ਲੁਧਿਆਣਾ (ਸ਼ਿਵਮ)– ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪਿੰਡ ਕਾਸਾਬਾਦ ’ਚ 29 ਅਕਤੂਬਰ ਨੂੰ ਬੋਰੀ ਵਿਚ ਪਾ ਕੇ ਖੇਤ ’ਚ ਸੁੱਟੀ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪੁਲਸ ਵਲੋਂ ਬਰਾਮਦ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਮ੍ਰਿਤਕ ਵਿਅਕਤੀ ਦੀ ਪਛਾਣ ਕਰਨ ਲਈ ਪੁਲਸ ਵਲੋਂ ਇਲਾਕੇ ’ਚ ਜਾਂਚ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ ਸਲੇਮ ਟਾਬਰੀ ਪੁਲਸ ਨੇ ਮ੍ਰਿਤਕ ਦੀ ਪਛਾਣ ਗਗਨਦੀਪ ਕਾਲੋਨੀ ਕੈਲਾਸ਼ ਨਗਰ ਰੋਡ ਦੇ ਰਹਿਣ ਵਾਲੇ ਸੂਰਜ ਕੁਮਾਰ ਮਨੀਸ਼ (24) ਵਜੋਂ ਕੀਤੀ ਗਈ, ਜਿਸ ਤੋਂ ਕਾਰਨ ਪੁਲਸ ਵਲੋਂ ਮ੍ਰਿਤਕ ਦੇ ਭਰਾ ਅਸ਼ਵਨੀ ਕੁਮਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅਣਪਛਾਤੇ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਬਾਅਦ ਪੁਲਸ ਵਲੋਂ ਮਾਮਲੇ ’ਚ ਨੌਜਵਾਨ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ 48 ਘੰਟੇ ਦੇ ਅੰਦਰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਅੱਜ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਡੀ. ਸੀ. ਪੀ. ਰੁਪਿੰਦਰ ਸਿੰਘ ਅਤੇ ਏ. ਡੀ. ਸੀ. ਪੀ. ਸਮੀਰ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਲੇਮ ਟਾਬਰੀ ਪੁਲਸ ਨੇ 29 ਅਕਤੂਬਰ ਨੂੰ ਪਿੰਡ ਕਾਸਾਬਾਦ ਤੋਂ ਨੂਰਵਾਲਾ ਰੋਡ ’ਤੇ ਖੇਤਾਂ ’ਚ ਇਕ ਬੋਰੀ ਬਰਾਮਦ ਕੀਤੀ ਗਈ, ਜੋ ਖੂਨ ਨਾਲ ਲਥਪਥ ਸੀ। ਜਦ ਪੁਲਸ ਨੇ ਉਕਤ ਬੋਰੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ’ਚ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਜਿਸ ਦੇ ਸਰੀਰ ’ਤੇ ਕਈ ਤੇਜ਼ਧਾਰ ਹਥਿਆਰਾਂ ਦੇ ਜ਼ਖਮ ਸਨ, ਜਿਸ ਤੋਂ ਬਾਅਦ ਥਾਣਾ ਇੰਚਾਰਜ ਹਰਸ਼ਵੀਰ ਸਿੰਘ ਸੰਧੂ ਅਤੇ ਥਾਣੇਦਾਰ ਜਿੰਦਰ ਲਾਲ ਸਿੱਧੂ ਵਲੋਂ ਉਕਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਦਾ ਇਕ ਹੋਰ ਪੰਜਾਬ ਵਿਰੋਧੀ ਫ਼ੈਸਲਾ! Notification ਦੀ ਕਾਪੀ ਦਿਖਾ ਕੈਬਨਿਟ ਮੰਤਰੀ ਨੇ ਆਖ਼'ਤੀਆਂ ਵੱਡੀਆਂ ਗੱਲਾਂ
ਜਾਂਚ ਤੋਂ ਬਾਅਦ ਪੁਲਸ ਵਲੋਂ 48 ਘੰਟਿਆਂ ਅੰਦਰ ਕਾਰਵਾਈ ਕਰਦਿਆਂ 4 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੂਰਜ ਕੁਮਾਰ ਮਨੀਸ਼ ਕੱਪੜੇ ਦੀ ਫੈਕਟਰੀ ਵਿਚ ਚੈਕਿੰਗ ਪੈਕਿੰਗ ਕਰਨ ਦਾ ਕੰਮ ਕਰਦਾ ਸੀ, ਉਥੇ ਉਸ ਦੀ ਇਕ ਮਹਿਲਾ ਨਾਲ ਦੋਸਤੀ ਹੋ ਗਈ ਅਤੇ ਜਿਸ ਤੋਂ ਬਾਅਦ ਦੋਵੇਂ ਵਿਚ ਨਾਜਾਇਜ਼ ਸਬੰਧ ਬਣ ਗਏ। ਡੀ. ਸੀ. ਪੀ. ਰੁਪਿੰਦਰ ਕੌਰ ਨੇ ਦੱਸਿਆ ਕਿ ਜਿਸ ਤੋਂ ਬਾਅਦ ਮਹਿਲਾ ਦੇ ਪਤੀ ਨਿਰੰਜਨ ਯਾਦਵ ਨੂੰ ਉਸ ਦੀ ਪਤਨੀ ਦੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਾ ਅਤੇ ਉਸ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਸੂਰਜ ਕੁਮਾਰ ਮਨੀਸ਼ ਦਾ ਕਤਲ ਕਰਨ ਦੀ ਸਾਜਿਸ਼ ਰਚੀ, ਜਿਸ ਤੋਂ ਬਾਅਦ ਨਿਰੰਜਨ ਯਾਦਵ ਨੇ ਸੂਰਜ ਕੁਮਾਰ ਮਨੀਸ਼ ਨਾਲ ਆਪਣੀ ਦੋਸਤੀ ਕੀਤੀ ਗਈ ਅਤੇ ਉਸ ਦਾ ਕਤਲ ਕਰਨ ਲਈ ਉਸ ਨੇ ਆਪਣੇ ਦੋਸਤਾਂ ਨੂੰ ਨਾਲ ਮਿਲਾਇਆ।
