ਗੁਰਦਾਸਪੁਰ — ਬੀਤੇ ਦਿਨੀਂ ਵਿੱਕੀ ਗੌਂਡਰ ਦਾ ਸੱਜਾ ਹੱਥ ਸਮਝਿਆ ਜਾਣ ਵਾਲਾ ਗੈਂਗਸਟਰ ਗਿਆਨਾ ਖਰਲਾਂਵਾਲਾ ਜਿਸ ਨੂੰ ਜ਼ਿਲਾ ਪੁਲਸ ਗੁਰਦਾਸਪੁਰ ਨੇ ਮੁੱਠਭੇੜ ਦੇ ਬਾਅਦ ਗ੍ਰਿਫ਼ਤਾਰ ਕੀਤਾ ਸੀ, ਤੋਂ ਪੁੱਛਗਿੱਛ ਦੇ ਆਧਾਰ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਗਿਆਨਾ ਖਰਲਾਂਵਾਲਾ ਅਤੇ ਵਿੱਕੀ ਗੌਂਡਰ ਦੇ ਤਾਰ ਦਿੱਲੀ ਤੇ ਰਾਜਸਥਾਨ ਤੱਕ ਜੁੜੇ ਹੋਏ ਹਨ। ਇਹੀ ਕਾਰਨ ਹੈ ਕਿ ਜ਼ਿਲਾ ਪੁਲਸ ਗੁਰਦਾਸਪੁਰ ਦੀਆਂ ਕੁਝ ਪੁਲਸ ਪਾਰਟੀਆਂ ਦਿੱਲੀ ਸਮੇਤ ਹੋਰ ਰਾਜਾਂ ਵਿਚ ਭੇਜੀਆਂ ਗਈਆਂ ਹਨ। ਅਜੇ ਤੱਕ ਦੀ ਜਾਂਚ ਵਿਚ ਪਾਇਆ ਗਿਆ ਹੈ ਕਿ ਜਿਸ ਬਲੈਰੋ ਗੱਡੀ ਪੀ ਬੀ 96 ਏ ਬੀ 9655 ਵਿਚ ਗਿਆਨਾ ਖਰਲਾਂਵਾਲਾ ਆਪਣੇ ਦੋ ਸਾਥੀਆਂ ਨਾਲ ਸਫਰ ਕਰ ਰਿਹਾ ਸੀ, ਉਹ ਦਲਬੀਰ ਕੌਰ ਨਿਵਾਸੀ ਪਿੰਡ ਜੋੜਾ ਸੰਘਾਂ ਦੇ ਨਾਂ 'ਤੇ ਹੈ। ਪੁਲਸ ਦਲਬੀਰ ਕੌਰ ਦੀ ਵੀ ਤਲਾਸ਼ ਕਰ ਰਹੀ ਹੈ। ਗਿਆਨਾ ਖਰਲਾਂਵਾਲਾ ਨੂੰ ਗੋਲੀ ਲੱਗਣ ਕਰ ਕੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਪਰ ਹੁਣ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਅਤੇ ਸੀ. ਆਈ. ਏ. ਸਟਾਫ ਗੁਰਦਾਸਪੁਰ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਨਾਭਾ ਜੇਲ ਬ੍ਰੇਕ ਕਾਂਡ ਸਮੇਂ ਪ੍ਰਯੋਗ ਕੀਤੀ ਗਈ ਹਾਂਡਾ ਕਾਰ ਵੀ ਗਿਆਨਾ ਖਰਲਾਂਵਾਲਾ ਦੀ ਨਿਸ਼ਾਨਦੇਹੀ 'ਤੇ ਤਿੱਬੜ ਪੁਲਸ ਸਟੇਸ਼ਨ ਦੇ ਪਿੰਡ ਤਲਵੰਡੀ ਤੋਂ ਬਰਾਮਦ ਕਰ ਲਈ ਗਈ ਹੈ, ਜਿਸ ਘਰ ਤੋਂ ਇਹ ਕਾਰ ਬਰਾਮਦ ਕੀਤੀ ਹੈ, ਉਹ ਇਕ ਰਾਜਨੇਤਾ ਹੈ। ਪੁਲਸ ਉਸ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਜਿੰਨੀ ਪੁੱਛੋ ਓਨੀ ਹੀ ਗੱਲ ਕਰਦਾ ਹੈ ਗਿਆਨਾ
ਪ੍ਰਾਪਤ ਜਾਣਕਾਰੀ ਅਨੁਸਾਰ ਗਿਆਨਾ ਖਰਲਾਂਵਾਲਾ ਨੇ ਪੁੱਛਗਿੱਛ ਵਿਚ ਸਵੀਕਾਰ ਕੀਤਾ ਹੈ ਕਿ ਜਲੰਧਰ ਅਤੇ ਅੰਮ੍ਰਿਤਸਰ ਵਿਚ ਵੀ ਕਰੋੜਾਂ ਰੁਪਏ ਦੀ ਲੁੱਟ-ਖੋਹ ਵਿਚ ਉਹ ਤੇ ਉਸ ਦੇ ਸਾਥੀ ਸ਼ਾਮਲ ਸਨ। ਇਹ ਲੁੱਟ-ਖੋਹ ਗੈਂਗਸਟਰ ਵਿੱਕੀ ਗੌਂਡਰ ਦੀ ਅਗਵਾਈ ਵਿਚ ਕੀਤੀ ਗਈ ਸੀ। ਗਿਆਨਾ ਨੇ ਸਵੀਕਾਰ ਕੀਤਾ ਹੈ ਕਿ ਹੋਰ ਵੀ ਕਈ ਵਾਰਦਾਤਾਂ ਵਿਚ ਸਾਡਾ ਹੱਥ ਹੈ। ਸੂਤਰਾਂ ਅਨੁਸਾਰ ਗਿਆਨਾ ਖਰਲਾਂਵਾਲਾ ਓਨੀ ਹੀ ਗੱਲ ਦੱਸਦਾ ਹੈ ਜਿੰਨਾ ਪੁਲਸ ਉਸ ਤੋਂ ਪੁੱਛਦੀ ਹੈ।
