ਲੁਧਿਆਣਾ (ਰਾਜ): ਮਹਾਨਗਰ ਵਿਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਸ਼ਰੇਆਮ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਗਿੱਲ ਰੋਡ ਸਥਿਤ ਨਨਕਾਣਾ ਸਕੂਲ ਦੇ ਕੋਲ ਦਾ ਹੈ, ਜਿੱਥੇ ਇਕ ਕਾਰ ਡੀਲਰ ਤੋਂ ਵਿਦੇਸ਼ੀ ਨੰਬਰ ਰਾਹੀਂ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਫਿਰੌਤੀ ਨਾ ਦੇਣ 'ਤੇ ਕਾਰੋਬਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ, ਜਿਸ ਕਾਰਨ ਪੂਰੇ ਇਲਾਕੇ ਦੇ ਵਪਾਰੀ ਵਰਗ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਮਾਮਲੇ ਵਿਚ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਰਾਕੇਸ਼ ਕੁਮਾਰ ਦੇ ਬਿਆਨਾਂ 'ਤੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਪੀੜਤ ਕਾਰੋਬਾਰੀ ਦਾ ਗਿੱਲ ਰੋਡ 'ਤੇ 'ਕਮਲ ਆਟੋ ਡੀਲਜ਼' ਦੇ ਨਾਂ 'ਤੇ ਕਾਰਾਂ ਦੀ ਖਰੀਦੋ-ਫਰੋਖਤ ਦਾ ਵੱਡਾ ਕਾਰੋਬਾਰ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਕੇਸ਼ ਕੁਮਾਰ ਨੇ ਦੱਸਿਆ ਕਿ 18 ਅਪ੍ਰੈਲ ਨੂੰ ਉਸ ਦੇ ਮੋਬਾਈਲ ਨੰਬਰ 'ਤੇ ਇਕ ਵਿਦੇਸ਼ੀ ਨੰਬਰ (+351927361380) ਤੋਂ ਕਾਲ ਆਈ। ਜਿਵੇਂ ਹੀ ਉਸ ਨੇ ਫੋਨ ਚੁੱਕਿਆ, ਦੂਜੇ ਪਾਸਿਓਂ ਬੋਲ ਰਹੇ ਵਿਅਕਤੀ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਸਿੱਧੇ ਤੌਰ 'ਤੇ ਇਕ ਕਰੋੜ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਵੇਗਾ। ਇਸ ਕਾਲ ਤੋਂ ਬਾਅਦ ਪੀੜਤ ਦਾ ਪਰਿਵਾਰ ਖੌਫ ਵਿਚ ਹੈ।
ਕਾਰੋਬਾਰੀ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਦਿੱਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਅਣਪਛਾਤੇ ਮੁਲਜ਼ਮ ਖਿਲਾਫ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਸਾਈਬਰ ਸੈੱਲ ਦੀ ਮਦਦ ਨਾਲ ਉਸ ਵਿਦੇਸ਼ੀ ਨੰਬਰ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਤਾਂ ਜੋ ਧਮਕੀ ਦੇਣ ਵਾਲੇ ਦਾ ਸੁਰਾਗ ਲਗਾਇਆ ਜਾ ਸਕੇ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਬੇਨਕਾਬ ਕਰਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ।
ਜ਼ੀਰਕਪੁਰ ’ਚ ਗੈਰ-ਕਾਨੂੰਨੀ ਹੋਰਡਿੰਗਾਂ ’ਤੇ ਹਾਈਕੋਰਟ ਸਖ਼ਤ, ਤੁਰੰਤ ਹਟਾਉਣ ਦੇ ਹੁਕਮ
NEXT STORY