ਲੁਧਿਆਣਾ(ਹਿਤੇਸ਼)-ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਾਜਾਇਜ਼ ਉਸਾਰੀ ਦੀ ਚੈਕਿੰਗ ਲਈ ਲੁਧਿਆਣਾ ਨਾ ਆਉਣ ਨੂੰ ਲੈ ਕੇ ਨਗਰ ਨਿਗਮ ਦੀ ਇਮਾਰਤੀ ਸ਼ਾਖਾ ਦੇ ਜਿਹਡ਼ੇ ਅਧਿਕਾਰੀ ਕੁਝ ਦਿਨਾਂ ਤੋਂ ਬੇਖੌਫ ਹੋ ਕੇ ਘੁੰਮ ਰਹੇ ਹਨ, ਉਨ੍ਹਾਂ ਦੇ ਲਈ ਆਉਣ ਵਾਲੇ ਸਮੇਂ ਦੌਰਾਨ ਬੁਰੀ ਖਬਰ ਆ ਸਕਦੀ ਹੈ ਕਿਉਂਕਿ ਸਿੱਧੂ ਨੇ ਲੁਧਿਆਣਾ ਆਉਣ ਦੀ ਬਜਾਏ ਚੰਡੀਗਡ਼੍ਹ ਬੈਠ ਕੇ ਹੀ ਇਨ੍ਹਾਂ ਅਧਿਕਾਰੀਆਂ ਖਿਲਾਫ ਐਕਸ਼ਨ ਲੈਣ ਦਾ ਫੈਸਲਾ ਕੀਤਾ ਹੈ। ਇਸ ਕੇਸ ਵਿਚ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਵਿਚ ਥੋਕ ਦੇ ਭਾਅ ਬਿਨਾਂ ਮਨਜ਼ੂਰੀ ਦੇ ਬਣ ਰਹੀਆਂ ਇਮਾਰਤਾਂ ਬਦਲੇ ਜੋ ਕਰ ਸਰਕਾਰ ਨੂੰ ਮਿਲਣਾ ਚਾਹੀਦਾ ਹੈ, ਉਹ ਪੈਸਾ ਇਨ੍ਹਾਂ ਇਮਾਰਤਾਂ ਦੇ ਖਿਲਾਫ ਕਾਰਵਾਈ ਨਾ ਕਰਨ ਬਦਲੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮਿਲ ਰਿਹਾ ਹੈ। ਸਿੱਧੂ ਵੱਲੋਂ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਨੂੰ ਆਪਣੇ ਕੰਮ-ਕਾਜ ਵਿਚ ਸੁਧਾਰ ਲਈ ਲਗਾਤਾਰ ਚਿਤਾਵਨੀ ਦਿੱਤੀ ਗਈ ਪਰ ਕੋਈ ਅਸਰ ਨਾ ਹੋਣ ਤੋਂ ਬਾਅਦ ਮੰਤਰੀ ਨੂੰ ਆਪ ਫੀਲਡ ਵਿਚ ਉਤਰ ਕੇ ਚੈਕਿੰਗ ਕਰਨੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਜਲੰਧਰ ਤੋਂ ਕੀਤੀ ਗਈ, ਜਿੱਥੇ ਨਾਜਾਇਜ਼ ਰੂਪ ਨਾਲ ਬਣ ਰਹੀ ਕਾਲੋਨੀ ਅਤੇ ਇਮਾਰਤ ਖਿਲਾਫ ਕਾਰਵਾਈ ਨਾ ਕਰਨ ਨੂੰ ਲੈ ਕੇ ਨਗਰ ਨਿਗਮ ਦੇ 8 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਸਿੱਧੂ ਵੱਲੋਂ ਅਜਿਹੀ ਹੀ ਚੈਕਿੰਗ ਲੁਧਿਆਣਾ ਵਿਚ ਵੀ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਇਸ ਤੋਂ ਪਹਿਲਾਂ ਕਾਂਗਰਸ ਦੇ ਕਈ ਮੰਤਰੀ ਅਤੇ ਵਿਧਾਇਕ ਇਹ ਕਹਿਣ ਲੱਗੇ ਕਿ ਨਾਜਾਇਜ਼ ਉਸਾਰੀ ਖਿਲਾਫ ਕਾਰਵਾਈ ਕਰਨ ਤੋਂ ਪਹਿਲਾਂ ਸਰਕਾਰ ਵੱਲੋਂ ਲਿਆਈ ਜਾ ਰਹੀ 1-ਟਾਈਮ ਸੈਟਲਮੈਂਟ ਪਾਲਿਸੀ ਲਾਗੂ ਹੋਣ ਤੱਕ ਉਡੀਕ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਸਿੱਧੂ ਦੇ ਲੁਧਿਆਣਾ ਆਉਣ ਦੀ ਕੋਈ ਖਬਰ ਨਹੀਂ ਮਿਲੀ ਹੈ, ਜਿਸ ਨੂੰ ਲੈ ਕੇ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਦਾ ਡਰ ਘੱਟ ਹੋਣ ਲੱਗਾ ਹੈ ਅਤੇ ਉਨ੍ਹਾਂ ਦਾ ਪੁਰਾਣਾ ਵਰਕਿੰਗ ਸਟਾਈਲ ਵਾਪਸ ਆ ਗਿਆ ਹੈ ਪਰ ਇਨ੍ਹਾਂ ਅਧਿਕਾਰੀਆਂ ਦੀ ਖੁਸ਼ੀ ਜ਼ਿਆਦਾ ਦਿਨ ਤੱਕ ਚੱਲਣ ਵਾਲੀ ਨਹੀਂ ਹੈ ਕਿਉਂਕਿ ਸਿੱਧੂ ਨੇ ਆਉਣ ਦੀ ਜਗ੍ਹਾ ਚੰਡੀਗਡ਼੍ਹ ਵਿਚ ਬੈਠ ਕੇ ਹੀ ਇਨ੍ਹਾਂ ਅਧਿਕਾਰੀਆਂ ਖਿਲਾਫ ਐਕਸ਼ਨ ਲੈਣ ਦੀ ਜੋ ਯੋਜਨਾ ਬਣਾਈ ਹੈ, ਉਸ ਦੇ ਨਤੀਜੇ ਜਲਦ ਸਾਹਮਣੇ ਆ ਸਕਦੇ ਹਨ।
ਨਾਨ ਕੰਪਾਊਂਡੇਬਲ ਇਮਾਰਤ ਬਣੇਗੀ ਕਾਰਵਾਈ ਦਾ ਆਧਾਰ
ਨਗਰ ਨਿਗਮ ਦੀ ਇਮਾਰਤੀ ਸ਼ਾਖਾ ਦੇ ਅਫਸਰ ਚਾਹੇ ਸਿੱਧੂ ਦੀ ਸਖਤੀ ਦਾ ਹਵਾਲਾ ਦਿੰਦੇ ਹੋਏ ਫੀਲਡ ਵਿਚ ਉਤਰ ਕੇ ਨਾਜਾਇਜ਼ ਉਸਾਰੀ ਦੀ ਚੈਕਿੰਗ ਕਰਨ ਦਾ ਦਾਅਵਾ ਕਰ ਰਹੇ ਹਨ ਜਿਸ ਦੇ ਤਹਿਤ ਬਿਨਾਂ ਮਨਜ਼ੂਰੀ ਦੇ ਬਣ ਰਹੀਆਂ ਇਮਾਰਤਾਂ ਦੇ ਚਲਾਨ ਪਾ ਕੇ ਜੁਰਮਾਨਾ ਵਸੂਲ ਕਰਨ ਦੀ ਗੱਲ ਕਹੀ ਗਈ ਹੈ ਪਰ ਹੁਣ ਵੀ ਸ਼ਹਿਰ ਵਿਚ ਕਾਫੀ ਅਜਿਹੀਆਂ ਉਸਾਰੀਆਂ ਹੋ ਰਹੀਆਂ ਹਨ, ਜਿਨ੍ਹਾਂ ਦਾ ਨਾ ਤਾਂ ਨਕਸ਼ਾ ਪਾਸ ਹੋ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਰੈਗੂਲਰ ਕੀਤਾ ਜਾ ਸਕਦਾ ਹੈ। ਅਜਿਹੀਆਂ ਇਮਾਰਤਾਂ ਨਾਨ ਕੰਪਾਊਂਡੇਬਲ ਕੈਟਾਗਰੀ ਵਿਚ ਆਉਂਦੀਆਂ ਹਨ, ਜਿਨ੍ਹਾਂ ਇਮਾਰਤਾਂ ਖਿਲਾਫ ਸੀਲਿੰਗ ਜਾਂ ਡੈਮੋਲਿਸ਼ਨ ਦੀ ਕਾਰਵਾਈ ਬਣਦੀ ਹੈ ਪਰ ਇਮਾਰਤੀ ਸ਼ਾਖਾ ਦੇ ਅਧਿਕਾਰੀਆਂ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਜਿਸ ਨੂੰ ਉਨ੍ਹਾਂ ਖਿਲਾਫ ਐਕਸ਼ਨ ਲੈਣ ਦਾ ਆਧਾਰ ਬਣਾਇਆ ਜਾ ਰਿਹਾ ਹੈ।
ਨਿਸ਼ਾਨੇ ’ਤੇ ਜ਼ੋਨ ਡੀ ਦਾ ਏਰੀਆ
ਸਿੱਧੂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਵਿਚ ਮੁੱਖ ਰੂਪ ਨਾਲ ਜ਼ੋਨ ਡੀ ਅਧੀਨ ਆਉਂਦੇ ਇਲਾਕੇ ਵਿਚ ਬਣ ਰਹੀਆਂ ਇਮਾਰਤਾਂ ਸ਼ਾਮਲ ਹਨ ਕਿਉਂਕਿ ਬੀ.ਆਰ.ਐੱਸ. ਨਗਰ, ਸਰਾਭਾ ਨਗਰ, ਗੁਰਦੇਵ ਨਗਰ, ਮਾਡਲ ਟਾਊਨ, ਪੱਖੋਵਾਲ ਰੋਡ, ਫਿਰੋਜ਼ਪੁਰ ਰੋਡ, ਘੁਮਾਰ ਮੰਡੀ ਦੇ ਨਾਲ ਲਗਦੇ ਰਿਹਾਇਸ਼ੀ ਇਲਾਕਿਆਂ ਵਿਚ ਵੱਡੇ ਪੱਧਰ ’ਤੇ ਨਾਜਾਇਜ਼ ਵਪਾਰਕ ਉਸਾਰੀਆਂ ਹੋ ਗਈਆਂ ਹਨ, ਜਿਨ੍ਹਾਂ ਵਿਚ ਰੈਸਟੋਰੈਂਟ, ਸ਼ੋਅਰੂਮ, ਕੰਪਲੈਕਸ ਸ਼ਾਮਲ ਹਨ, ਜਿਨ੍ਹਾਂ ਵਿਚੋਂ ਕਈ ਇਮਾਰਤਾਂ ਨੂੰ ਸੀਲ ਕਰਨ ਤੋਂ ਬਾਅਦ ਮੁਡ਼ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਜ਼ੋਨ ਡੀ ਵਿਚ ਕਾਫੀ ਦੇਰ ਤੋਂ ਲੱਗੇ ਹੋਏ ਏ.ਟੀ.ਪੀ. ਵਿਜੇ ਕੁਮਾਰ ਦਾ ਜ਼ਿੰਮੇਵਾਰੀ ਤੋਂ ਬਚਣਾ ਮੁਸ਼ਕਲ ਨਜ਼ਰ ਆ ਰਿਹਾ ਹੈ।
ਇਨਸਾਫ ਲੈਣ ਲਈ ਮਾਵਾਂ-ਧੀਆਂ ਖਾ ਰਹੀਆਂ ਹਨ ਦਰ-ਦਰ ਦੀਆਂ ਠੋਕਰਾਂ
NEXT STORY