਲ 20 ਮਤੇ ਰੱਖੇ ਗਏ ਸਨ। ਜਿਨ੍ਹਾਂ ’ਚ 16 ਮਤਿਅਾਂ ਨੂੰ ਜਿਥੇ ਸਰਬਸਮੰਤੀ ਅਤੇ 3 ਮਤਿਅਾਂ ਨੂੰ ਪਾਸ ਕੀਤਾ ਗਿਆ, ਉਥੇ ਹੀ ਇਕ ਮਤੇ ਨੂੰ ਮੁਲਤਵੀ ਕਰਕੇ ਅਗਲੀ ਮੀਟਿੰਗ ਲਈ ਰੱਖ ਦਿੱਤਾ ਗਿਆ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕੌਂਸਲਰ ਸ਼ਾਮ ਲਾਲ ਮਲਹੋਤਰਾ ਦੀ ਪਤਨੀ ਕੰਚਨ ਮਲਹੋਤਰਾ ਸਾਬਕਾ ਕੌਂਸਲਰ ਦੀ ਮੌਤ ਦੇ ਸ਼ੋਕ ਵੱਜੋਂ 2 ਮਿੰਟ ਦਾ ਮੌਨ ਰੱਖਿਆ ਗਿਆ।
ਕਾਰਜ ਸਾਧਕ ਅਧਿਕਾਰੀ ’ਤੇ ਨਕਸ਼ੇ ਪਿੱਕ ਐਂਡ ਚੂਜ ਕਰ ਕੇ ਪਾਸ ਕਰਨ ਦੇ ਦੋਸ਼
ਵਾਰਡ ਨੰ. 16 ਦੀ ਕੌਂਸਲਰ ਕਵਿਤਾ ਗੁਪਤਾ ਨੇ ਕਿਹਾ ਕਿ ਪਿਛਲੇ ਤਕਰੀਬਨ 2 ਮਹੀਨੀਆਂ ਤੋਂ ਕਾਰਜਸਾਧਕ ਅਧਿਕਾਰੀ ਰਣਬੀਰ ਸਿੰਘ ਵੱਲੋਂ ਲੋਕਾਂ ਦੇ ਨਕਸ਼ੇ ਪਾਸ ਨਹੀਂ ਕੀਤੇ ਜਾ ਰਹੇ। ਕਾਰਜ ਸਾਧਕ ਅਧਿਕਾਰੀ ’ਤੇ ਦੋਸ਼ ਲਗਾਉਂਦੇ ਹੋਏ ਕੌਂਸਲਰ ਕਵਿਤਾ ਨੇ ਕਿਹਾ ਕਿ ਪਿੱਕ ਐਂਡ ਚੂਜ ਦੀ ਪਾਲਿਸੀ ਨਾਲ ਈ .ਓ. ਵੱਲੋਂ ਨਕਸ਼ੇ ਪਾਸ ਕੀਤੇ ਜਾ ਰਹੇ ਹਨ, ਜਿਸ ਕਰਕੇ ਭ੍ਰਿਸ਼ਟਾਚਾਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਮੌਕੇ ਉਨ੍ਹਾਂ ਵੱਲੋਂ 20.6.18 ਦੇ ਨਕਸ਼ੇ ਦੀ ਫੀਸ ਜਮ੍ਹਾ ਹੋਣ ਦੇ ਬਾਵਜੂਦ ਵੀ ਨਕਸ਼ਾ ਪਾਸ ਨਾ ਹੋਣ ਦੀ ਫਾਈਲ ਵੀ ਹਾਊਸ ਨੂੰ ਦਿਖਾਈ। ਜਿਸ ’ਤੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ ਅਤੇ ਕੌਂਸਲਰ ਰਜਿੰਦਰ ਸਿੰਘ ਜੀਤ ਨੇ ਵੀ ਕਾਰਜਸਾਧਕ ਅਧਿਕਾਰੀ ’ਤੇ ਨਕਸ਼ੇ ਨਾ ਪਾਸ ਕਰਨ ਦੇ ਦੋਸ਼ ਲਾਏ ਗਏੇ।
