ਲੁਧਿਆਣਾ (ਹਿਤੇਸ਼)-ਵੋਟਰ ਸਲਿੱਪ ਵੰਡਣ ਦੇ ਨਾਂ 'ਤੇ ਲੋਕਾਂ ਨੂੰ ਲੁਭਾਉਣ ਦੀ ਰਿਵਾਇਤ 'ਤੇ ਰੋਕ ਲਾਉਣ ਦੇ ਮਕਸਦ ਨਾਲ ਸਰਕਾਰ ਨੇ ਪਿਛਲੀਆਂ ਚੋਣਾਂ 'ਚ ਜੋ ਬੀ. ਐੱਲ. ਓ. ਰਾਹੀਂ ਵੀ ਪਰਚੀਆਂ ਵੰਡਣ ਦੀ ਕਵਾਇਦ ਸ਼ੁਰੂ ਕੀਤੀ ਸੀ, ਉਸ ਨੂੰ ਨਗਰ ਨਿਗਮ ਚੋਣਾਂ ਵਿਚ ਬੰਦ ਕਰ ਦਿੱਤਾ ਗਿਆ ਹੈ, ਜਿਸ ਦੀ ਸੂਚਨਾ ਮਿਲਣ 'ਤੇ ਉਮੀਦਵਾਰ ਵੱਲੋਂ ਹਫੜਾ-ਦਫੜੀ ਵਿਚ ਵੋਟਰ ਸਲਿੱਪਾਂ ਬਣਵਾ ਕੇ ਆਪਣੇ ਹਮਾਇਤੀਆਂ ਨੂੰ ਉਨ੍ਹਾਂ ਨੂੰ ਵੰਡਣ ਦੇ ਕੰਮ 'ਤੇ ਲਾ ਦਿੱਤਾ ਗਿਆ ਹੈ, ਜਿਸ ਨਾਲ ਜ਼ਿਆਦਾ ਉਮੀਦਵਾਰਾਂ ਵਾਲੇ ਇਲਾਕਿਆਂ 'ਚ ਲੋਕਾਂ ਦੀ ਸਿਰਦਰਦੀ ਵਧ ਗਈ ਹੈ, ਕਿਉਂਕਿ ਡੋਰ-ਟੂ-ਡੋਰ ਪ੍ਰਚਾਰ ਖਤਮ ਹੋਣ ਤੋਂ ਬਾਅਦ ਹੁਣ ਉਮੀਦਵਾਰਾਂ ਦੇ ਹਮਾਇਤੀਆਂ ਵੱਲੋਂ ਪਰਚੀ ਦੇਣ ਦੇ ਨਾਂ 'ਤੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ।
ਸਮਾਂ ਹੱਦ ਖਤਮ ਹੋਣ 'ਤੇ ਵੀ ਜਾਰੀ ਰਿਹਾ ਪ੍ਰਚਾਰ
ਵੈਸੇ ਤਾਂ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਦੀ ਸਮਾਂ ਹੱਦ ਵੀਰਵਾਰ ਸ਼ਾਮ 4 ਵਜੇ ਖਤਮ ਹੋ ਗਈ ਸੀ ਪਰ ਉਸ ਤੋਂ ਬਾਅਦ ਵੀ ਕਈ ਥਾਈਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ। ਇੱਥੋਂ ਤੱਕ ਕਿ ਉਮੀਦਵਾਰਾਂ ਵਲੋਂ ਕੱਢੀਆਂ ਜਾ ਰਹੀਆਂ ਰੈਲੀਆਂ ਵੀ ਉਸ ਸਮੇਂ ਤੱਕ ਖਤਮ ਨਹੀਂ ਹੋਈਆਂ ਜਿਸ ਦੌਰਾਨ ਹੋ ਰਹੀ ਨਾਅਰੇਬਾਜ਼ੀ ਅਤੇ ਲਾਊਡ ਸਪੀਕਰ ਦੇ ਨਾਲ ਢੋਲ-ਢਮੱਕੇ ਕਾਰਨ ਰੌਲੇ ਤੋਂ ਲੋਕਾਂ ਦੀ ਪ੍ਰੇਸ਼ਾਨੀ ਘੱਟ ਨਹੀਂ ਹੋਈ। ਇੱਥੋਂ ਤੱਕ ਕਿ ਕਈ ਥਾਈਂ ਬਿਨਾਂ ਮਨਜ਼ੂਰੀ ਦੇ ਰੈਲੀਆਂ ਕੱਢੀਆਂ ਗਈਆਂ ਅਤੇ ਉਨ੍ਹਾਂ ਕਾਰਨ ਹੋ ਰਹੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਵੱਲ ਪੁਲਸ-ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ।
ਬੰਦ ਰਹਿਣਗੇ ਵਿਦਿਅਕ ਅਦਾਰੇ, ਲੁਧਿਆਣਾ ਦੇ ਵੋਟਰਾਂ ਨੂੰ ਸ਼ਹਿਰ ਤੋਂ ਬਾਹਰ ਵੀ ਮਿਲੇਗੀ ਛੁੱਟੀ
ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ 24 ਫਰਵਰੀ ਨੂੰ ਸਰਕਾਰੀ ਵਿਭਾਗਾਂ ਤੋਂ ਇਲਾਵਾ ਸਿੱਖਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਪ੍ਰਾਈਵੇਟ ਕੰਪਲੈਕਸਾਂ 'ਚ ਵੀ ਚੋਣ ਦੇ ਦਿਨ ਪੇਡ ਛੁੱਟੀ ਰਹੇਗੀ। ਇਸ ਤੋਂ ਇਲਾਵਾ ਜੋ ਲੋਕ ਲੁਧਿਆਣਾ ਤੋਂ ਬਾਹਰ ਕੰਮ ਕਰਦੇ ਹਨ, ਉਨ੍ਹਾਂ ਨੂੰ ਵੋਟਿੰਗ ਲਈ ਉੱਥੋਂ ਵੀ ਛੁੱਟੀ ਮਿਲੇਗੀ।
ਚੋਣ ਡਿਊਟੀ ਨਾਲ ਸਬੰਧਤ ਮੁਲਾਜ਼ਮ ਨੂੰ ਨਹੀਂ ਮਿਲੇਗੀ ਸਟੇਸ਼ਨ ਛੱਡਣ ਦੀ ਇਜਾਜ਼ਤ, ਫੋਨ ਸਵਿੱਚ ਆਫ ਕਰਨ 'ਤੇ ਵੀ ਪਾਬੰਦੀ
ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਬੁਲਾਈ ਮੀਟਿੰਗ ਵਿਚ ਡੀ. ਸੀ. ਪ੍ਰਦੀਪ ਅਗਰਵਾਲ ਅਤੇ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਸਾਫ ਕਹਿ ਦਿੱਤਾ ਕਿ ਚੋਣ ਡਿਊਟੀ ਨਾਲ ਸਬੰਧਤ ਸਾਰੇ ਮੁਲਾਜ਼ਮਾਂ ਨੂੰ ਸਟੇਸ਼ਨ ਛੱਡਣ ਦੀ ਇਜਾਜ਼ਤ ਨਹੀਂ ਮਿਲੇਗੀ, ਸਗੋਂ ਉਨ੍ਹਾਂ ਨੂੰ ਆਪਣੀ ਡਿਊਟੀ 'ਤੇ ਮੌਜੂਦ ਰਹਿਣ ਦੀ ਰਿਪੋਰਟਿੰਗ ਕਰਨੀ ਹੋਵੇਗੀ। ਇਸ ਦੇ ਲਈ ਉਨ੍ਹਾਂ ਮੁਲਾਜ਼ਮਾਂ ਦੇ ਫੋਨ ਸਵਿੱਚ ਆਫ ਕਰਨ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ।
ਵਟਸਐਪ ਗਰੁੱਪ ਰਾਹੀਂ ਹੋਵੇਗਾ ਤਾਲਮੇਲ
ਡੀ. ਸੀ. ਅਤੇ ਪੁਲਸ ਕਮਿਸ਼ਨਰ ਨੇ ਅਫਸਰਾਂ ਨੂੰ ਕਿਹਾ ਕਿ ਉਹ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਨਿਪਟਾਉਣ ਲਈ ਆਪਸ 'ਚ ਤਾਲਮੇਲ ਬਣਾ ਕੇ ਰੱਖਣ, ਜਿਸ ਦੇ ਲਈ ਉਨ੍ਹਾਂ ਨੂੰ ਵਟਸਐਪ ਗਰੁੱਪ ਬਣਾਉਣ ਲਈ ਕਿਹਾ ਗਿਆ ਹੈ, ਜਿਸ ਵਿਚ ਪੁਲਸ-ਪ੍ਰਸ਼ਾਸਨ ਤੋਂ ਇਲਾਵਾ ਚੋਣ ਡਿਊਟੀ ਨਾਲ ਸਬੰਧਤ ਬਾਕੀ ਅਫਸਰਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਨੂੰ ਕੋਈ ਵੀ ਸੂਚਨਾ ਤੁਰੰਤ ਗਰੁੱਪ 'ਚ ਸ਼ੇਅਰ ਕਰਨ ਲਈ ਕਿਹਾ ਗਿਆ ਹੈ।
ਟਰੱਕ ਹੇਠਾਂ ਆਉਣ ਕਾਰਨ ਔਰਤ ਦੀ ਮੌਤ
NEXT STORY