ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਮਾਛੀਵਾੜਾ ਪੁਲਸ ਨੇ ਪਿੰਡ ਬੁਰਜ ਕੱਚਾ ਦੀ ਨਿਵਾਸੀ ਬਲਵਿੰਦਰ ਕੌਰ ਦੇ ਕਤਲ ਮਾਮਲੇ 'ਚ ਲੋੜੀਂਦੇ ਕਥਿਤ ਦੋਸ਼ੀ ਪਤੀ ਅਜਮੇਰ ਸਿੰਘ ਤੋਂ ਇਲਾਵਾ ਉਸਦੇ ਪੁੱਤਰ ਪੁਸ਼ਪਿੰਦਰ ਸਿੰਘ, ਦਿਓਰ ਹਿੰਮਤ ਸਿੰਘ, ਜਸਵੰਤ ਸਿੰਘ ਅਤੇ ਭਤੀਜੇ ਬਿੱਕਰ ਸਿੰਘ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕਰ ਲਈ ਹੈ।
ਅੱਜ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਤੇ ਥਾਣਾ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਿੰਡ ਗੜ੍ਹੀ ਬੇਟ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਉਕਤ ਕਥਿਤ ਦੋਸ਼ੀ, ਜੋ ਕਿ ਇੰਡੀਕਾ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ, ਨੂੰ ਕਾਬੂ ਕਰ ਲਿਆ ਗਿਆ। ਗ੍ਰਿਫ਼ਤਾਰ ਕਰਨ ਉਪਰੰਤ ਪੰਜਾਂ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਲਿਆ ਗਿਆ ਹੈ। ਪੁਲਸ ਨੇ ਬਲਵਿੰਦਰ ਕੌਰ ਦੇ ਕਤਲ ਲਈ ਵਰਤਿਆ ਗਿਆ ਡੰਡਾ ਵੀ ਬਰਾਮਦ ਕਰ ਲਿਆ ਹੈ। ਪੁਲਸ ਵਲੋਂ ਅੱਜ ਪਵਾਤ ਪੁਲ ਤੋਂ ਲੈ ਕੇ ਦੋਰਾਹਾ ਦੇ ਗੁਰਥਲੀ ਪੁਲ ਤਕ ਉਸ ਦੀ ਲਾਸ਼ ਦੀ ਭਾਲ ਕੀਤੀ ਗਈ ਪਰ ਅਜੇ ਤਕ ਲਾਸ਼ ਬਰਾਮਦ ਨਹੀਂ ਹੋਈ।
ਕਤਲ 'ਤੇ ਘੋਰ ਪਛਤਾਵਾ
ਕਤਲ ਦੇ ਮੁੱਖ ਕਥਿਤ ਦੋਸ਼ੀ ਮ੍ਰਿਤਕਾ ਬਲਵਿੰਦਰ ਕੌਰ ਦੇ ਪਤੀ ਅਜਮੇਰ ਸਿੰਘ ਨੇ ਅੱਜ ਦੱਸਿਆ ਕਿ ਉਸ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ, ਜਿਸ ਸਬੰਧੀ ਉਸ ਨੇ ਉਸ ਨੂੰ ਕਈ ਵਾਰ ਸਮਝਾਇਆ। ਬੀਤੀ 13 ਜੂਨ ਨੂੰ ਘਟਨਾ ਵਾਲੀ ਰਾਤ ਨੂੰ ਉਹ ਤੇ ਉਸਦੀ ਪਤਨੀ ਘਰ 'ਚ ਸੁੱਤੇ ਪਏ ਸਨ ਕਿ ਅਚਾਨਕ ਜਦੋਂ 11 ਵਜੇ ਉਸ ਦੀ ਅੱਖ ਖੁੱਲ੍ਹੀ ਤਾਂ ਦੇਖਿਆ ਕਿ ਉਸ ਦੀ ਪਤਨੀ ਆਪਣੇ ਮੰਜੇ ਤੋਂ ਗਾਇਬ ਸੀ। ਉਸਨੇ ਆਪਣੇ ਪੁੱਤਰ, ਭਰਾ ਤੇ ਭਤੀਜਿਆਂ ਨਾਲ ਪਿੰਡ 'ਚ ਉਸ ਦੀ ਕਾਫ਼ੀ ਭਾਲ ਕੀਤੀ ਪਰ ਕੋਈ ਜਾਣਕਾਰੀ ਨਾ ਮਿਲੀ, ਜਿਸ 'ਤੇ ਉਹ ਘਰ ਦੇ ਕੁੰਡੇ ਲਾ ਕੇ ਆਪਣੀ ਪਤਨੀ ਦਾ ਇੰਤਜ਼ਾਰ ਕਰਨ ਲੱਗੇ ਪਏ। ਕਰੀਬ 1 ਵਜੇ ਜਦੋਂ ਉਸਦੀ ਪਤਨੀ ਵਾਪਸ ਘਰ ਆਈ ਤਾਂ ਉਸਦਾ ਆਪਣੀ ਪਤਨੀ ਨਾਲ ਕਾਫ਼ੀ ਝਗੜਾ ਹੋਇਆ ਤੇ ਗੁੱਸੇ 'ਚ ਆ ਕੇ ਉਸ ਤੋਂ ਆਪਣੀ ਪਤਨੀ ਦੇ ਸਿਰ 'ਚ ਜ਼ੋਰ ਨਾਲ ਡੰਡਾ ਵੱਜ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਤਲ ਦੀ ਘਟਨਾ ਨੂੰ ਲੁਕਾਉਣ ਲਈ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਨਾਲ ਲਾਸ਼ ਨੂੰ ਨੇੜੇ ਹੀ ਵਗਦੀ ਸਰਹਿੰਦ ਨਹਿਰ 'ਚ ਸੁੱਟ ਦਿੱਤਾ। ਕਤਲ ਦਾ ਕਥਿਤ ਦੋਸ਼ੀ, ਜੋ ਕਿ ਸਰਕਾਰੀ ਨਹਿਰੀ ਵਿਭਾਗ ਦਾ ਕਰਮਚਾਰੀ ਹੈ, ਨੇ ਕਿਹਾ ਕਿ ਉਸ ਨੂੰ ਗੁੱਸੇ 'ਚ ਆਪਣੀ ਪਤਨੀ ਦੇ ਕੀਤੇ ਗਏ ਕਤਲ ਦਾ ਘੋਰ ਪਛਤਾਵਾ ਹੋ ਰਿਹਾ ਹੈ।
ਬਿਜਲੀ ਬੱਚਤ 'ਚ ਮੋਹਾਲੀ ਬਣੇਗਾ ਪੰਜਾਬ ਦਾ ਨੰਬਰ ਵਨ ਸ਼ਹਿਰ
NEXT STORY