ਨਵੀਂ ਦਿੱਲੀ — ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਸਾਲ ਨੂੰ ਲੈ ਕੇ 25 ਅਕਤੂਬਰ ਨੂੰ ਦਿੱਲੀ ਵਿਚ ਇਕ ਬਹੁਤ ਵੱਡਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਦੀ ਅਗਵਾਈ ਆਰ. ਐੱਸ. ਐੱਸ. ਹਮਾਇਤੀ ਸੰਗਠਨ ਰਾਸ਼ਟਰੀ ਸਿੱਖ ਸੰਗਤ ਵਲੋਂ ਕੀਤੀ ਜਾ ਰਹੀ ਹੈ। ਇਸ ਕਾਰਨ ਸਿੱਖ ਸਿਆਸਤ ਭਖ ਗਈ ਹੈ। ਹੁਣ ਤੱਕ ਸਿੱਖਾਂ ਦੀ ਅਗਵਾਈ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਜਿਹੇ ਆਯੋਜਨ ਕਰਦੀ ਆਈ ਹੈ ਪਰ ਹੁਣ ਆਰ. ਐੱਸ. ਐੱਸ. ਵਲੋਂ ਸਿੱਖੀ ਵਿਚ ਘੁਸਪੈਠ ਕਰਨ ਕਾਰਨ ਸਿੱਖਾਂ ਦੀ ਅਗਵਾਈ ਵਾਲੀਆਂ ਸਿਆਸੀ ਅਤੇ ਧਾਰਮਿਕ ਪਾਰਟੀਆਂ ਵਿਚ ਬਹਿਸ ਛਿੜ ਗਈ ਹੈ।
ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਡਰ ਸਤਾ ਰਿਹਾ ਹੈ ਕਿ ਸੰਘ ਦੀ ਇਸ ਘੁਸਪੈਠ ਕਾਰਨ ਕਿਤੇ ਉਨ੍ਹਾਂ ਦੀ ਜ਼ਮੀਨ ਹੀ ਨਾ ਖਿਸਕ ਜਾਏ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਇਸ ਉੱਤੇ ਸਖ਼ਤ ਰੁਖ਼ ਅਪਣਾਇਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਕੋਈ ਵੀ ਅਕਾਲੀ ਨੇਤਾ ਉਕਤ ਪ੍ਰੋਗਰਾਮ ਵਿਚ ਸ਼ਾਮਲ ਨਾ ਹੋਵੇ।
ਸੂਤਰਾਂ ਦੀ ਮੰਨੀਏ ਤਾਂ ਭਾਜਪਾ ਵਲੋਂ ਸਿੱਖ ਸਿਆਸਤ ਵਿਚ ਲਗਾਤਾਰ ਕੀਤੀ ਜਾ ਰਹੀ ਘੁਸਪੈਠ ਅਕਾਲੀਆਂ ਨੂੰ ਰਾਸ ਨਹੀਂ ਆ ਰਹੀ। ਇਹੀ ਕਾਰਨ ਹੈ ਕਿ ਅਕਾਲੀ ਦਲ ਨੇ ਆਰ. ਐੱਸ. ਐੱਸ. ਦੇ ਇਸ ਆਯੋਜਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਹੋਣ ਵਾਲੇ ਉਕਤ ਪ੍ਰੋਗਰਾਮ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਨੇ ਪੂਰੀ ਤਰ੍ਹਾਂ ਦੂਰੀ ਬਣਾ ਲਈ ਹੈ। ਸੁਖਬੀਰ ਨੇ ਸਭ ਪਾਰਟੀ ਅਹੁਦੇਦਾਰਾਂ ਨੂੰ ਕਿਹਾ ਹੈ ਕਿ ਜੇ ਕੋਈ ਸੰਘ ਦੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਇਆ ਤਾਂ ਪਾਰਟੀ ਵਿਚੋਂ ਉਸਦੀ ਛੁੱਟੀ ਹੋਈ ਮੰਨੀ ਜਾਏਗੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਇਸ ਧਾਰਮਿਕ ਆਯੋਜਨ ਨੂੰ ਲੈ ਕੇ ਸਮੁੱਚਾ ਸਿੱਖ ਭਾਈਚਾਰਾ ਦੁਬਿਧਾ ਵਿਚ ਹੈ। ਦੁਬਿਧਾ ਦਾ ਕਾਰਨ ਸ੍ਰੀ ਅਕਾਲ ਤਖਤ ਵਲੋਂ 2004 ਵਿਚ ਦਿੱਤਾ ਗਿਆ ਇਕ ਹੁਕਮਨਾਮਾ ਹੈ। ਆਮ ਸਾਧਾਰਨ ਸਿੱਖ ਨੂੰ ਇਸ ਹੁਕਮਨਾਮੇ ਬਾਰੇ ਵਿਸ਼ੇਸ਼ ਜਾਣਕਾਰੀ ਨਹੀਂ ਹੈ। ਉਸਨੂੰ ਇਹ ਵੀ ਨਹੀਂ ਪਤਾ ਕਿ ਇਹ ਹੁਕਮਨਾਮਾ ਲਾਗੂ ਹੈ ਜਾਂ ਨਹੀਂ। ਅਜਿਹੀ ਹਾਲਤ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਾਰੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਸਦਭਾਵਨਾ ਪ੍ਰੋਗਰਾਮ ਹੈ, ਸਭ ਧਰਮ ਲੈ ਰਹੇ ਹਨ ਹਿੱਸਾ : ਸ਼ਾਸਤਰੀ
ਪ੍ਰਕਾਸ਼ ਪੁਰਬ ਕਮੇਟੀ ਦੇ ਕੌਮੀ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸਤਰੀ ਮੁਤਾਬਕ ਸਾਰਾ ਪ੍ਰੋਗਰਾਮ ਸਦਭਾਵਨਾ ਭਰਿਆ ਹੈ। ਇਹੀ ਕਾਰਨ ਹੈ ਕਿ ਇਸ ਵਿਚ ਸਿੱਖ ਜਗਤ ਦੀਆਂ ਮਹਾਨ ਹਸਤੀਆਂ ਸ਼ਾਮਲ ਹੋ ਰਹੀਆਂ ਹਨ।
ਇਨ੍ਹਾਂ ਵਿਚ ਸਿੱਖ ਸੰਤ, ਉਦਾਸੀ, ਨਾਮਧਾਰੀ, ਨਿਰਮਲੇ ਸੰਨਿਆਸੀ, ਬੁੱਧ ਅਤੇ ਜੈਨ ਧਰਮ ਦੇ ਮਹਾਨ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਸਿਆਸੀ ਵਿਚਾਰਧਾਰਾ ਵਾਲੇ ਵਿਅਕਤੀ, ਕਈ ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸ਼ਾਮਲ ਹੋਣਗੇ। ਕੁਝ ਵਿਅਕਤੀ ਆਪਣੇ ਸੌੜੇ ਸਿਆਸੀ ਹਿੱਤਾਂ ਕਾਰਨ ਇਸ ਆਯੋਜਨ ਬਾਰੇ ਗਲਤ ਬਿਆਨੀ ਕਰ ਰਹੇ ਹਨ। ਉਨ੍ਹਾਂ ਸਭ ਧਾਰਮਿਕ ਸ਼ਖਸੀਅਤਾਂ ਨੂੰ ਅਪੀਲ ਕੀਤੀ ਕਿ ਇਸ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਗੁਰੂ ਜੀ ਦਾ ਆਸ਼ੀਰਵਾਦ ਹਾਸਲ ਕਰਨ।
ਮਾਮਲਾ ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਦਾ, ਆਊਟ ਆਫ ਕੰਟਰੋਲ ਇੰਸਪੈਕਟਰ ਨੇ ਨਹੀਂ ਮੰਨੇ ਏ. ਟੀ. ਪੀ. ਦੇ ਆਦੇਸ਼
NEXT STORY