ਜਲੰਧਰ (ਰਾਹੁਲ, ਚੋਪੜਾ )- ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਪਹਿਲੀ ਵਾਰ ਜਲੰਧਰ ਪਹੁੰਚੇ, ਜਿੱਥੇ ਉਨ੍ਹਾਂ ਨੇ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜ਼ੀਆਂ, ਵਿਧਾਇਕ ਪਰਗਟ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੰਘ ਸਿੱਧੂ, ਬੇਕਾਬੂ ਹੋਈ ਭੀੜ ਨੇ ਤੋੜਿਆ ਕਾਂਗਰਸ ਭਵਨ ਦਾ ਦਰਵਾਜ਼ਾ (ਤਸਵੀਰਾਂ)
ਇਸੇ ਮੌਕੇ ਖੇਤੀ ਕਾਨੂੰਨਾਂ ਖ਼ਿਲਾਫ਼ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਮੋਰਚਾ ਖੋਲ੍ਹਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗਾ। ਖੇਤੀਬਾੜੀ ਸੁਧਾਰ ਕਾਨੂੰਨ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਟੇਟ ਦੇ ਅਧਿਕਾਰਾਂ ਦੀ ਵਰਤੋਂ ਕਰ ਰਹੀ ਹੈ, ਉਸ ਦੇ ਉਪਰ ਨਵਾਂ ਕਾਨੂੰਨ ਬਣਨਾ ਚਾਹੀਦਾ ਹੈ।ਖੇਤੀਬਾੜੀ ਇਕ ਰਾਜ ਦਾ ਵਿਸ਼ਾ ਹੈ, ਵਪਾਰ ਦੀ ਆੜ ਵਿਚ ਸੂਬਾ ਸਰਕਾਰ ਦੇ ਅਧਿਕਾਰ ਖੋਹ ਲਏ ਗਏ ਹਨ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਖੇਤੀਬਾੜੀ ਕਾਨੂੰਨ ਵਿਚ ਸੋਧ ਨਾ ਕਰਵਾਉਣ ਜਾਂ ਕਰਨ, ਸਗੋਂ ਐੱਸ. ਵਾਈ. ਐੱਲ. ਦੀ ਤਰ੍ਹਾਂ ਸਟੈਂਡ ਲੈ ਕੇ ਉਨ੍ਹਾਂ ਨੂੰ ਸਿਰੇ ਤੋਂ ਨਕਾਰ ਦੇਣ।
ਇਹ ਵੀ ਪੜ੍ਹੋ: ਪਰਗਟ ਸਿੰਘ ਦਾ ਵੱਡਾ ਬਿਆਨ, ਚੋਣ ਪ੍ਰਚਾਰ ਲਈ ਤਾਂ ਹੀ ਜਾਵਾਂਗੇ ਜਦੋਂ ਸਾਰੇ ਵਾਅਦੇ ਹੋਣਗੇ ਪੂਰੇ

ਸਿੱਧੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਨੁਕਸਾਨ ਵਾਲੇ ਕੀਤੇ ਗਏ ਬਿਜਲੀ ਦੇ ਸਮਝੌਤੇ ਰੱਦ ਹੋਣੇ ਚਾਹੀਦੇ ਹਨ। ਪੰਜਾਬ ਵਿੱਚ ਮਹਿੰਗੀ ਬਿਜਲੀ ਬਾਦਲ ਸਰਕਾਰ ਵੱਲੋਂ ਕੀਤੇ ਹੋਏ ਪਾਵਰ ਪਰਚੇਜ਼ ਐਗਰੀਮੈਂਟ ਹਨ। ਇਨ੍ਹਾਂ ਐਗਰੀਮੈਂਟ ਵਿਚ ਫਿਕਸਡ ਚਾਰਜ ਪੀਕ ਸਮੇਂ ਜਦੋਂ ਪੰਜਾਬ ਵਿੱਚ ਝੋਨੇ ਦੀ ਲਵਾਈ ਹੁੰਦੀ ਹੈ, ਨੂੰ ਲੈ ਕੇ ਨਿਰਧਾਰਿਤ ਕੀਤੇ ਗਏ ਸਨ ਪਰ ਸੂਬੇ ਵਿੱਚ ਸਰਦੀਆਂ ਨੂੰ ਇਹ ਮੰਗ ਘਟ ਜਾਂਦੀ ਹੈ ਪਰ ਨਿਰਧਾਰਿਤ ਕੀਤੇ ਗਏ ਪੈਸੇ ਪਾਵਰ ਪਲਾਂਟਾਂ ਨੂੰ ਅਦਾ ਕਰਨੇ ਪੈਂਦੇ ਹਨ।
ਸਿੱਧੂ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਬਿਜਲੀ ਮਾਡਲ ਦੀ ਵੀ ਅਲੋਚਨਾ ਕੀਤੀ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਪੱਛੜੇ ਵਰਗ, ਬੀ. ਪੀ. ਐੱਲ. ਪਰਿਵਾਰਾਂ ਆਦਿ ਨੂੰ 10 ਹਜ਼ਾਰ ਕਰੋੜ ਦੀ ਸਬਸਿਡੀ ਦਿੰਦੀ ਹੈ। ਇਸ ਦੇ ਉਲਟ, ਦਿੱਲੀ ਸਿਰਫ਼ 1700 ਕਰੋੜ ਰੁਪਏ ਦੀ ਸਬਸਿਡੀ ਦਿੰਦੀ ਹੈ। ਪੰਜਾਬ ਵਿਚ ਉਦਯੋਗਿਕ ਅਤੇ ਵਪਾਰਕ ਬਿਜਲੀ ਦਿੱਲੀ ਨਾਲੋਂ ਸਸਤੀ ਹੈ।
ਇਹ ਵੀ ਪੜ੍ਹੋ: ਜਲੰਧਰ: ਸ਼ਰੇਆਮ ਪਤੀ-ਪਤਨੀ ਦੀ ਕੁੱਟਮਾਰ ਕਰਕੇ ਖ਼ੂਨ ਨਾਲ ਕੀਤਾ ਲਥਪਥ, ਪੁਲਸ ਵੇਖਦੀ ਰਹੀ ਤਮਾਸ਼ਾ

ਨਸ਼ੇ ਦੇ ਮੁੱਦੇ 'ਤੇ ਬੋਲਦੇ ਸਿੱਧੂ ਨੇ ਕਿਹਾ ਕਿ ਸਪੈਸ਼ਲ ਟਾਸਕ ਫੋਰਸ ਵੱਲੋਂ ਨਾਮਜ਼ਦ ਕੀਤੇ ਗਏ ਵੱਡੇ ਮਗਰਮੱਛਾਂ ਨੂੰ ਫੜਨਾ ਚਾਹੀਦਾ ਹੈ। ਇਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਖ਼ਰਾਬ ਕੀਤੀ ਹੈ। ਨਸ਼ਾ ਤਸਕਰ ਸੱਤਾ ਵਿਚ ਰਹਿਣ ਵਾਲੇ ਵੱਡੇ ਮਗਰਮੱਛ ਦੇ ਨਾਲ ਲਾਲ ਗੱਡੀਆਂ ਵਿਚ ਘੁੰਮਦੇ ਸਨ, ਹੁਣ ਉਨ੍ਹਾਂ ਲਿਫ਼ਾਫ਼ੇ ਖੁੱਲ੍ਹਣੇ ਚਾਹੀਦੇ ਹਨ। ਇਸ ਦੇ ਇਲਾਵਾ ਬੇਅਦਬੀ ਦੇ ਮੁੱਦੇ 'ਤੇ ਬੋਲਦੇ ਸਿੱਧੂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
