ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ) – ਸਿਹਤ ਵਿਭਾਗ ਤੇ ਸਥਾਨਕ ਪ੍ਰਸ਼ਾਸਨ ਦੀਆਂ ਅੱਖਾਂ ਓਹਲੇ ਮਤੋਈ ਰੋਡ 'ਤੇ ਇਕ ਕਿਰਾਏ ਦੀ ਇਮਾਰਤ 'ਚ ਕਥਿਤ ਗੈਰ-ਕਾਨੂੰਨੀ ਢੰਗ ਨਾਲ ਚੱਲਦੇ ਨਸ਼ਾ ਛੁਡਾਊ ਕੇਂਦਰ 'ਚ ਸ਼ੁੱਕਰਵਾਰ ਨੂੰ ਲੁਧਿਆਣਾ ਵਾਸੀ ਰਵੀ (26) ਨਾਮਕ ਨੌਜਵਾਨ ਦੇ ਕਤਲ ਨੇ ਮਾਲੇਰਕੋਟਲਾ ਪੁਲਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ । ਜਾਣਕਾਰੀ ਅਨੁਸਾਰ ਮਾਲੇਰਕੋਟਲਾ ਥਾਣਾ ਸਿਟੀ-2 ਦੀ ਹੱਦ ਅਧੀਨ ਪੈਂਦੇ ਮਤੋਈ ਰੋਡ 'ਤੇ ਬਣੀ ਚੰਡੀਗੜ੍ਹ ਵਾਲਿਆਂ ਦੀ ਕੋਠੀ 'ਚ ਚੱਲ ਰਹੇ ਗੈਰ-ਕਾਨੂੰਨੀ ਢੰਗ ਨਾਲ ਨਸ਼ਾ ਛੁਡਾਊ ਕੇਂਦਰ ਵਿਚ 4 ਵਿਅਕਤੀਆਂ ਨੇ ਆਪਣੇ ਹੀ ਇਕ ਸਾਥੀ ਦਾ ਪਰਨੇ ਨਾਲ ਗਲਾ ਘੁੱਟਣ ਉਪਰੰਤ ਨਹਾਉਣ ਵਾਲੇ ਟੱਬ 'ਚ ਡੁਬੋ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਪਿੱਛੇ ਕਾਰਨ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ। ਸਥਾਨਕ ਪੁਲਸ ਨੇ ਉਕਤ ਚਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਕਤਲ ਦਾ ਕੇਸ ਦਰਜ ਕਰਨ ਉਪਰੰਤ ਅਗਲੀ ਜਾਂਚ ਆਰੰਭ ਕਰ ਦਿੱਤੀ ਹੈ।ਪੁਲਸ ਨੇ ਮੌਕੇ ਤੋਂ ਮਿਲੀਆਂ ਦਵਾਈਆਂ ਤੇ ਹੋਰ ਸਾਜ਼ੋ-ਸਾਮਾਨ ਨੂੰ ਸੀਲ ਕਰ ਕੇ ਕਬਜ਼ੇ ਵਿਚ ਲੈ ਲਿਆ ਹੈ । ਡੀ. ਐੱਸ. ਪੀ. ਯੋਗੀਰਾਜ ਨੇ ਦੱਸਿਆ ਕਿ ਪੁਲਸ ਨੂੰ ਜਾਂਚ ਕਰਨ 'ਤੇ ਪਤਾ ਲੱਗਾ ਹੈ ਕਿ ਉਕਤ ਅਕੈਡਮੀ ਗੈਰ-ਕਾਨੂੰਨੀ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਰਵੀ ਦੇ ਪਿਤਾ ਰਾਜਵੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਮਨਦੀਪ ਸਿੰਘ ਉਰਫ ਮਾਰਸ਼ਲ ਬਰਾੜ ਵਾਸੀ ਫੁਲਾਵਾਂ, ਅਵਤਾਰ ਸਿੰਘ ਉਰਫ ਤਾਰੀ ਵਾਸੀ ਪਿੰਡ ਝੋਰੜਾਂ (ਮੁੱਲਾਂਪੁਰ), ਏਕਦੀਪ ਸਿੰਘ ਉਰਫ ਵਿਨੇ ਵਾਸੀ ਜਨਤਾ ਨਗਰ ਲੁਧਿਆਣਾ ਤੇ ਰਮਨਦੀਪ ਸਿੰਘ ਉਰਫ ਚੱਕਲ ਵਾਸੀ ਸ਼ੇਖੂਪੁਰ ਫਤਿਹਗੜ੍ਹ ਸਾਹਿਬ ਨੂੰ ਗ੍ਰਿਫਤਾਰ ਕਰ ਕੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਆਰ. ਐੱਮ. ਪੀ. ਡਾਕਟਰ ਯੂਨੀਅਨ ਨੇ ਨਸ਼ਾ ਸਮੱਗਲਰਾਂ ਵਿਰੁੱਧ ਕੱਢੀ ਭੜਾਸ
NEXT STORY