ਉਨ੍ਹਾਂ ਦੱਸਿਆ ਕਿ 27 ਅਕਤੂਬਰ ਦੀ ਰਾਤ ਨੂੰ ਨਿਰੰਜਨ ਯਾਦਵ ਨੇ ਸੂਰਜ ਕੁਮਾਰ ਮਨੀਸ਼ ਨੂੰ ਆਪਣੇ ਘਰ ਬੁਲਾਇਆ ਗਿਆ, ਉਥੇ ਉਸ ਦੇ ਸਾਥੀ ਸੰਜੇ ਕੁਮਾਰ, ਜੈ ਰਾਮ ਅਤੇ ਵਿਸ਼ਨ ਕੁਮਾਰ (ਕਾਲਪਨਿਕ ਨਾਂ) ਨੂੰ ਵੀ ਬੁਲਾਇਆ ਗਿਆ।ਇਸ ਦੌਰਾਨ ਰਾਤ ਸਮੇਂ ਨਿੰਰਜਨ ਯਾਦਵ ਵਲੋਂ ਪਹਿਲਾਂ ਸੂਰਜ ਕੁਮਾਰ ਮਨੀਸ਼ ਨੂੰ ਸ਼ਰਾਬ ਪਿਲਾਈ ਗਈ, ਜਿਸ ਤੋਂ ਬਾਅਦ ਨਿਰੰਜਨ ਯਾਦਵ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਸੂਰਜ ਕੁਮਾਰ ਮਨੀਸ਼ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਤਲ ਤੋਂ ਬਾਅਦ ਮੁਲਜ਼ਮਾਂ ਵਲੋਂ ਸੂਰਜ ਕੁਮਾਰ ਦੀ ਲਾਸ਼ ਨੂੰ ਇਕ ਬੋਰੀ ਵਿਚ ਪਾ ਕੇ ਨੂਰਵਾਲਾ ਰੋਡ ਤੋਂ ਜਾਂਦੇ ਹੋਏ ਪਿੰਡ ਕਾਸਾਬਾਦ ਦੇ ਖੇਤ ’ਚ ਸੁੱਟ ਦਿੱਤਾ।
ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਵਿਚ ਇਕ ਮੁਲਜ਼ਮ ਨਾਬਾਲਿਗ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਮੁਲਜ਼ਮ ਫਰਾਰ ਹੋਣ ਦੀ ਫਿਰਾਕ ’ਚ ਸਨ
ਏ. ਡੀ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਸੂਰਜ ਕੁਮਾਰ ਦੇ ਕਤਲ ਕਰਨ ਤੋਂ ਬਾਅਦ ਚਾਰੇ ਮੁਲਜ਼ਮ ਲੁਧਿਆਣਾ ਛੱਡ ਕੇ ਭੱਜਣ ਦੀ ਫਿਰਾਕ ਵਿਚ ਸਨ, ਜਿਸ ਕਾਰਨ ਚਾਰੇ ਮੁਲਜ਼ਮ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ’ਚ ਬੈਠ ਕੇ ਉਥੋਂ ਜਲੰਧਰ ਬਾਈਪਾਸ ਚੌਕ ਤੋਂ ਬੱਸ ਚੜ੍ਹ ਕੇ ਫਰਾਰ ਹੋਣ ਦੀ ਯੋਜਨਾ ਬਣਾ ਰਹੇ ਸਨ ਪਰ ਥਾਣਾ ਇੰਚਾਰਜ ਹਰਸ਼ਵੀਰ ਸੰਧੂ ਅਤੇ ਥਾਣੇਦਾਰ ਜਿੰਦਰ ਲਾਲ ਸਿੱਧੂ ਦੀ ਟੀਮ ਵਲੋਂ ਮੁਖ਼ਬਰ ਖਾਸ ਦੀ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਚਾਰੇ ਮੁਲਜ਼ਮਾਂ ਨੂੰ ਦਾਣਾ ਮੰਡੀ ਤੋਂ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਮੁਲਜ਼ਮਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਏ. ਡੀ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਉਕਤ ਬਲਾਈਂਡ ਮਰਡਰ ਨੂੰ 48 ਘੰਟਿਆਂ ’ਚ ਸੁਲਝਾਉਣ ਵਾਲੇ ਥਾਣਾ ਇੰਚਾਰਜ ਹਰਸ਼ਵੀਰ ਸੰਧੂ ਅਤੇ ਥਾਣੇਦਾਰ ਜਿੰਦਰ ਲਾਲ ਸਿੱਧੂ ਨੂੰ ਡੀ. ਜੀ. ਪੀ. ਪੰਜਾਬ ਵਲੋਂ ਡੀ. ਜੀ. ਡਿਸਕ ਦੇਣ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ।
ਵੋਟ ਚੋਰ ਗੱਦੀ ਛੋੜ ਮੁਹਿੰਮ ਤਹਿਤ ਗੁਰਮੇਲ ਸਿੰਘ ਮੌੜ ਵੱਲੋਂ ਚੰਡੀਗੜ੍ਹ ਵਿਖੇ ਫਾਰਮ ਜਮ੍ਹਾਂ
NEXT STORY