ਚੰਡੀਗੜ੍ਹ (ਰਮਨਜੀਤ)- ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਓਲੰਪਿਕ ਤਗਮਾ ਜੇਤੂ ਹਾਕੀ ਖਿਡਾਰੀਆਂ ਦੇ ਸਬੰਧਤ ਖੇਤਰਾਂ ਦੇ ਸਕੂਲਾਂ ਦੇ ਨਾਂ ਇਨ੍ਹਾਂ ਖਿਡਾਰੀਆਂ ਨੂੰ ਸਮਰਪਿਤ ਕੀਤੇ ਹਨ। ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਟੋਕੀਓ ਓਲੰਪਿਕ-2020 ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ 11 ਪੰਜਾਬੀ ਖਿਡਾਰੀਆਂ ਦੇ ਨਾਂ ’ਤੇ ਸਕੂਲਾਂ ਦੇ ਨਾਂ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਮੰਤਰੀ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀ. ਐੱਸ. ਐੱਸ. ਐੱਸ) ਮਿੱਠਾਪੁਰ, ਜਲੰਧਰ ਦਾ ਨਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਸਕੂਲ ਹੁਣ ਓਲੰਪੀਅਨ ਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਦੇ ਨਾਂ ਨਾਲ ਜਾਣਿਆ ਜਾਵੇਗਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੰਮੋਵਾਲ, ਅੰਮ੍ਰਿਤਸਰ ਦਾ ਨਾਮ ਉਪ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ, ਜੋ ਓਲੰਪਿਕ ਵਿਚ ਭਾਰਤ ਲਈ ਸਭ ਤੋਂ ਵੱਧ 6 ਗੋਲ ਦਾਗਣ ਵਾਲਾ ਭਾਰਤੀ ਖਿਡਾਰੀ ਹੈ। ਹੁਣ ਇਹ ਸਕੂਲ ਓਲੰਪੀਅਨ ਹਰਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਟਿੰਮੋਵਾਲ ਵਜੋਂ ਜਾਣਿਆ ਜਾਵੇਗਾ। ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਦਾ ਨਾਂ ਓਲੰਪੀਅਨ ਮਨਦੀਪ ਸਿੰਘ ਵਰੁਣ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਰੱਖਿਆ ਗਿਆ ਹੈ। ਦੋਵੇਂ ਖਿਡਾਰੀਆਂ ਨੇ ਕ੍ਰਮਵਾਰ ਸਟਰਾਈਕਰ ਤੇ ਡਿਫੈਂਸ ਖਿਡਾਰੀ ਵਜੋਂ ਓਲੰਪਿਕ ਦੌਰਾਨ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਖ਼ਬਰ ਪੜ੍ਹੋ- ਦਿੱਲੀ ਕੈਪੀਟਲਸ ਦੇ ਖਿਡਾਰੀ ਪਹੁੰਚੇ UAE, ਜਲਦ ਸ਼ੁਰੂ ਕਰਨਗੇ ਅਭਿਆਸ
ਉਨ੍ਹਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਅੰਮ੍ਰਿਤਸਰ ਹੁਣ ਓਲੰਪੀਅਨ ਸ਼ਮਸ਼ੇਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਜੋਂ ਜਾਣਿਆ ਜਾਵੇਗਾ, ਜਿਸ ਨੇ ਟੂਰਨਾਮੈਂਟ ਦੌਰਾਨ ਇਕ ਸਫ਼ਲ ਮਿਡਫੀਲਡਰ ਵਜੋਂ ਬਿਹਤਰੀਨ ਭੂਮਿਕਾ ਨਿਭਾਈ। ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ਼ ਫਰੀਦਕੋਟ ਨੂੰ ਓਲੰਪੀਅਨ ਰੁਪਿੰਦਰਪਾਲ ਸਿੰਘ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ ਫਰੀਦਕੋਟ ਦਾ ਨਾਮ ਦਿੱਤਾ ਗਿਆ ਹੈ। ਰੁਪਿੰਦਰਪਾਲ ਨੇ ਵੀ ਟੋਕੀਓ ਓਲੰਪਿਕਸ ਵਿਚ 4 ਗੋਲ ਕੀਤੇ ਸਨ। ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਨੂੰ ਓਲੰਪੀਅਨ ਹਾਰਦਿਕ ਸਿੰਘ ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਦਾ ਨਾਂ ਦਿੱਤਾ ਗਿਆ ਹੈ, ਕਿਉਂਕਿ ਹਾਰਦਿਕ ਨੇ ਨਾਕਆਊਟ ਪੜਾਅ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ।

ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਖਲਹਿਰਾ, ਅੰਮ੍ਰਿਤਸਰ ਦਾ ਨਾਂ ਓਲੰਪੀਅਨ ਗੁਰਜੰਟ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖਲਹਿਰਾ, ਅੰਮ੍ਰਿਤਸਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ, ਅੰਮ੍ਰਿਤਸਰ ਦਾ ਨਾਂ ਓਲੰਪੀਅਨ ਦਿਲਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਰੱਖਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰਜੰਟ ਅਤੇ ਦਿਲਪ੍ਰੀਤ ਦੋਵੇਂ ਭਾਰਤੀ ਹਾਕੀ ਟੀਮ ਵਿਚ ਸਟਰਾਈਕਰ ਵਜੋਂ ਖੇਡ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਨੂੰ ਓਲੰਪੀਅਨ ਸਿਮਰਨਜੀਤ ਸਿੰਘ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਦਾ ਨਾਮ ਦਿੱਤਾ ਗਿਆ ਹੈ। ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿਚ ਸਿਮਰਨਜੀਤ ਨੇ 2 ਬਹੁਤ ਅਹਿਮ ਗੋਲ ਦਾਗੇ ਸਨ।
ਇਹ ਖ਼ਬਰ ਪੜ੍ਹੋ- ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ, ਆਰ. ਸੀ. ਐੱਫ਼., ਕਪੂਰਥਲਾ ਨੂੰ ਓਲੰਪੀਅਨ ਕ੍ਰਿਸ਼ਨ ਬੀ. ਪਾਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ, ਆਰ.ਸੀ.ਐੱਫ਼. ਕਪੂਰਥਲਾ ਦਾ ਨਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਠਕ ਭਾਰਤੀ ਟੀਮ ਵਿਚ ਰਾਖਵੇਂ ਗੋਲਕੀਪਰ ਵਜੋਂ ਸ਼ਾਮਲ ਸਨ। ਇਸ ਤੋਂ ਇਲਾਵਾ, ਸਬੰਧਤ ਤਗਮਾ ਜੇਤੂ ਖਿਡਾਰੀ ਦੇ ਨਿਵਾਸ ਜਾਂ ਪਿੰਡ ਜਾਂ ਖੇਤਰ ਨੂੰ ਜੋੜਨ ਵਾਲੀਆਂ ਸੜਕਾਂ ਦਾ ਨਾਂ ਵੀ ਉਨ੍ਹਾਂ ਖਿਡਾਰੀਆਂ ਦੇ ਨਾਂ ’ਤੇ ਰੱਖਿਆ ਜਾਵੇਗਾ। ਇਹ ਉਪਰਾਲਾ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਮਨਪਸੰਦ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ
NEXT STORY