ਲੁਧਿਆਣਾ(ਮਹੇਸ਼)-ਜਲੰਧਰ ਬਾਈਪਾਸ ਚੁੰਗੀ, ਮੈਟਰੋ ਨੇੜੇ ਬੀਤੇ ਦਿਨੀਂ ਮਿਲੀ ਇਕ ਲੜਕੇ ਦੀ ਲਾਸ਼ ਦੇ ਕੇਸ ਦੀ ਗੁੱਥੀ ਸਲੇਮ ਟਾਬਰੀ ਪੁਲਸ ਨੇ ਸੁਲਝਾ ਲਈ ਹੈ। ਉਸ ਲ਼ੜਕੇ ਦਾ ਕਤਲ ਹੋਇਆ ਸੀ। ਕਤਲ ਦਾ ਕਾਰਨ ਲੜਕੇ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਦੀ ਭਿਣਕ ਉਸ ਦੇ ਪਤੀ ਨੂੰ ਲੱਗ ਗਈ ਸੀ। ਪੁਲਸ ਨੇ ਇਸ ਸਬੰਧ ਵਿਚ ਇਕ ਲੜਕੇ ਨੂੰ ਵੀ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਸਮੇਂ ਧਾਰਾ 174 ਤਹਿਤ ਕੀਤੀ ਗਈ ਕਾਰਵਾਈ ਨੂੰ ਹੱਤਿਆ ਦੇ ਕੇਸ ਵਿਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜਿਸ ਲੜਕੇ ਦਾ ਕਤਲ ਹੋਇਆ ਸੀ, ਉਹ ਜੱਸੀਆਂ ਰੋਡ ਦੀ ਮਨੋਜ ਕਾਲੋਨੀ ਦਾ ਰਹਿਣ ਵਾਲਾ ਪੁਸ਼ਪਿੰਦਰ ਸੀ। ਜਿਸ ਦੇ ਮੈਟਰੋ ਇਲਾਕੇ ਨੇੜੇ ਰਹਿਣ ਵਾਲੀ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਅਕਸਰ ਉਸ ਨੂੰ ਘੁਮਾਉਂਦਾ ਵੀ ਰਹਿੰਦਾ ਸੀ। ਔਰਤ ਦੇ ਪਤੀ ਨੂੰ ਇਸ ਦੀ ਭਿਣਕ ਲੱਗ ਗਈ ਸੀ। ਉਸ ਨੇ ਕਈ ਵਾਰ ਉਸ ਨੂੰ ਸਮਝਾਇਆ ਵੀ ਸੀ ਪਰ ਉਹ ਨਹੀਂ ਮੰਨਿਆ। ਇੰਨਾ ਹੀ ਨਹੀਂ ਕੁੱਝ ਦਿਨ ਪਹਿਲਾਂ ਔਰਤ ਨੂੰ ਆਪਣੇ ਪੇਕੇ ਤੋਂ ਹਿੱਸੇ ਵਿਚ ਕਾਫੀ ਪੈਸਾ ਮਿਲਿਆ ਸੀ, ਜੋ ਉਸ ਨੇ ਆਪਣੇ ਪਤੀ ਨੂੰ ਦੇਣ ਦੀ ਬਜਾਏ ਉਸ ਨੂੰ ਦੇ ਦਿੱਤਾ ਸੀ। ਇਸ ਗੱਲ 'ਤੇ ਔਰਤ ਦਾ ਪਤੀ ਆਪਾ ਖੋਹ ਬੈਠਾ ਅਤੇ ਉਸ ਨੇ ਪੁਸ਼ਪਿੰਦਰ ਨੂੰ ਸਬਕ ਸਿਖਾਉਣ ਦੀ ਠਾਣ ਲਈ। 19 ਜੂਨ ਨੂੰ ਉਸ ਨੇ ਬੜੇ ਹੀ ਸੋਚੇ ਸਮਝੇ ਤਰੀਕੇ ਨਾਲ ਪੁਸ਼ਪਿੰਦਰ ਨੂੰ ਆਪਣੇ ਕੋਲ ਬੁਲਾਇਆ ਅਤੇ ਫਿਰ ਆਪਣੇ ਭਤੀਜੇ ਤੇ ਉਸ ਦੇ ਇਕ ਸਾਥੀ ਨਾਲ ਮਿਲ ਕੇ ਉਸ ਦੀ ਚੰਗੀ ਤਰ੍ਹਾਂ ਪਿਟਾਈ ਕੀਤੀ। ਇਸ ਦੌਰਾਨ ਦੋਸ਼ੀਆਂ ਨੇ ਕਿਸੇ ਭਾਰੀ ਚੀਜ਼ ਨਾਲ ਉਸ ਦੇ ਸਿਰ 'ਤੇ ਵਾਰ ਕੀਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਕੇ ਉਥੇ ਹੀ ਢੇਰ ਹੋ ਗਿਆ, ਜਿਸ ਦੇ ਬਾਅਦ ਚਾਚਾ-ਭਤੀਜੇ ਤੇ ਉਨ੍ਹਾਂ ਦਾ ਇਕ ਸਾਥੀ ਨੇ ਉਸ ਨੂੰ ਚੁੱਕ ਕੇ ਮੈਟਰੋ ਨੇੜੇ ਸੜਕ ਕਿਨਾਰੇ ਇਹ ਸੋਚ ਕੇ ਸੁੱਟ ਆਏ ਕਿ ਜਦੋਂ ਉਸ ਨੂੰ ਹੋਸ਼ ਆਵੇਗੀ ਤਾਂ ਉਹ ਖੁਦ-ਬ-ਖੁਦ ਉੱਠ ਕੇ ਆਪਣਾ ਇਲਾਜ ਕਰਵਾ ਲਵੇਗਾ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਔਰਤ ਦਾ ਪਤੀ ਸਫਾਈ ਕਰਮਚਾਰੀ ਹੈ।