ਜ਼ਿੰਮੇਵਾਰੀ ਨਾਲ ਕੰਮ ਨਾ ਕਰਨ ਵਾਲੇ ਅਧਿਕਾਰੀਆਂ ’ਤੇ ਕਾਰਵਾਈ ਕਰਨ ਦੀ ਕੀਤੀ ਮੰਗ
ਵਾਰਡ ਨੰ. 12 ਦੇ ਕੌਂਸਲਰ ਗੁਰਮੀਤ ਨਾਗਪਾਲ ਨੇ ਕਿਹਾ ਕਿ ਨਗਰ ਕੌਂਸਲ ਦੇ ਕੁੱਝ ਅਧਿਕਾਰੀ ਆਪਣਾ ਕੰਮ ਜ਼ਿੰਮੇਵਾਰੀ ਨਾਲ ਨਹੀਂ ਕਰਦੇੇ। ਆਮ ਲੋਕਾਂ ਦੇ ਬਿਨ੍ਹਾਂ ਵਜ੍ਹਾਂ ਤੋਂ ਛੋਟੇ-ਛੋਟੇ ਕੰਮਾਂ ਲਈ ਕਈ ਕਈ ਚੱਕਰ ਲਗਵਾਉਂਦੇ ਹਨ। ਉਨ੍ਹਾਂ ਨੇ ਵਿਧਾਇਕ ਗੁਰਕੀਰਤ ਅਤੇ ਕੌਂਸਲ ਪ੍ਰਧਾਨ ਮਹਿਤਾ ਤੋਂ ਮੰਗ ਕੀਤੀ ਕਿ ਅਜਿਹੇ ਅਧਿਕਾਰੀਆਂ ’ਤੇ ਕਾਰਵਾਈ ਕੀਤੀ ਜਾਵੇ।
ਸ਼ਹਿਰ ਦੀ ਸਫਾਈ ਨੂੰ ਲੈ ਕੇ ਕੌਂਸਲਰ ਦੇਣ ਸਾਥ : ਵਿਧਾਇਕ ਗੁਰਕੀਰਤ
ਮੀਟਿੰਗ ਦੌਰਾਨ ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਉਹ ਸ਼ਹਿਰ ਦੀ ਸਫਾਈ ਨੂੰ ਲੈ ਕੇ ਬਹੁਤ ਗੰਭੀਰ ਹਨ। ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਸ਼ਹਿਰ ਦੀ ਸਫਾਈ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਸੰਬੰਧੀ ਇਕ ਕਮੇਟੀ ਬਣਾਈ ਗਈ। ਜੋ ਉਨ੍ਹਾਂ ਨੂੰ ਦੱਸੇਗੀ ਕਿ ਸਫਾਈ ਨਾ ਹੋਣ ਵਿਚ ਕਿਹਡ਼ੀਆਂ-ਕਿਹਡ਼ੀਆਂ ਸਮੱਸਿਆਵਾਂ ਆ ਰਹੀਆਂ ਹਨ ਤੇ ਇਨ੍ਹਾਂ ਦਾ ਹੱਲ ਕਿਵੇਂ ਕੀਤਾ ਜਾਵੇਗਾ। ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਉਹ ਕੌਂਂਸਲਰਾਂ ਨਾਲ ਵੀ ਵਿਚਾਰ ਕਰਨਗੇ। ਗੁਰਕੀਰਤ ਨੇ ਕਿਹਾ ਕਿ ਸਾਰੇ ਕੌਂਸਲਰ ਆਪਣੇ ਆਪਣੇ ਵਾਰਡ ਵਿਚ ਸਫਾਈ ਵੱਲ ਖੁਦ ਵੀ ਧਿਆਨ ਦੇਣ । ਸ਼ਹਿਰ ਨੂੰ ਸੁੰਦਰ ਬਣਾਉਣ ਵਿਚ ਉਨ੍ਹਾਂ ਨੇ ਕੌਂਸਲਰਾਂ ਤੋਂ ਪੂੁਰਨ ਸਹਿਯੋਗ ਕੀਤੇ ਜਾਣ ਦੀ ਮੰਗ ਵੀ ਕੀਤੀ।
