ਚੰਡੀਗੜ੍ਹ — ਪੰਜਾਬ ਦੀ ਸਿਆਸਤ 'ਚ ਸੱਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ ਪਰ ਇਸ ਵਾਰ ਸਿਆਸੀ ਗਲਿਆਰਿਆਂ 'ਚ ਉਨ੍ਹਾਂ ਦੀ ਚਰਚਾ ਸੱਭਿਆਚਾਰ ਨਾਲ ਜੁੜੇ ਕਲਾਕਾਰ ਦੀ ਆਰਥਿਕ ਮਦਦ ਕਰਨ ਨਾਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੱਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਇਲਾਜ ਦਾ ਅੱਠ ਲੱਖ ਰੁਪਏ ਦਾ ਬਿੱਲ ਆਪਣੀ ਜੇਬ 'ਚੋਂ ਅਦਾ ਕੀਤਾ ਹੈ। ਪੰਜਾਬ ਭਵਨ 'ਚ ਸੱਭਿਆਚਾਰ ਨੀਤੀ ਬਾਰੇ ਬੈਠਕ ਦੌਰਾਨ ਜਦ ਉਨ੍ਹਾਂ ਨੂੰ ਔਲਖ ਦੀ ਹਾਲਤ ਤੇ ਇਲਾਜ ਦੇ ਖਰਚੇ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਤੁਰੰਤ ਵਾਅਦਾ ਕੀਤਾ ਕੀ ਉਹ 8 ਲੱਖ ਰੁਪਏ ਆਪਣੇ ਪਲਿਉਂ ਦੇਣਗੇ। ਸਿੱਧੂ ਮੀਟਿੰਗ ਤੋਂ ਬਾਅਦ ਫੌਰਟਿਸ ਹਸਪਤਾਲ 'ਚ ਅਜਮੇਰ ਔਲਖ ਦਾ ਹਾਲ ਜਾਨਣ ਪਹੁੰਚੇ ਤੇ ਕੀਤੇ ਵਾਅਦੇ ਮੁਤਾਬਕ 8 ਲੱਖ ਰੁਪਏ ਦਾ ਚੈੱਕ ਔਲਖ ਦੀ ਧੀ ਸੁਹਜ ਬਰਾੜ ਤੇ ਜਵਾਈ ਗੁਰਵਿੰਦਰ ਬਰਾੜ ਦੇ ਹੱਥੋਂ ਫੌਰਟਿਸ ਹਸਪਤਾਲ ਨੂੰ ਦਿੱਤਾ।
ਉਥੇ ਹੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬੀ ਨਾਟਕਾਰ ਦੇ ਇਲਾਜ ਦਾ ਸਾਰਾ ਖਰਚ ਸੂਬਾ ਸਰਕਾਰ ਵਲੋਂ ਦੇਣ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ ਤੇ ਉਨ੍ਹਾਂ ਹਸਪਤਾਲ ਨੂੰ ਇਹ ਬਿੱਲ ਰਾਜ ਸਰਕਾਰ ਨੂੰ ਭੇਜਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸਿੱਧ ਨਾਟਕਕਾਰ ਤੇ ਸਾਹਿਤਕਾਰ ਔਲਖ ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ ਪਰ ਹੁਣ ਉਨ੍ਹਾਂ ਦੀ ਸਿਹਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਸਰਕਾਰੀ ਸਨਮਾਨਾਂ ਨਾਲ ਹੋਇਆ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ (ਵੀਡੀਓ)
NEXT STORY