20 ਜੂਨ ਦੀ ਸ਼ਾਮ ਨੂੰ ਮਿਲੀ ਸੀ ਲਾਸ਼
ਪੁਲਸ ਨੂੰ 20 ਜੂਨ ਦੀ ਸ਼ਾਮ ਨੂੰ ਮੈਟਰੋ ਨੇੜੇ ਬਾਜ਼ੀਗਰ ਬਸਤੀ ਨੂੰ ਜਾਣ ਵਾਲੀ ਸੜਕ ਕਿਨਾਰੇ ਸ਼ਾਮ 6 ਵਜੇ ਲਾਵਾਰਿਸ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਲੜਕੇ ਦੇ ਮੂੰਹ ਅਤੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਸਨ। ਸ਼ਨਾਖਤ ਨਾ ਹੋਣ 'ਤੇ ਪੁਲਸ ਨੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿਚ ਸੁਰੱਖਿਅਤ ਰੱਖ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਨੂੰ ਲਾਵਾਰਿਸ ਐਲਾਨ ਕੇ ਸਰਕਾਰੀ ਖਰਚੇ 'ਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ।
ਸਿਰ 'ਚ ਡੂੰਘੀ ਸੱਟ ਲੱਗਣ ਨਾਲ ਹੋਈ ਸੀ ਮੌਤ
ਪੁਲਸ ਨੇ ਦੱਸਿਆ ਕਿ ਪਹਿਲਾਂ ਤਾਂ ਪੁਲਸ ਇਸ ਮਾਮਲੇ ਨੂੰ ਸਿਰਫ ਹਾਦਸਾ ਮੰਨ ਰਹੀ ਸੀ ਪਰ ਪੋਸਟਮਾਰਟਮ ਰਿਪੋਰਟ ਵਿਚ ਸਾਫ ਹੋ ਗਿਆ ਕਿ ਲੜਕੇ ਦੇ ਸਿਰ ਵਿਚ ਕਿਸੇ ਭਾਰੀ ਚੀਜ਼ ਦੇ ਹਮਲੇ ਨਾਲ ਡੂੰਘੀ ਸੱਟ ਵੱਜਣ ਕਾਰਨ ਉਸ ਦੀ ਮੌਤ ਹੋਈ ਹੈ। ਜਿਸ ਦੇ ਬਾਅਦ ਪੁਲਸ ਨੇ ਆਪਣੀ ਜਾਂਚ ਦੀ ਦਿਸ਼ਾ ਬਦਲ ਦਿੱਤੀ ਸੀ।
ਮਾਂ ਨੇ ਫੋਟੋ ਦੇਖ ਕੇ ਕੀਤੀ ਸ਼ਨਾਖਤ
ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਰੀਟਾ ਬੁੱਧਵਾਰ ਨੂੰ ਆਪਣੇ ਬੇਟੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਣ ਲਈ ਥਾਣੇ ਆਈ ਸੀ। ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਸ ਦਾ ਬੇਟਾ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ। ਜੋ ਹੁਲੀਆ ਉਸ ਨੇ ਆਪਣੇ ਬੇਟੇ ਦਾ ਦੱਸਿਆ ਉਹ ਹੂ-ਬ-ਹੂ ਮੈਟਰੋ ਨੇੜੇ ਮਿਲੀ ਲਾਸ਼ ਨਾਲ ਮੇਲ ਖਾਂਦਾ ਸੀ। ਉਦੋਂ ਉਸ ਨੂੰ ਉਸ ਸਮੇਂ ਮੌਕੇ 'ਤੇ ਖਿੱਚੀਆਂ ਗਈਆਂ ਤਸਵੀਰਾਂ ਦਿਖਾਈਆਂ ਗਈਆਂ ਤਾਂ ਉਸ ਨੇ ਮ੍ਰਿਤਕ ਦੀ ਪਛਾਣ ਆਪਣੇ ਬੇਟੇ ਪੁਸ਼ਪਿੰਦਰ ਦੇ ਰੂਪ ਵਿਚ ਕੀਤੀ। ਰੀਟਾ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਚੰਡੀਗੜ੍ਹ ਗਈ ਸੀ, ਜਿਉਂ ਹੀ ਉਥੋਂ ਪਰਤੀ ਸਿੱਧੀ ਰਿਪੋਰਟ ਲਿਖਵਾਉਣ ਲਈ ਥਾਣੇ ਆ ਗਈ। ਉਸ ਦਾ ਬੇਟਾ 19 ਜੂਨ ਨੂੰ ਘਰੋਂ ਨਿਕਲਿਆ ਸੀ। ਉਸ ਤੋਂ ਬਾਅਦ ਵਾਪਸ ਨਹੀਂ ਆਇਆ ਸੀ। ਉਸ ਨੇ ਦੱਸਿਆ ਕਿ ਪੁਸ਼ਪਿੰਦਰ ਆਟਾ ਚੱਕੀ 'ਤੇ ਕੰਮ ਕਰਦਾ ਸੀ। ਉਹ ਸ਼ਾਦੀਸ਼ੁਦਾ ਸੀ ਅਤੇ ਉਸ ਦੀ ਢਾਈ ਸਾਲ ਦੀ ਇਕ ਬੇਟੀ ਵੀ ਹੈ। ਬਲਜੀਤ ਨੇ ਦੱਸਿਆ ਕਿ ਪਹਿਲਾਂ ਧਾਰਾ 174 ਤਹਿਤ ਕੀਤੀ ਗਈ ਕਾਰਵਾਈ ਨੂੰ ਕਤਲ ਦੇ ਕੇਸ ਵਿਚ ਬਦਲੀ ਕੀਤਾ ਜਾ ਰਿਹਾ ਹੈ। ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ 'ਤੇ ਰਾਜੇਸ਼ ਕੁਮਾਰ, ਉਸ ਦੇ ਭਤੀਜੇ ਦੀਪਕ ਕੁਮਾਰ ਤੇ ਦੀਪਕ ਦੇ ਸਾਥੀ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਮਲੇ ਦੇ ਮੁੱਖ ਦੋਸ਼ੀ ਰਾਜੇਸ਼ ਦੀ ਪਤਨੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਹ ਕਸੂਰਵਾਰ ਪਾਈ ਗਈ ਤਾਂ ਉਸ ਖਿਲਾਫ ਵੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਤਰ੍ਹਾਂ ਖੁੱਲ੍ਹੀ ਕਤਲ ਦੀ ਗੁੱਥੀ
ਸੂਤਰਾਂ ਨੇ ਦੱਸਿਆ ਕਿ ਇਸ ਕਤਲ ਦੀ ਗੁੱਥੀ ਬੜੇ ਹੀ ਨਾਟਕੀ ਤਰੀਕੇ ਨਾਲ ਖੁੱਲ੍ਹੀ ਹੈ। ਮੈਟਰੋ ਨੇੜੇ ਰਹਿਣ ਵਾਲਾ ਇਕ ਵਿਅਕਤੀ ਥਾਣਾ ਸਲੇਮ ਟਾਬਰੀ ਵਿਚ ਤਾਇਨਾਤ ਆਪਣੇ ਇਕ ਨਜ਼ਦੀਕੀ ਏ. ਐੱਸ. ਆਈ. ਕੋਲੋਂ ਇਹ ਪਤਾ ਕਰਨ ਲਈ ਆਇਆ ਕਿ ਉਸ ਦੇ ਇਕ ਜਾਣਕਾਰ ਨੇ ਕੁੱਝ ਦਿਨ ਪਹਿਲਾਂ ਇਕ ਲੜਕੇ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਕੇ ਮੈਟਰੋ ਨੇੜੇ ਸੁੱਟ ਦਿੱਤਾ। ਉਸ ਲੜਕੇ ਬਾਬਤ ਪੁਲਸ ਕੋਲ ਕੋਈ ਜਾਣਕਾਰੀ ਹੈ ਕਿ ਉਹ ਕਿੱਥੇ ਹੈ। ਜੇਕਰ ਹੈ ਤਾਂ ਕਿੱਥੇ ਹੈ ਅਤੇ ਕਿਹੜੇ ਹਸਪਤਾਲ ਵਿਚ ਹੈ। ਉਸ ਦਾ ਕਿਤੇ ਕੁੱਝ ਪਤਾ ਨਹੀਂ ਲੱਗ ਰਿਹਾ। ਇਸ 'ਤੇ ਏ. ਐੱਸ. ਆਈ. ਨੇ ਚਲਾਕੀ ਵਰਤੀ। ਉਸ ਨੇ ਉਸ ਜਾਣਕਾਰ ਨੂੰ ਆਪਣੇ ਨਾਲ ਲੈ ਕੇ ਆਉਣ ਲਈ ਕਿਹਾ। ਇਸ ਦੌਰਾਨ ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਦੋਸ਼ੀ ਨੂੰ ਕਾਬੂ ਕਰ ਲਿਆ, ਜਿਸ ਤੋਂ ਬਾਅਦ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਗਈ।
ਨਸ਼ੇ ਵਾਲੀਅਾਂ ਗੋਲੀਆਂ ਸਣੇ 4 ਕਾਬੂ
NEXT STORY