ਹੁਸ਼ਿਆਰਪੁਰ (ਅਮਰੀਕ)— ਤੁਸੀਂ ਖੇਤਾਂ 'ਚ ਮਿੱਟੀ 'ਚ ਮਿੱਟੀ ਹੁੰਦੇ ਕਿਸਾਨ, ਖੇਤਾਂ ਨੂੰ ਪਾਣੀ ਲਗਾਉਣ ਲਈ ਖੱਜਲ-ਖੁਆਰ ਹੁੰਦੇ ਕਿਸਾਨ ਅਤੇ ਕੁਦਰਤ ਦੀ ਮਾਰ ਝੱਲ ਭੁੱਬਾਂ ਮਾਰ ਰੋਂਦੇ ਕਿਸਾਨ ਤਾਂ ਕਈ ਵਾਰ ਦੇਖੇ ਹੋਣਗੇ ਪਰ ਹੁਸ਼ਿਆਰਪੁਰ ਦੇ ਦੋ ਭਰਾਵਾਂ ਨੇ ਮਸ਼ਰੂਮ ਦੀ ਖੇਤੀ ਕਰਕੇ ਅਜਿਹਾ ਫਸਲੀਂ ਚੱਕਰ ਛੱਡਿਆ ਕਿ ਉਹ ਗਰੀਬੀ ਦੇ ਚੱਕਰ 'ਚੋਂ ਨਿਕਲ ਕੇ 'ਮਸ਼ਰੂਮ ਕਿੰਗ' ਬਣ ਗਏ। ਦੱਸਣਯੋਗ ਹੈ ਕਿ ਇਥੇ ਪੰਜਾਬ ਦੇ ਨੌਜਵਾਨ ਕਿਸਾਨ ਦੇਸ਼ 'ਚ ਖੇਤੀ ਕਰਨਾ ਪਸੰਦ ਨਹੀਂ ਕਰਦੇ ਅਤੇ ਉਹ ਦੇਸ਼ ਛੱਡ ਕੇ ਵਿਦੇਸ਼ਾਂ 'ਚ ਜਾ ਕੇ ਕੰਮ ਕਰਨ ਨੂੰ ਅਹਿਮੀਅਤ ਦਿੰਦੇ ਹਨ, ਜਿਸ ਕਰਕੇ ਪੰਜਾਬ ਖੇਤੀ ਪ੍ਰਧਾਨ ਪ੍ਰਦੇਸ਼ ਹੋਣ ਦੇ ਬਾਵਜੂਦ ਵੀ ਖੇਤੀ 'ਚ ਪਛੜਦਾ ਜਾ ਰਿਹਾ ਹੈ।
ਹੁਸ਼ਿਆਰਪੁਰ ਦੇ ਰਹਿਣ ਵਾਲੇ ਸੰਜੀਵ ਸਿੰਘ ਅਤੇ ਰਜਿੰਦਰ ਸਿੰਘ ਨੇ ਸਫਲ ਕਿਸਾਨ ਬਣ ਕੇ ਮਿਸਾਲ ਪੈਦਾ ਕੀਤੀ ਹੈ। ਦੋਹਾਂ ਨੇ ਘੱਟ ਜ਼ਮੀਨ, ਘੱਟ ਲਾਗਤ ਅਤੇ ਘੱਟ ਸਮੇਂ 'ਚ ਇਕ ਛੋਟੇ ਜਿਹੇ ਪਿੰਡ 'ਚ ਮਸ਼ਹੂਮ ਦੀ ਖੇਤੀ ਕਰਕੇ ਲੱਖਾਂ ਰੁਪਏ ਕਮਾਉਣ 'ਚ ਸਫਸਤਾ ਹਾਸਲ ਕੀਤੀ ਹੈ। ਸ਼ੁਰੂ 'ਚ 50 ਹਜ਼ਾਰ ਰੁਪਏ ਦੀ ਸਲਾਨਾ ਆਮਦਨ ਨਾਲ ਸ਼ੁਰੂ ਕਰਕੇ ਮਸ਼ਰੂਮ ਦੀ ਖੇਤੀ ਦੇ ਕੰਮ ਤੋਂ ਹੁਣ ਉਹ ਕਿਸਾਨ ਇਕ ਕਰੋੜ ਰੁਪਏ ਸਲਾਨਾ ਕਮਾ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਨਾਲ-ਨਾਲ ਪਿੰਡ ਦੇ 30 ਲੋਕਾਂ ਨੂੰ ਆਪਣੀ ਖੇਤੀ 'ਚ ਕੰਮ 'ਚ ਰੋਜ਼ਗਾਰ ਦਿੱਤਾ ਹੈ। ਮਸ਼ਰੂਮ ਦੀ ਖੇਤੀ 'ਚ ਕਾਮਯਾਬ ਕਿਸਾਨ ਸੰਜੀਵ ਸਿੰਘ ਨੇ ਆਪਣੇ ਨਾਲ ਆਪਣੇ ਪਰਿਵਾਰ, ਭਰਾਵਾਂ ਸਮੇਤ ਆਪਣੇ ਬੱਚਿਆਂ ਨੂੰ ਵੀ ਇਸ ਕੰਮ 'ਚ ਲਗਾ ਦਿੱਤਾ ਹੈ। ਆਪਣੇ ਇਲਾਕੇ 'ਚ ਇਹ ਮਸ਼ਰੂਮ ਉਤਪਾਦਕਾਂ ਦੇ ਨਾਂ ਨਾਲ ਮਸ਼ਹੂਰ ਹਨ।
ਵਿਦੇਸ਼ 'ਚ ਸੈਟਲ ਹੋਣਾ ਚਾਹੁੰਦਾ ਸੀ ਪਰਿਵਾਰ
ਦੋਹਾਂ ਭਰਾਵਾਂ ਨੂੰ ਰਾਸ਼ਟਰੀ ਖੁੰਭ ਖੋਜ ਕੇਂਦਰ ਸੋਲਨ ਵੱਲੋਂ ਨੈਸ਼ਨਲ ਅਵਾਰਡ ਨਾਲ ਅਤੇ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਸੰਜੀਵ ਸਿੰਘ ਨੇ ਦੱਸਿਆ ਕਿ ਉਹ ਇਕ ਵਾਰ ਹਾਰਟੀਕਲਚਰ ਦਫਤਰ ਹੁਸ਼ਿਆਰਪੁਰ ਗਏ ਸਨ। ਉਥੇ ਕੈਂਪ ਚੱਲ ਰਿਹਾ ਸੀ। ਡਾਕਟਰ ਗੁਰਿੰਦਰ ਸਿੰਘ ਬਾਜਵਾ ਟ੍ਰੇਨਿੰਗ ਦੇ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਵੀ ਟ੍ਰੇਨਿੰਗ ਲੈ ਲਈ। ਉਨ੍ਹਾਂ ਦੇਖਿਆ ਕਿ ਇਹ ਵਧੀਆ ਖੇਤੀਬਾੜੀ ਦਾ ਕੰਮ ਹੈ, ਇਸ 'ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1992 'ਚ ਕਾਲਜ ਲਾਈਫ ਦੇ ਦਿਨਾਂ 'ਚ ਸਭ ਤੋਂ ਪਹਿਲਾਂ ਛੋਟੇ ਪੱਧਰ 'ਤੇ ਕੰਮ ਸ਼ੁਰੂ ਕੀਤੀ ਅਤੇ ਬਾਅਦ 'ਚ ਹੌਲੀ-ਹੌਲੀ ਇਸ ਕੰਮ ਵਧਾਇਆ। ਦੋਹਾਂ ਨੇ ਦੱਸਿਆ ਕਿ ਪਹਿਲਾਂ ਉਹ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦੇ ਸਨ ਪਰ ਜਦੋਂ ਪੰਜਾਬ ਦੀ ਮਿੱਟੀ ਨੇ ਇੱਥੇ ਹੀ ਚਿੱਟਾ ਸੋਨਾ ਉਗਲਣਾ ਸ਼ੁਰੂ ਕਰ ਦਿੱਤਾ ਤਾਂ ਇਨ੍ਹਾਂ ਦੇ ਵਾਰੇ-ਨਿਆਰੇ ਹੋ ਗਏ। ਮਸ਼ਹੂਮ ਦੀ ਖੇਤੀ ਤੋਂ ਬਾਅਦ ਆਮਦਨ ਅਤੇ ਸ਼ੌਹਰਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਵਿਚਾਰ ਬਦਲ ਗਏ ਅਤੇ ਪੰਜਾਬ 'ਚ ਰਹਿ ਕੇ ਖੇਤੀ ਕਰਨ ਦਾ ਫੈਸਲਾ ਕੀਤਾ।
ਰਾਜਿੰਦਰ ਨੇ ਦੱਸਿਆ ਕਿ ਪਹਿਲਾਂ 50 ਹਜ਼ਾਰ ਰੁਪਏ ਨਾਲ ਕੰਮ ਸ਼ੁਰੂ ਕੀਤਾ ਸੀ, ਹੁਣ ਉਨ੍ਹਾਂ ਦੀ ਇਕ ਕਰੋੜ ਦੀ ਟਰਨਓਵਰ ਹੈ। ਉਨ੍ਹਾਂ ਦੇ ਕੋਲ 30 ਦੇ ਕਰੀਬ ਲੋਕ ਕੰਮ ਕਰ ਰਹੇ ਹਨ। ਇਨ੍ਹਾਂ 'ਚ ਲੜਕੀਆਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ 'ਚ ਜਦੋਂ ਕੰਮ ਸ਼ੁਰੂ ਕੀਤਾ ਸੀ ਤਾਂ ਕੁਝ ਸਮੱਸਿਆਵਾਂ ਸਾਹਮਣੇ ਆਈਆਂ ਸਨ ਪਰ ਹੁਣ ਸਾਨੂੰ ਕੋਈ ਸਮੱਸਿਆ ਨਹੀਂ ਹੈ।
