ਹਠੂਰ(ਭੱਟੀ)-ਬੀਤੇ ਮਹੀਨੇ ਦੀ 30 ਤਰੀਕ ਨੂੰ ਲਾਪਤਾ ਹੋਏ ਅਤੇ ਕਰੀਬ 10 ਦਿਨ ਪਹਿਲਾਂ ਅਧੂਰੇ ਲਾਸ਼ ਦੇ ਟੁੱਕੜਿਆਂ 'ਚ ਮਿਲੇ ਪਿੰਡ ਦੇਹੜਕਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ (22) ਦੇ ਕਤਲ ਦਾ ਮਾਮਲਾ ਜ਼ਿਲਾ ਪੁਲਸ ਲਈ ਸਿਰਦਰਦੀ ਬਣਿਆ ਹੋਇਆ ਹੈ, ਕਿਉਂਕਿ ਪੀੜਤ ਪਰਿਵਾਰਕ ਮੈਂਬਰਾਂ ਨੇ ਗੁਰਪ੍ਰੀਤ ਦਾ ਅੰਤਿਮ ਸੰਸਕਾਰ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਗੁਰਪ੍ਰੀਤ ਦੀ ਲਾਸ਼ ਦੇ ਟੁਕੜਿਆਂ ਨੂੰ ਸੰਦੂਕ 'ਚ ਰੱਖ ਕੇ ਜਿੰਦਰਾ ਮਾਰੀ ਬੈਠੀ ਦਾਦੀ ਗੁਰਦਿਆਲ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਅੱਜ ਦੂਸਰੇ ਦਿਨ ਅੰਤਿਮ ਸੰਸਕਾਰ ਕਰਵਾਉਣ ਲਈ ਪਹੁੰਚੇ ਪੁਲਸ ਅਫਸਰਾਂ ਨੂੰ ਕਿਹਾ ਕਿ ਜਦ ਤਕ ਗੁਰਪ੍ਰੀਤ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਤਦ ਤਕ ਉਹ ਅਧੂਰੇ ਅੰਗਾਂ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੁਲਸ ਸੰਸਕਾਰ ਕਰਵਾਉਣ 'ਤੇ ਜ਼ੋਰ ਦੇਣ ਦੀ ਬਜਾਇ ਕਾਤਲਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰੇ ਅਤੇ ਪਰਿਵਾਰ 'ਤੇ ਦਬਾਅ ਨਾ ਬਣਾਇਆ ਜਾਵੇ। ਮ੍ਰਿਤਕ ਦੇ ਦਾਦਾ ਗੁਰਮੁੱਖ ਸਿੰਘ ਅਤੇ ਦਾਦੀ ਗੁਰਦਿਆਲ ਕੌਰ ਨੇ ਧਾਹਾਂ ਮਾਰਦਿਆਂ ਕਿਹਾ ਕਿ ਸਾਰੇ ਕਾਤਲਾਂ ਸਮੇਤ ਕੁੜੀ ਅਤੇ ਉਨ੍ਹਾਂ ਦਾ ਇਕ ਰਿਸ਼ਤੇਦਾਰ, ਜੋ ਕੇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ, ਨੂੰ ਗ੍ਰਿਫਤਾਰ ਕਰਕੇ ਇਨਸਾਫ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਹੀ ਐੱਸ. ਪੀ. (ਡੀ) ਰੁਪਿੰਦਰ ਕੇ ਭਾਰਦਵਾਜ, ਡੀ. ਐੱਸ. ਪੀ. ਸਰਬਜੀਤ ਸਿੰਘ, ਡੀ. ਐੱਸ. ਪੀ. ਕੰਵਰਪਾਲ ਸਿੰਘ ਅਤੇ ਥਾਣਾ ਹਠੂਰ ਦੇ ਐੱਸ. ਐੱਚ. ਓ. ਰਾਜੇਸ਼ ਸ਼ਰਮਾ ਪੁਲਸ ਪਾਰਟੀ ਸਮੇਤ ਪੀੜਤ ਪਰਿਵਾਰ ਦੇ ਘਰ ਪਹੁੰਚੇ ਹੋਏ ਸਨ ਅਤੇ ਪਰਿਵਾਰ ਨੂੰ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਕਰ ਰਹੇ ਸਨ। ਪੀੜਤ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਐੱਸ. ਪੀ. (ਡੀ) ਰੁਪਿੰਦਰ ਕੇ. ਭਾਰਦਵਾਜ ਨੇ ਕਿਹਾ ਕਿ ਉਹ ਹਫਤੇ ਦੇ ਅੰਦਰ-ਅੰਦਰ ਸਾਰੇ ਕਾਤਲਾਂ ਨੂੰ ਗ੍ਰਿਫਤਾਰ ਕਰ ਲੈਣਗੇ। ਇਸੇ ਮੌਕੇ ਹਲਕਾ ਵਿਧਾਇਕਾ ਸਰਬਜੀਤ ਕੌਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੀ ਪੀੜਤ ਪਰਿਵਾਰ ਦੇ ਘਰ ਪੁੱਜੇ ਅਤੇ ਵਿਧਾਇਕ ਬੈਂਸ ਨੇ ਸਾਰੀ ਗੱਲ ਧਿਆਨ ਨਾਲ ਸੁਣ ਕੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 5 ਦੇ ਇੰਚਾਰਜ ਜਤਿੰਦਰ ਸਿੰਘ ਨਾਲ ਫੋਨ 'ਤੇ ਇਸ ਕੇਸ ਸਬੰਧੀ ਜਾਣਕਾਰੀ ਲਈ ਅਤੇ ਮੌਕੇ 'ਤੇ ਹਾਜ਼ਰ ਪੁਲਸ ਅਧਿਕਾਰੀ ਐੱਸ. ਪੀ. (ਡੀ) ਰੁਪਿੰਦਰ ਕੇ. ਭਾਰਦਵਾਜ ਅਤੇ ਐੱਸ. ਐੱਸ. ਪੀ. ਸੁਰਜੀਤ ਸਿੰਘ ਨੂੰ ਫੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਪੁੱਤਰ ਦੀ ਅਧੂਰੀ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਦਬਾਅ ਨਾ ਬਣਾਇਆ ਜਾਵੇ, ਸਗੋਂ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪੁਲਸ ਦੀ ਕਾਰਗੁਜ਼ਾਰੀ ਢਿੱਲੀ ਨਜ਼ਰ ਆਈ ਤਾਂ ਉਹ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਡੀ. ਜੀ. ਪੀ. ਚੰਡੀਗੜ੍ਹ ਦੇ ਦਫਤਰ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਗੇ।ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਐੱਸ. ਐੱਸ. ਪੀ. ਨੂੰ ਮਿਲਾਂਗੇ : ਐੱਸ. ਆਰ. ਕਲੇਰ : ਗੱਲਬਾਤ ਕਰਦਿਆਂ ਅਕਾਲੀ ਨੇਤਾ ਅਤੇ ਸਾਬਕਾ ਵਿਧਾਇਕ ਐੱਸ. ਆਰ. ਕਲੇਰ ਨੇ ਕਿਹਾ ਕਿ ਉਹ ਪਹਿਲਾਂ ਮ੍ਰਿਤਕ ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਪੁਲਸ ਕਮਿਸ਼ਨਰ ਲੁਧਿਆਣਾ ਆਰ. ਕੇ. ਢੋਕੇ ਨੂੰ ਮਿਲੇ ਸਨ, ਜਿਸ 'ਤੇ ਪਰਿਵਾਰ ਦੀ ਮੰਗ ਅਨੁਸਾਰ ਕੇਸ ਦੀ ਫਾਈਲ ਥਾਣਾ ਹਠੂਰ ਵਿਖੇ ਆ ਗਈ ਹੈ ਅਤੇ ਹੁਣ ਉਹ ਮਾਮਲੇ ਦੀ ਜਾਂਚ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਐੱਸ. ਐੱਸ. ਪੀ. ਲੁਧਿਆਣਾ (ਦਿਹਾਤੀ) ਨੂੰ ਮਿਲਣਗੇ। ਇਨਸਾਫ ਲਈ ਪੀੜਤ ਪਰਿਵਾਰ ਦੇ ਨਾਲ ਖੜ੍ਹਾਂਗੇ : ਮਲਕੀਤ ਸਿੰਘ ਦਾਖਾ : ਕਾਂਗਰਸ ਨੇਤਾ ਅਤੇ ਸਾਬਕਾ ਰਾਜ ਮੰਤਰੀ ਮਲਕੀਤ ਸਿੰਘ ਦਾਖਾ ਨੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਉਹ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪਰਿਵਾਰ ਦੇ ਨਾਲ ਖੜ੍ਹਨਗੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਕਾਤਲਾਂ ਦੀ ਭਾਲ ਲਈ ਭੇਜੀਆਂ ਪੁਲਸ ਦੀਆਂ 6 ਟੀਮਾਂ : ਐੱਸ. ਐੱਸ. ਪੀ. : ਜਦ ਇਸ ਸੰਬੰਧੀ ਐੱਸ. ਐੱਸ. ਪੀ. ਲੁਧਿਆਣਾ (ਦਿਹਾਤੀ) ਆਈ. ਪੀ. ਐੱਸ. ਸੁਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਗੁਰਪ੍ਰੀਤ ਦੇ ਕਾਤਲਾਂ ਨੂੰ ਭਾਲ ਲਈ ਪੁਲਸ ਦੀ ਇਕ ਟੀਮ ਲੁਧਿਆਣਾ ਅਤੇ 5 ਟੀਮਾਂ ਜਲੰਧਰ ਭੇਜ ਦਿੱਤੀਆਂ ਗਈਆਂ ਹਨ ਅਤੇ ਕੇਸ ਨਾਲ ਸਬੰਧਤ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਕ ਦੋ ਦਿਨਾਂ 'ਚ ਹੀ ਸਾਰੇ ਦੋਸ਼ੀਆਂ ਨੂੰ ਕਾਬੂ ਕਰਕੇ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਪੁਲਸ ਨੂੰ ਵਾਪਸ ਬੁਲਾ ਲਿਆ ਗਿਆ ਹੈ।
ਰਈਆ 'ਚ ਦਿਨ-ਦਿਹਾੜੇ ਕਰਿਆਨੇ ਦੀ ਦੁਕਾਨ ਤੋਂ ਕੈਸ਼ ਲੁੱਟਿਆ
NEXT STORY