ਫਤਿਆਬਾਦ(ਹਰਜਿੰਦਰ ਰਾਏ)-ਕਸਬਾ ਫਤਿਆਬਾਦ ਸਥਿਤ ਇਕ ਡੇਰੇ ਵਿਚ ਪਿਛਲੇ 10-12 ਸਾਲਾਂ ਤੋਂ ਡਰਾਈਵਰੀ ਕਰਦੇ ਸੁਖਵਿੰਦਰ ਸਿੰਘ ਉਰਫ ਲੱਲੀ ਪੁੱਤਰ ਅਰਜਨ ਸਿੰਘ ਵਾਸੀ ਗਲੀ ਸ਼ਰਾਬ ਵਾਲੀ ਡੇਰੇ ਦੇ ਗੁਆਂਢ 'ਚ ਰਹਿੰਦੀ ਤਲਾਕ-ਸ਼ੁਦਾ ਔਰਤ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਕੇ ਉਸ ਦਾ ਸ਼ੋਸ਼ਣ ਕਰਦਾ ਰਿਹਾ ਅਤੇ ਜਦੋਂ ਲੜਕੀ ਨੇ ਸੁਖਵਿੰਦਰ ਵੱਲੋਂ ਕੀਤੇ ਵਾਅਦੇ ਅਨੁਸਾਰ ਵਿਆਹ ਕਰਾਉਣ ਲਈ ਮਜਬੂਰ ਕੀਤਾ ਤਾਂ ਉਹ ਲੜਕੀ ਨੂੰ ਵਰਗਲਾ ਕੇ ਹਿਮਾਚਲ ਪ੍ਰਦੇਸ਼ ਦੇ ਕਿਸੇ ਪਿੰਡ ਵਿਚ ਲੈ ਗਿਆ ਅਤੇ ਲੜਕੀ ਦਾ ਵਹਿਸ਼ੀਆਣਾ ਢੰਗ ਨਾਲ ਕਤਲ ਕਰ ਦਿੱਤਾ। ਲੜਕੀ ਦੇ ਪਰਿਵਾਰਕ ਮੈਂਬਰਾਂ ਜਿਨ੍ਹਾਂ ਵਿਚ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰ, ਸਰਕਲ ਪ੍ਰਧਾਨ ਬਿੰਦਰ ਘਾਰੂ, ਲੜਕੀ ਦੇ ਪਿਤਾ ਬਲਵਿੰਦਰ ਸਿੰਘ, ਮਾਤਾ ਚਰਨ ਕੌਰ, ਭਰਾ ਗੁਰਜੰਟ ਸਿੰਘ, ਕੁਲਦੀਪ ਸਿੰਘ ਸੋਨੂੰ ਪ੍ਰਧਾਨ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਲੱਲੀ 24 ਅਗਸਤ ਨੂੰ ਉਨ੍ਹਾਂ ਦੀ ਲੜਕੀ ਬਲਜੀਤ ਕੌਰ ਨੂੰ ਵਰਗਲਾ ਕੇ ਹਿਮਾਚਲ ਪ੍ਰਦੇਸ਼ ਮਾਰਨ ਦੀ ਨੀਅਤ ਨਾਲ ਲੈ ਗਿਆ ਕਿਉਂਕਿ ਲੜਕੀ ਉਸ 'ਤੇ ਵਿਆਹ ਕਰਵਾਉਣ ਲਈ ਦਬਾਅ ਪਾ ਰਹੀ ਸੀ। ਇਸ ਕਤਲ ਦੇ ਮਾਮਲੇ ਵਿਚ ਹਿਮਾਚਲ ਦੀ ਥਾਣਾ ਡੇਹਰਾ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਕੇਸ ਦੀ ਪੜਤਾਲ ਕਰ ਕੇ ਦੋਸ਼ੀ ਸੁਖਵਿੰਦਰ ਦੇ ਘਰ ਤੱਕ ਪਹੁੰਚ ਕੀਤੀ ਤੇ ਸਾਰੀ ਗੱਲ ਡੇਰਾ ਮੁਖੀ ਨੂੰ ਵੀ ਦੱਸੀ। ਡੇਰਾ ਮੁਖੀ ਨੂੰ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਹਿਮਾਚਲ ਦੀ ਪੁਲਸ ਤੋਂ ਪਤਾ ਲੱਗਣ 'ਤੇ ਉਸ ਨੇ ਅਤੇ ਉਸ ਦੇ ਹੋਰ ਸੇਵਾਦਾਰਾਂ ਨੇ ਸੁਖਵਿੰਦਰ ਨੂੰ ਫੋਨ 'ਤੇ ਬੁਲਾ ਕੇ ਪੁਲਸ ਹਵਾਲੇ ਕਰ ਦਿੱਤਾ। ਇਸ ਬਾਰੇ ਹਿਮਾਚਲ ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲੈ ਕੇ ਉਸ ਦੇ ਹੋਰ ਸਾਥੀਆਂ ਦਾ ਵੀ ਪਤਾ ਕੀਤਾ ਜਾਵੇਗਾ। ਪਰਿਵਾਰ ਨੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਸ ਕਤਲ ਵਿਚ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
ਟੈਲੀਫੋਨ 'ਤੇ ਮਾਰੀ 10 ਲੱਖ ਦੀ ਠੱਗੀ
NEXT STORY