ਨਿਗਮ ਦੇ ਸਫ਼ਾਈ ਕਰਮਚਾਰੀਆਂ ਦਾ ਅਧਿਕਾਰ ਹੈ ਕਿ ਸਰਕਾਰ ਨੂੰ ਉਨ੍ਹਾਂ ਨਾਲ ਸੰਪਰਕ ਅਤੇ ਗੱਲਬਾਤ ਕਰਨੀ ਚਾਹੀਦੀ ਹੈ। ਜਿਹੜੇ ਵਰਕਰ ਡਿਜ਼ਰਵ ਕਰਦੇ ਹਨ, ਉਨ੍ਹਾਂ ਨੂੰ ਸਨਮਾਨ ਦੇਣਾ ਹੈ। ਅਗਲੀਆਂ ਚੋਣਾਂ ਅਸੀਂ ਪੰਜਾਬ ਅਤੇ ਅਗਲੀ ਪੀੜ੍ਹੀ ਲਈ ਲੜਨੀਆਂ ਹਨ, ਇਸ ਲਈ ਏ. ਸੀ. ਕਮਰਿਆਂ ਨੂੰ ਛੱਡ ਕੇ ਸੜਕਾਂ ’ਤੇ ਉਤਰ ਕੇ ਪਸੀਨਾ ਵਹਾਅ ਕੇ ਨਵੇਂ ਜ਼ਮੀਨੀ ਆਗੂ ਤਿਆਰ ਕਰਨੇ ਹੋਣਗੇ। ਵਰਕਰ ਹੀ ਹੈ, ਜਿਹੜਾ ਸਾਨੂੰ ਲਾਲ ਬੱਤੀ ਲਾ ਕੇ ਸੱਤਾ ਸੁੱਖ ਦਿਵਾ ਦੇਵੇ ਅਤੇ ਚਾਹੇ ਤਾਂ ਲਾਹ ਕੇ ਜ਼ਮੀਨ ’ਤੇ ਬਿਠਾ ਦੇਵੇ।
ਸਿੱਧੂ ਦੀ ਵਰਕਰਾਂ ਨੂੰ ਨਸੀਹਤ
ਸਿੱਧੂ ਨੇ ਵਰਕਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਤੇਰਾ-ਮੇਰਾ ਛੱਡ ਕੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਇਕਜੁੱਟ ਹੋ ਜਾਣ। ਹਰੇਕ ਵਰਕਰ ਨੂੰ ਅਹੁਦੇ ਅਤੇ ਚੇਅਰਮੈਨੀਆਂ ਦੀ ਲਾਲਸਾ ਛੱਡ ਕੇ ਸੋਚਣਾ ਹੋਵੇਗਾ ਕਿ ਮੈਂ ਬਿਨਾਂ ਸੁਆਰਥ ਪੰਜਾਬ ਲਈ ਕੀ ਕਰ ਸਕਦਾ ਹਾਂ। ਉਂਝ ਤਾਂ ਸੰਗਠਨ ਦੀ ਮੀਟਿੰਗ ਸੀ ਪਰ ਤੁਹਾਡੇ ਉਤਸ਼ਾਹ ਨੇ ਇਸ ਨੂੰ ਕੋਈ ਹੋਰ ਹੀ ਰੂਪ ਦੇ ਦਿੱਤਾ। ਅਗਲੀ ਵਾਰ ਅਸੀਂ ਸੰਗਠਨ ਦੀ ਮੀਟਿੰਗ ਵਿਚ ਸੰਗਠਨ ਨੂੰ ਹੀ ਤਕੜਾ ਕਰਨਾ ਹੈ। ਕਾਂਗਰਸ ਦੇ ਵਰਕਰ ਅਤੇ ਸਿੱਧੂ ਵਿਚ ਕੋਈ ਫਰਕ ਨਹੀਂ। ਅੱਜ ਵਰਕਰ ਅਤੇ ਲੀਡਰ ਵਿਚਕਾਰ ਫਾਸਲੇ ਮਿਟ ਗਏ ਹਨ। ਪੰਜਾਬ ਦਾ ਹਰੇਕ ਵਰਕਰ ਅੱਜ ਕਾਂਗਰਸ ਦਾ ਪ੍ਰਧਾਨ ਹੈ। ਸਿੱਧੂ ਨੇ ਕਿਹਾ ਕਿ ਉਹ ਸੂਬੇ ਦੀ ਜਨਤਾ ਨਾਲ ਜੁੜੇ ਪ੍ਰਮੁੱਖ ਮਸਲਿਆਂ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਨੂੰ ਮੰਗ-ਪੱਤਰ ਦੇ ਕੇ ਆਏ ਹਨ। ਉਨ੍ਹਾਂ ਨੂੰ ਖੁਸ਼ੀ ਹੈ ਕਿ ਉਸ ’ਤੇ ਕੰਮ ਸ਼ੁਰੂ ਹੋ ਗਿਆ ਹੈ। ਮੇਰਾ ਕੋਈ ਵੀ ਵਿਰੋਧ ਕਰਦਾ ਹੈ ਤਾਂ ਮੈਂ ਉਸ ਨੂੰ ਸਵੀਕਾਰ ਕਰਦਾ ਹਾਂ। ਵਿਰੋਧ ਹੀ ਮੈਨੂੰ ਹੋਰ ਬਿਹਤਰ ਬਣਾਏਗਾ।

ਇਸ ਮੌਕੇ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ, ਕਾਕੂ ਆਹਲੂਵਾਲੀਆ, ਅਸ਼ਵਨ ਭੱਲਾ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸਤਨਾਮ ਸਿੰਘ ਬਿੱਟਾ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਮਨੋਜ ਅਗਰਵਾਲ, ਖਾਦੀ ਬੋਰਡ ਦੇ ਮੈਂਬਰ ਮੇਜਰ ਸਿੰਘ, ਜ਼ਿਲਾ ਯੂਥ ਕਾਂਗਰਸ ਦਿਹਾਤੀ ਪ੍ਰਧਾਨ ਹਨੀ ਜੋਸ਼ੀ, ਸ਼ਹਿਰੀ ਪ੍ਰਧਾਨ ਅੰਗਦ ਦੱਤਾ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਰਵੀ ਸੈਣੀ, ਜਗਜੀਤ ਸਿੰਘ ਕੰਬੋਜ, ਬੰਟੀ ਨੀਲਕੰਠ, ਪਵਨ ਕੁਮਾਰ, ਪ੍ਰੀਤ ਖਾਲਸਾ, ਦੀਪਕ ਸ਼ਾਰਦਾ, ਸਰਦਾਰੀ ਲਾਲ ਭਗਤ, ਮਨੂ ਬੜਿੰਗ, ਜਗਦੀਪ ਸਿੰਘ ਸੋਨੂੰ, ਸਹਿਜ ਛਾਬੜਾ, ਵਿੱਕੀ ਕਾਲੀਆ, ਮਨਦੀਪ ਜੱਸਲ, ਵਿਜੇ ਦਕੋਹਾ, ਮਹਿੰਦਰ ਿਸੰਘ ਗੁੱਲੂ, ਕਮਲਜੀਤ ਸਿੰਘ ਮੁਲਤਾਨੀ, ਸ਼ਮਸ਼ੇਰ ਸਿੰਘ ਖਹਿਰਾ, ਸੁਰਿੰਦਰ ਕੁਮਾਰੀ, ਕੁਲਦੀਪ ਭੁੱਲਰ, ਰਾਜੇਸ਼ ਜਿੰਦਲ ਟੋਨੂੰ, ਦੀਪਕ ਮੋਦੀ, ਹਰਜਿੰਦਰ ਲਾਡਾ, ਚਰਨਜੀਤ ਸਿੰਘ ਚੰਨੀ, ਮੁਹੰਮਦ ਕਲੀਮ ਆਜ਼ਾਦ, ਵਿਕਰਮ ਖਹਿਰਾ ਆਦਿ ਵੀ ਮੌਜੂਦ ਸਨ।