ਨਕਲੀ ਕੈਦੀ ਬਣਾਇਆ ਗਿਆ ਸੀ ਗਿਆਨਾ
ਗਿਆਨਾ ਖਰਲਾਂਵਾਲਾ ਤੋਂ ਜ਼ਿਲਾ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਨਾਭਾ ਜੇਲ ਬ੍ਰੇਕ ਕਾਂਡ ਦੇ ਸਮੇਂ ਗਿਆਨਾ ਖਰਲਾਂਵਾਲਾ ਨੂੰ ਨਕਲੀ ਕੈਦੀ ਬਣਾ ਕੇ ਨਾਭਾ ਜੇਲ ਵਿਚ ਲਿਜਾਇਆ ਗਿਆ ਸੀ ਅਤੇ ਹੋਰ ਗੈਂਗਸਟਰਾਂ ਨੇ ਵੀ ਪੁਲਸ ਵਰਦੀਆਂ ਪਾਈਆਂ ਹੋਈਆਂ ਸਨ।
ਉਦੋਂ ਗਿਆਨਾ ਖਰਲਾਂਵਾਲਾ ਨੂੰ ਨਕਲੀ ਪੁਲਸ ਨੇ ਹੱਥਕੜੀ ਵੀ ਲਾਈ ਹੋਈ ਸੀ। ਗਿਆਨਾ ਨੇ ਮੰਨਿਆ ਕਿ ਉਸ ਨੇ ਅਤੇ ਵਿੱਕੀ ਗੌਂਡਰ ਨੇ ਮਿਲ ਕੇ ਕਈ ਵਾਰਦਾਤਾਂ ਕੀਤੀਆਂ ਹਨ ਅਤੇ ਜੋ 20 ਅਪ੍ਰੈਲ ਨੂੰ ਗੁਰਦਾਸਪੁਰ ਸ਼ਹਿਰ ਦੇ ਬਾਹਰ ਬਾਈਪਾਸ 'ਤੇ ਗੈਂਗਵਾਰ ਹੋਈ ਸੀ, ਉਸ ਵਿਚ ਉਹ ਵੀ ਸ਼ਾਮਲ ਸੀ।
ਐੱਨ. ਆਰ. ਆਈ. ਦੀ ਕੋਠੀ 'ਚ ਲੈਂਦਾ ਸੀ ਸ਼ਰਨ
ਜ਼ਿਲਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਗੈਂਗਸਟਰ ਗਿਆਨਾ ਖਰਲਾਂਵਾਲਾ ਹਰਚੋਵਾਲ ਵਿਚ ਇਕ ਐੱਨ. ਆਰ. ਆਈ. ਦੀ ਕੋਠੀ ਵਿਚ ਸ਼ਰਨ ਲੈ ਰਿਹਾ ਸੀ। ਹਰੇਕ ਵਾਰਦਾਤ ਤੋਂ ਬਾਅਦ ਉਹ ਇਸੇ ਕੋਠੀ ਵਿਚ ਆ ਕੇ ਠਹਿਰਦਾ ਸੀ। ਕੋਠੀ ਦਾ ਮਾਲਕ ਪਰਿਵਾਰ ਸਮੇਤ ਵਿਦੇਸ਼ ਵਿਚ ਹੈ ਅਤੇ ਕੋਠੀ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਆਪਣੇ ਇਕ ਰਿਸ਼ਤੇਦਾਰ ਨੂੰ ਸੌਂਪ ਕੇ ਗਿਆ ਸੀ। ਪੁਲਸ ਉਸ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕੋਠੀ ਤੋਂ ਪੁਲਸ ਨੇ ਦੋ ਬੈਗ ਵੀ ਬਰਾਮਦ ਕੀਤੇ ਹਨ।
ਬਟਾਲਾ ਤੋਂ ਗੈਂਗਸਟਰ ਦੇ ਭੱਜ ਜਾਣ ਕਾਰਨ ਗਿਆਨਾ ਦੀ ਸੁਰੱਖਿਆ ਵਧਾਈ
ਬਟਾਲਾ 'ਚ ਇਕ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਨੂਨੋ ਦੇ ਭੱਜ ਜਾਣ ਤੋਂ ਬਾਅਦ ਜ਼ਿਲਾ ਪੁਲਸ ਨੇ ਗਿਆਨਾ ਖਰਲਾਂਵਾਲਾ ਦੀ ਸੁਰੱਖਿਆ ਵੀ ਵਧਾ ਦਿੱਤੀ ਹੈ ਅਤੇ ਪੁਲਸ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਉਸ ਨੂੰ ਹੁਣ ਅਦਾਲਤ 'ਚ 17 ਜੂਨ ਨੂੰ ਪੇਸ਼ ਕੀਤਾ ਜਾਣਾ ਹੈ ਅਤੇ ਉਦੋਂ ਤੱਕ ਉਸ ਤੋਂ ਪੁਲਸ ਪੁੱਛਗਿੱਛ ਕਰੇਗੀ।
ਯੂਨੀਵਰਸਿਟੀ ਦੀਆਂ ਸੂਚਨਾ ਲੀਕ ਕਰਨ ਦੇ ਮਾਮਲੇ 'ਚ ਸਹਾਇਕ ਰਜਿਸਟਰਾਰ ਮੁਅੱਤਲ (ਵੀਡੀਓ)
NEXT STORY