ਚੰਡੀਗੜ੍ਹ (ਸੁਸ਼ੀਲ) : ਬੀਅਰ ਪੀਣ ਗਏ ਦੋ ਗੁਆਂਢੀਆਂ ਵਿਚਕਾਰ ਮਨੀਮਾਜਰਾ ਸਥਿਤ ਮੋਟਰ ਮਾਰਕੀਟ ਵਿਚ ਬਹਿਸ ਹੋ ਗਈ। ਇਸ ਤੋਂ ਬਾਅਦ ਆਟੋ ਚਾਲਕ ਨੇ ਸੂਆ ਕੱਢ ਕੇ ਗੁਆਂਢੀ ਦੀ ਛਾਤੀ ਅਤੇ ਪਿੱਠ ’ਤੇ ਵਾਰ ਕਰ ਦਿੱਤਾ। ਉਹ ਲਹੂ-ਲੂਹਾਨ ਹੋ ਕੇ ਡਿੱਗ ਗਿਆ ਜਦ ਕਿ ਹਮਲਾ ਕਰਨ ਵਾਲਾ ਫਰਾਰ ਹੋ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੂੰ ਸੈਕਟਰ-16 ਜਨਰਲ ਹਸਪਤਾਲ ਵਿਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਇੰਦਰਾ ਕਾਲੋਨੀ ਨਿਵਾਸੀ ਲਖਬੀਰ ਸਿੰਘ ਉਰਫ ਲੱਖੇ ਵਜੋਂ ਹੋਈ ਹੈ। ਮਨੀਮਾਜਰਾ ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਆਟੋ ਚਾਲਕ ਸੰਨੀ ਸਮੇਤ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।
ਇੰਦਰਾ ਕਾਲੋਨੀ ਨਿਵਾਸੀ ਲਖਬੀਰ ਸਿੰਘ ਐਤਵਾਰ ਰਾਤ ਆਟੋ ਚਾਲਕ ਗੁਆਂਢੀ ਸੰਨੀ ਨਾਲ ਬੀਅਰ ਪੀਣ ਮੋਟਰ ਮਾਰਕੀਟ ਗਿਆ ਸੀ। ਬੀਅਰ ਪੀਣ ਤੋਂ ਬਾਅਦ ਸੰਨੀ ਅਤੇ ਲਖਬੀਰ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਆਟੋ ਚਾਲਕ ਸੰਨੀ ਮੋਟਰ ਮਾਰਕੀਟ ਦੇ ਬੂਥ ਨੰ. 128 ਕੋਲ ਲਖਬੀਰ ਦੀ ਛਾਤੀ ਅਤੇ ਪਿੱਠ ’ਤੇ ਬਰਫ ਤੋੜਨ ਵਾਲੇ ਸੂਏ ਨਾਲ ਵਾਰ ਕਰ ਕੇ ਫਰਾਰ ਹੋ ਗਿਆ। ਕਰੀਬ ਚਾਰ ਵਜੇ ਕਤਲ ਦੀ ਸੂਚਨਾ ਪੁਲਸ ਨੂੰ ਮਿਲੀ। ਮਨੀਮਾਜਰਾ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਹੂ-ਲੂਹਾਨ ਹਾਲਤ ਵਿਚ ਲਖਬੀਰ ਨੂੰ ਹਸਪਤਾਲ ਲੈ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਲਖਬੀਰ ਸਿੰਘ ਫਾਇਨਾਂਸ ਦਾ ਕੰਮ ਕਰਦਾ ਸੀ। ਉਸਦੀ ਪਤਨੀ ਅੱਠ ਮਹੀਨੇ ਦੀ ਗਰਭਵਤੀ ਹੈ।
ਕਤਲ ਤੋਂ ਬਾਅਦ ਮਨੀਮਾਜਰਾ ਥਾਣਾ ਪੁਲਸ ਨੇ ਘਟਨਾ ਸਥਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ। ਕੈਮਰਿਆਂ ਵਿਚ ਮਨੀਮਾਜਰਾ ਪੋਸਟ ਦਫ਼ਤਰ ਕੋਲ ਕਰੀਬ 2:51 ਤੋਂ ਲੈ ਕੇ ਤਿੰਨ ਵਜੇ ਸੰਨੀ ਅਤੇ ਲਖਬੀਰ ਖੜ੍ਹੇ ਵਿਖਾਈ ਦਿੱਤੇ। ਇਸ ਤੋਂ ਬਾਅਦ ਦੋਵੇਂ ਜਾਂਦੇ ਹੋਏ ਪਾਏ ਗਏ। ਕਰੀਬ ਸਾਢੇ ਤਿੰਨ ਵਜੇ ਸੰਨੀ ਦੋ ਸਾਥੀਆਂ ਨਾਲ ਭੱਜਦੇ ਹੋਏ ਵਿਖਾਈ ਦਿੱਤਾ। ਮਨੀਮਾਜਰਾ ਥਾਣਾ ਪੁਲਸ ਕਤਲ ਦਾ ਮਾਮਲਾ ਦਰਜ ਕਰ ਕੇ ਸੰਨੀ ਸਮੇਤ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕਰ ਰਹੀ ਹੈ। ਪੁਲਸ ਲਖਬੀਰ ਦੇ ਕਤਲ ਦਾ ਕਾਰਣ ਜਾਣਨ ਵਿਚ ਲੱਗੀ ਹੈ।
ਗਦਈਪੁਰ ਨਹਿਰ 'ਚ ਨਹਾਉਣ ਉਤਰੇ 11 ਸਾਲ ਦੇ ਬੱਚੇ ਦੀ ਡੁੱਬਣ ਨਾਲ ਮੌਤ, 1 ਦਿਨ ਪਹਿਲਾਂ ਹੋਇਆ ਸੀ ਲਾਪਤਾ
NEXT STORY