ਕੌਂਸਲਰ ਪਾਲ ਸਿੰਘ ਨੇ ਵਿਕਾਸ ਕਾਰਜ ਨਾ ਹੋਣ ਕਰਕੇ ਥੱਲ੍ਹੇ ਬੈਠੇ ਕੇ ਜਤਾਇਆ ਰੋਸ
ਵਾਰਡ ਨੰ. 18 ਦੇ ਕੌਂਸਲਰ ਪਾਲ ਸਿੰਘ ਨੇ ਉਨ੍ਹਾਂ ਦੇ ਵਾਰਡ ਵਿਚ ਵਿਕਾਸ ਕਾਰਜ ਨਾ ਹੋਣ ਨੂੰ ਲੈ ਕੇ ਮੀਟਿੰਗ ਹਾਲ ਵਿਚ ਥੱਲ੍ਹੇ ਬੈਠੇ ਕੇ ਧਰਨਾ ਦੇ ਕੇ ਆਪਣਾ ਵਿਰੋਧ ਜਤਾਇਆ ਗਿਆ। ਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਕੌਂਸਲਰ ਵਿਚ ਰੱਤੀ ਭਰ ਵੀ ਸੁਣਵਾਈ ਨਹੀਂ ਹੈ। ਪਾਲ ਸਿੰਘ ਵੱਲੋਂ ਜਦੋਂ ਧਰਨਾ ਮਾਰ ਕੇ ਥੱਲ੍ਹੇ ਬੈਠਿਆ ਗਿਆ ਤਾਂ ਕਿਸੇ ਵੀ ਕੌਂਸਲਰ ਨੇ ਉਨ੍ਹਾਂ ਸਾਥ ਨਹੀਂ ਦਿੱਤਾ, ਸਗੋਂ ਹੱਸਦੇ ਹੋਏ ਉਸਦਾ ਮਖੌਲ ਹੀ ਉਡਾਇਆ ਗਿਆ। ਕਿਸੇ ਵੀ ਕੌਂਸਲਰ ਨੇ ਜਦੋਂ ਪਾਲ ਸਿੰਘ ਨੂੰ ਆ ਕੇ ਉਠਾਇਆ ਨਹੀਂ ਤਾਂ ਉਹ ਕੁੱਝ ਸਮੇਂ ਬਾਅਦ ਆਪਣੇ ਆਪ ਹੀ ਉਠ ਗਏ।
ਕਿਹਡ਼ੇ ਅਹਿਮ ਮਤੇ ਹੋਏ ਪਾਸ :- -ਫਾਇਰ ਬ੍ਰਿਗੇਡ ਵੱਲੋਂ ਐੱਨ. ਓ. ਸੀ. ਦੇਣ ਲਈ ਫੀਸ ਵਸੂਲਣ ਦਾ
ਨਗਰ ਕੌਂਸਲ ਦੇ ਫਾਇਰ ਬ੍ਰਿਗੇਡ ਵੱਲੋਂ ਸ਼ਹਿਰ ਦੀਆਂ ਕਮਰਸ਼ੀਅਲ ਥਾਵਾਂ ਨੂੰ ਐੱਨ. ਓ. ਸੀ. ਦਿੱਤੀ ਜਾਂਦੀ ਹੈ, ਜਿਸ ਦੀ ਪਹਿਲਾਂ ਕੋਈ ਫੀਸ ਨਹੀਂ ਵਸੂਲੀ ਜਾਂਦੀ ਸੀ ਪਰ ਹੁਣ ਇਹ ਮਤੇ ਪਾਸ ਹੋਣ ਨਾਲ ਫਾਇਰ ਬ੍ਰਿਗੇਡ ਵੱਲੋਂ ਐੱਨ. ਓ. ਸੀ. ਲਈ ਫੀਸ ਵਸੂਲੀ ਜਾਵੇਗੀ। ਇਸ ਤਹਿਤ ਫੈਕਟਰੀਆਂ, ਮੈਰਿਜ ਪੈਲੇਸ, ਹੋਟਲ, ਹਸਪਤਾਲ ਅਤੇ ਹੋਰ ਕਮਰਸ਼ੀਅਲ ਅਦਾਰਿਆਂ ਤੋਂ 5000 , ਸਿੱਖਿਆ ਸੰਸਥਾਵਾਂ ਦੀ ਗਿਣਤੀ 150 ਤੱਕ ਹੈ, ਤੋਂ 2000 ਅਤੇ ਜਿਨ੍ਹਾਂ ਦੀ 150 ਤੋਂ ਵੱਧ ਹੈ, ਤੋਂ 5000 ਰੁਪਏ ਵਸੂਲੇ ਜਾਣਗੇ।