ਉਥੇ ਹੀ ਸੰਜੀਵ ਦੇ ਬੇਟੇ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵਿਦੇਸ਼ ਜਾਣ ਦਾ ਇਛੁੱਕ ਸੀ ਪਰ ਜਦੋਂ ਉਸ ਨੇ ਪਰਿਵਾਰ ਦੇ ਨਾਲ ਇਸ ਖੇਤੀ 'ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਆਪਣਾ ਫੈਸਲਾ ਬਦਲ ਲਿਆ। ਉਨ੍ਹਾਂ ਨੇ ਕਿਹਾ ਕਿ ਇਹ ਖੇਤੀ ਸਾਨੂੰ ਫਾਇਨੈਸ਼ਨਲ ਤੌਰ 'ਤੇ ਬਹੁਤ ਮਜ਼ਬੂਤ ਕਰ ਰਹੀ ਹੈ। ਉਸ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨੌਜਵਾਨ ਇਥੇ ਰਹਿ ਕੇ ਵਧੀਆ ਕੰਮ ਕਰ ਸਕਦੇ ਹਨ। ਜਲੰਧਰ 'ਚ ਖੁੰਭਾਂ ਦੀ ਵਧੀਆ ਮਾਰਕੀਟ ਹੈ ਅਤੇ ਉਤਪਾਦਨ ਨੂੰ ਵੇਚਣ 'ਚ ਕੋਈ ਦਿੱਕਤ ਨਹੀਂ ਆਉਂਦੀ।
ਬਾਗਬਾਨੀ ਵਿਭਾਗ ਦੇ ਡਾ. ਗੁਰਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨ ਜਿੱਥੇ ਖੇਤੀ ਕਰਨਾ ਪਸੰਦ ਨਹੀਂ ਕਰਦੇ ਉੱਥੇ ਇਸ ਪਰਿਵਾਰ ਦੀ ਅਗਲੀ ਪੀੜ੍ਹੀ ਨੇ ਵੀ ਖੇਤੀ ਦਾ ਰਾਹ ਚੁਣਿਆ ਹੈ। ਖੁੰਭਾਂ ਦੀ ਖੇਤੀ ਲਈ ਨਾ ਤਾਂ ਜ਼ਿਆਦਾ ਜ਼ਮੀਨ ਦੀ ਲੋੜ ਹੈ ਤਾਂ ਨਾ ਹੀ ਪਾਣੀ ਦੀ। ਸੋ ਕੋਈ ਵੀ ਕਿਸੇ ਵੀ ਪੱਧਰ 'ਤੇ ਇਸ ਖੇਤੀ ਦੀ ਸ਼ੁਰੂਆਤ ਕਰ ਸਕਦਾ ਹੈ।
ਮਸ਼ਰੂਮ ਦੀ ਖੇਤੀ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਖੇਤੀ ਦੀ ਰਹਿੰਦ-ਖੁੰਹਦ ਵੀ ਇਸ 'ਚ ਇਸਤੇਮਾਲ ਹੁੰਦੀ ਹੈ, ਜਿਸ ਨਾਲ ਕਿਸਾਨ ਨੂੰ ਤਾਂ ਲਾਭ ਹੁੰਦਾ ਹੈ ਅਤੇ ਵਾਤਾਵਰਣ ਨੂੰ ਵੀ ਫਾਇਦਾ ਹੁੰਦਾ ਹੈ। ਤੀਜਾ ਇਸ 'ਤੇ ਕਿਸਾਨ ਨੂੰ ਸਬਸਿਡੀ ਵੀ ਮਿਲਦੀ ਹੈ, ਜਿਸ ਨਾਲ ਕਿਸਾਨ ਦਾ ਰਿਸਕ ਨਾਮਾਤਰ ਰਹਿ ਜਾਂਦਾ ਹੈ। ਖੁੰਭਾਂ ਦੀ ਖੇਤੀ ਲਈ ਸਰਕਾਰ ਵੱਲੋਂ ਵੀ ਸਹਾਇਤਾ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਮਸ਼ਰੂਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ 40 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਪੰਜਾਬ 'ਚ ਨਹੀਂ ਰੁਕ ਰਿਹਾ ਚਿੱਟੇ ਦਾ ਕਹਿਰ, ਇਕ ਮਹੀਨੇ 'ਚ 24 ਮੌਤਾਂ
NEXT STORY