-ਏ. ਟੂ. ਜ਼ੈੱਡ ਕੰਪਨੀ ਨੂੰ ਕੂਡ਼ਾ ਚੁੱਕਣ ਦਾ ਠੇਕਾ ਦੇਣ ਦਾ
ਸ਼ਹਿਰ ਵਿਚ ਪਹਿਲਾਂ ਕੁਡ਼ਾ ਚੁੱਕਣ ਵਾਲੀ ਏ. ਟੂ. ਜ਼ੈੱਡ ਕੰਪਨੀ ਦਾ ਠੇਕਾ ਰੱਦ ਕਰ ਦਿੱਤਾ ਗਿਆ ਸੀ ਪਰ ਅੱਜ ਮੀਟਿੰਗ ਵਿਚ ਇਸ ਕੰਪਨੀ ਨੂੰ ਦੁਬਾਰਾ ਠੇਕਾ ਦੇਣ ਦਾ ਮੱਦ ਲਿਆਂਦਾ ਗਿਆ ਸੀ। ਜਿਸ ਨੂੰ ਕੌਂਸਲਰਾਂ ਵੱਲੋਂ ਇਸ ਸ਼ਰਤ ’ਤੇ ਪਾਸ ਕੀਤਾ ਗਿਆ ਕਿ ਇਹ ਕੰਪਨੀ ਇਹ ਠੇਕੇ ਨੂੰ ਅੱਗੇ ਨਹੀਂ ਦੇਵੇਗੀ ਅਤੇ ਜੋ ਮਸ਼ੀਨਰੀ ਲਿਖੀ ਗਈ ਹੈ ਉਹੀ ਮਸ਼ੀਨਰੀ ਦੀ ਵਰਤੋਂ ਕਰੇਗੀ ਅਤੇ ਪਹਿਲਾਂ ਵਾਂਗ ਮਸ਼ੀਨਰੀ ਘਟਾਏਗੀ ਨਹੀਂ।
ਇਹ ਸਨ ਹਾਜ਼ਰ
ਕਾਰਜ ਸਾਧਕ ਅਧਿਕਾਰੀ ਰਣਬੀਰ ਸਿੰਘ, ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ, ਸਾਬਕਾ ਮੀਤ ਪ੍ਰਧਾਨ ਵਿਜੇ ਸ਼ਰਮਾ, ਗੁਰਮਿੰਦਰ ਸਿੰਘ ਲਾਲੀ, ਰਜਿੰਦਰ ਸਿੰਘ ਜੀਤ, ਜਸਵੀਰ ਸਿੰਘ ਕਾਲੀਰਾਉ, ਨੇਤਰ ਕੌਰ, ਸੁਧੀਰ ਸੋਨੂੰ, ਸੰਜੀਵ ਧਮੀਜਾ, ਰੂਬੀ ਭਾਟੀਆ, ਸੁਲਕਸ਼ਣਾ ਪਾਠਕ, ਰਵਿੰਦਰ ਸਿੰਘ ਬੱਬੂ, ਤਲਵਿੰਦਰ ਕੌਰ ਰੋਸ਼ਾ, ਜਸਪਾਲ ਕੌਰ, ਕਵਿਤਾ ਗੁਪਤਾ, ਸੁਖਦੇਵ ਸਿੰਘ, ਅੰਜਨਜੀਤ ਕੌਰ, ਸਰਵਦੀਪ ਸਿੰਘ ਕਾਲੀਰਾਓ, ਕ੍ਰਿਸ਼ਨਪਾਲ, ਸੁਰਿੰਦਰ ਕੁਮਾਰ ਬਾਵਾ, ਅਨਿਲ ਦੱਤ ਫੱਲੀ, ਰਜਨੀ ਫੱਲੀ (ਸਾਰੇ ਕੌਂਸਲਰ) ਆਦਿ ।
ਗਰਮੀ ਦਾ ਕਹਿਰ ਵਧਿਆ, ਨੌਜਵਾਨ ਬੇਹੋਸ਼ ਹੋ ਕੇ ਸਡ਼ਕ ’ਤੇ ਡਿੱਗਾ
NEXT STORY