ਕਿਸੇ ਵਿਧਾਇਕ ਅਤੇ ਆਗੂ ਨੂੰ ਮੰਚ ’ਤੇ ਬੋਲਣ ਦਾ ਨਹੀਂ ਮਿਲਿਆ ਮੌਕਾ
ਨਵਜੋਤ ਸਿੱਧੂ ਦੇ ਆਉਣ ਤੋਂ ਬਾਅਦ ਕਾਂਗਰਸ ਭਵਨ ਵਿਖੇ ਵਰਕਰਾਂ ਵਿਚ ਇੰਨਾ ਹਫ਼ੜਾ-ਦਫੜੀ ਵਾਲਾ ਮਾਹੌਲ ਬਣਿਆ ਰਿਹਾ ਕਿ ਮੰਚ ’ਤੇ ਸਿੱਧੂ ਦੇ ਨਾਲ ਬੈਠੇ ਕਿਸੇ ਵੀ ਆਗੂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ। ਇਕੱਲੇ ਸਿੱਧੂ ਨੇ ਹੀ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਅਤੇ ਜਿਉਂ ਹੀ ਉਨ੍ਹਾਂ ਦਾ ਭਾਸ਼ਣ ਖਤਮ ਹੋਇਆ, ਪ੍ਰੋਗਰਾਮ ਦੀ ਸਮਾਪਤੀ ਕਰ ਦਿੱਤੀ ਗਈ।
ਵਧੇਰੇ ਚੇਅਰਮੈਨ ਅਤੇ ਕੈਪਟਨ ਖੇਮੇ ਨਾਲ ਜੁੜੇ ਕਾਂਗਰਸੀ ਰਹੇ ਗੈਰ-ਹਾਜ਼ਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਭਾਵੇਂ ਸੀਜ਼ਫਾਇਰ ਚੱਲ ਰਿਹਾ ਹੈ ਪਰ ਦੋਵਾਂ ਖੇਮਿਆਂ ਵਿਚ ਖਿੱਚੋਤਾਣ ਅੱਜ ਵੀ ਜਾਰੀ ਹੈ। ਅੱਜ ਜਿੱਥੇ ਸਿੱਧੂ ਨੇ ਇਕ ਵਾਰ ਫਿਰ ਤੋਂ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲੈਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਉਥੇ ਹੀ ਮੁੱਖ ਮੰਤਰੀ ਵੱਲੋਂ ਵੱਖ-ਵੱਖ ਮਹਿਕਿਮਆਂ ਵਿਚ ਬਣਾਏ ਗਏ ਚੇਅਰਮੈਨ, ਡਾਇਰੈਕਟਰ ਅਤੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨ ਦੇ ਮੈਂਬਰਾਂ ਨੇ ਪੂਰੇ ਪ੍ਰੋਗਰਾਮ ਤੋਂ ਆਪਣੀ ਦੂਰੀ ਬਣਾਈ ਰੱਖੀ। ਇਸ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਅਤੇ ਆਦਮਪੁਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਮਹਿੰਦਰ ਸਿੰਘ ਕੇ. ਪੀ., ਨਕੋਦਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਜਗਬੀਰ ਸਿੰਘ ਬਰਾੜ, ਡਿਸਟ੍ਰਿਕਟ ਪਲਾਨਿੰਗ ਬੋਰਡ ਦੇ ਚੇਅਰਮੈਨ ਮਨੋਜ ਅਰੋੜਾ, ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ, ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ, ਯਸ਼ਪਾਲ ਧੀਮਾਨ, ਭੁਪਿੰਦਰ ਸਿੰਘ ਜੌਲੀ ਸਮੇਤ ਕਈ ਵਿਭਾਗਾਂ ਵਿਚ ਲਾਏ ਗਏ ਡਾਇਰੈਕਟਰ ਅਤੇ ਟਕਸਾਲੀ ਆਗੂ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਏ। ਇਥੋਂ ਤੱਕ ਕਾਂਗਰਸ ਦੇ ਪ੍ਰੋਗਰਾਮਾਂ ਨੂੰ ਲੈ ਕੇ ਬਹੁਤ ਸਰਗਰਮ ਰਹਿਣ ਵਾਲੀ ਜ਼ਿਲਾ ਮਹਿਲਾ ਕਾਂਗਰਸ ਸ਼ਹਿਰੀ ਦੀ ਪ੍ਰਧਾਨ ਡਾ. ਜਸਲੀਨ ਸੇਠੀ ਵੀ ਪ੍ਰੋਗਰਾਮ ਵਿਚ ਨਹੀਂ ਪੁੱਜੀ।

ਸਿੱਧੂ ਦੇ ਸੁਰੱਖਿਆ ਮੁਲਾਜ਼ਮਾਂ ਕੋਲੋਂ ਧੱਕੇ ਖਾਂਦੇ ਰਹੇ ਕਾਂਗਰਸੀ, ਚੱਪੇ-ਚੱਪੇ ’ਤੇ ਤਾਇਨਾਤ ਰਹੀ ਪੁਲਸ
ਉਂਝ ਤਾਂ ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਹਰੇਕ ਵਰਕਰ ਹੀ ਸਿੱਧੂ ਹੈ ਪਰ ਕਾਂਗਰਸ ਭਵਨ ਵਿਚ ਸਿੱਧੂ ਦੇ ਨੇੜੇ ਜਾਣ ਅਤੇ ਫੋਟੋ ਸੈਸ਼ਨ ਕਰਨ ਨੂੰ ਲੈ ਕੇ ਜੁਗਾੜ ਵਿਚ ਲੱਗੇ ਕਈ ਕਾਂਗਰਸੀਆਂ ਨੂੰ ਸਿੱਧੂ ਦੇ ਸੁਰੱਖਿਆ ਮੁਲਾਜ਼ਮਾਂ ਕੋਲੋਂ ਧੱਕੇ ਖਾਣੇ ਪਏ। ਇਸ ਕਾਰਨ ਕਾਂਗਰਸੀ ਆਗੂਆਂ ਵਿਚ ਬਹੁਤ ਮਾਯੂਸੀ ਦੇਖਣ ਨੂੰ ਮਿਲ ਰਹੀ ਸੀ। ਕਈ ਅਹੁਦੇਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਵੇਰ ਤੋਂ ਇਥੇ ਪ੍ਰਦੇਸ਼ ਪ੍ਰਧਾਨ ਨੂੰ ਮਿਲਣ ਆਏ ਹੋਏ ਹਨ ਪਰ ਸਿੱਧੂ ਨੇ ਸਾਡੇ ਲਿਆਂਦੇ ਬੁੱਕੇ ਤੱਕ ਸਵੀਕਾਰ ਨਹੀਂ ਕੀਤੇ। ਇਸ ਤੋਂ ਇਲਾਵਾ ਸਿੱਧੂ ਦੇ ਪ੍ਰੋਗਰਾਮ ਲਈ ਸੁਰੱਖਿਆ ਦੇ ਪ੍ਰਬੰਧ ਅਜਿਹੇ ਕੀਤੇ ਗਏ ਸਨ ਜਿਵੇਂ ਖੁਦ ਸੀ. ਐੱਮ. ਨੇ ਕਾਂਗਰਸ ਭਵਨ ਵਿਚ ਆਉਣਾ ਹੋਵੇ। ਕਾਂਗਰਸ ਭਵਨ ਦੇ ਬਾਹਰ ਤੇ ਅੰਦਰ ਚੱਪੇ-ਚੱਪੇ ’ਤੇ ਪੁਲਸ ਤਾਇਨਾਤ ਕੀਤੀ ਹੋਈ ਸੀ। ਕਾਂਗਰਸ ਭਵਨ ਦੇ ਆਲੇ-ਦੁਆਲੇ ਸਾਰੀਆਂ ਸੜਕਾਂ ਨੂੰ ਬੈਰੀਕੇਡ ਲਾ ਕੇ ਬੰਦ ਕੀਤਾ ਹੋਇਆ ਸੀ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਮਿਸ਼ਨਰੇਟ ਪੁਲਸ ਦੇ ਕਈ ਸੀਨੀਅਰ ਪੁਲਸ ਅਧਿਕਾਰੀ ਖੁਦ ਸਿੱਧੂ ਦੀ ਸੁਰੱਖਿਆ ਸਬੰਧੀ ਪ੍ਰਬੰਧਾਂ ਨੂੰ ਲੈ ਕੇ ਫੀਲਡ ਵਿਚ ਤਾਇਨਾਤ ਦਿਸੇ। ਇਥੋਂ ਤੱਕ ਕਾਂਗਰਸ ਭਵਨ ਵਿਚ ਐਂਟਰੀ ਵੀ ਪੂਰੀ ਤਰ੍ਹਾਂ ਚੈਕਿੰਗ ਕਰਨ ਤੋਂ ਬਾਅਦ ਹੀ ਦਿੱਤੀ ਜਾ ਰਹੀ ਸੀ।

ਵਿਧਾਇਕ ਰਿੰਕੂ ਤੇ ਬੇਰੀ ’ਤੇ ਕੀਤੇ ਵਿਅੰਗ, ਵਿਧਾਇਕ ਪਰਗਟ ਤੇ ਬਾਵਾ ਹੈਨਰੀ ਦੀ ਕੀਤੀ ਤਾਰੀਫ਼
ਨਵਜੋਤ ਸਿੱਧੂ ਨੇ ਆਪਣੇ ਅੰਦਾਜ਼ ਵਿਚ ਇਕ ਤਰ੍ਹਾਂ ਕੈਪਟਨ ਖੇਮੇ ਦੇ ਮੰਨੇ ਜਾਂਦੇ ਵਿਧਾਇਕ ਸੁਸ਼ੀਲ ਰਿੰਕੂ ਤੇ ਵਿਧਾਇਕ ਰਾਜਿੰਦਰ ਬੇਰੀ ’ਤੇ ਵਿਅੰਗ ਕੀਤੇ। ਸਿੱਧੂ ਨੇ ਵਿਧਾਇਕ ਰਿੰਕੂ ਨੂੰ ਕਿਹਾ ਕਿ ਯਾਦ ਕਰੋ ਤੁਹਾਡੀ ਪਹਿਲੀ ਚੋਣ ਰੈਲੀ ਵਿਚ ਕੌਣ ਆਇਆ ਸੀ। ਅੱਜ ਮੁੱਛਾਂ ਕੁਝ ਨੀਵੀਆਂ ਹੋ ਗਈਆਂ ਹਨ। ਉਨ੍ਹਾਂ ਨੂੰ ਫਿਰ ਤੋਂ ਉੱਪਰ ਚੁੱਕੋ, ਮੈਂ ਫਿਰ ਤੋਂ ਆ ਰਿਹਾ ਹਾਂ। ਦੂਜੇ ਪਾਸੇ ਵਿਧਾਇਕ ਰਾਜਿੰਦਰ ਬੇਰੀ ਨੂੰ ਨਿਸ਼ਾਨਾ ਬਣਾਉਂਦਿਆਂ ਸਿੱਧੂ ਨੇ ਕਿਹਾ ਕਿ ਸਾਰੇ ਬੇਰੀ ਨੂੰ ਬੇਰ ਖੁਆ-ਖੁਆ ਕੇ ਤਕੜਾ ਕਰੋ। ਇਨ੍ਹਾਂ ਨੂੰ ਦੁਬਾਰਾ ਚੋਣ ਜਿਤਾਉਣੀ ਹੈ। ਜਦੋਂ ਵਿਧਾਇਕ ਬਾਵਾ ਹੈਨਰੀ ਦੀ ਗੱਲ ਆਈ ਤਾਂ ਸਿੱਧੂ ਨੇ ਕਿਹਾ ਕਿ ਇਹ ਕੋਈ ਮਿੱਟੀ ਦਾ ਬਾਵਾ ਨਹੀਂ ਹੈ, ਸਗੋਂ ਬੱਬਰ ਸ਼ੇਰ ਹੈ। ਵਿਧਾਇਕ ਪਰਗਟ ਸਿੰਘ ਦੀ ਖੂਬ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ ਪਰਗਟ ਸਿੰਘ ਹੀਰੋ ਸਰਦਾਰ ਹੈ। ਹਮੇਸ਼ਾ ਟੀਮ ਦੀ ਗੱਲ ਕਰਦਾ ਹੈ। ਸਿੱਧੂ ਨੇ ਕਿਹਾ ਕਿ ਕੋਈ ਵੱਡਾ ਖਿਡਾਰੀ ਮੈਚ ਨਹੀਂ ਜਿੱਤਦਾ, ਜਿੱਤਦੀ ਹਮੇਸ਼ਾ ਟੀਮ ਹੈ। ਵਿਧਾਇਕ ਲਾਡੀ ਸ਼ੇਰੋਵਾਲੀਆ ਬਾਰੇ ਸਿੱਧੂ ਨੇ ਕਿਹਾ ਕਿ ਲਾਡੀ ਅਤੇ ਉਨ੍ਹਾਂ ਵਿਚ ਕੋਈ ਅੰਤਰ ਨਹੀਂ ਹੈ।
ਸਿੱਧੂ ਦੇ ਸ਼ਾਇਰਾਨਾ ਅੰਦਾਜ਼ ਨੇ ਲੁੱਟੀ ਮਹਿਫ਼ਿਲ
ਵਰਕਰਾਂ ਨੂੰ ਸੰਬੋਧਨ ਕਰਨ ਦੌਰਾਨ ਨਵਜੋਤ ਸਿੱਧੂ ਦੇ ਸ਼ਾਇਰਾਨਾ ਅੰਦਾਜ਼ ਨੇ ਮਹਿਫ਼ਿਲ ਨੂੰ ਲੁੱਟ ਲਿਆ। ਜਦੋਂ-ਜਦੋਂ ਸਿੱਧੂ ਕਿਸੇ ਤਰਕ ਨੂੰ ਸ਼ਾਇਰੀ ਵਿਚ ਬਿਆਨਦੇ ਤਾਂ ਉਨ੍ਹਾਂ ਦੇ ਅੰਦਾਜ਼ ਤੋਂ ਬਾਗੋ-ਬਾਗ ਕਾਂਗਰਸੀ ਜੰਮ ਕੇ ਨਾਅਰੇਬਾਜ਼ੀ ਕਰਦੇ। ਸਿੱਧੂ ਵੀ ਆਪਣੇ ਭਾਸ਼ਣ ਦੌਰਾਨ ਵਿਚ-ਵਿਚ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਾ ਕੇ ਹਾਜ਼ਰੀਨ ਵਿਚ ਜੋਸ਼ ਭਰਦੇ ਰਹੇ। ਸਿੱਧੂ ਦੇ 28 ਮਿੰਟਾਂ ਦੇ ਭਾਸ਼ਣ ਵਿਚੋਂ ਲਗਭਗ 7-8 ਮਿੰਟ ਤਾਂ ਨਾਅਰਿਆਂ ਵਿਚ ਹੀ ਲੰਘ ਗਏ।

ਉਥੇ ਹੀ ਇਸ ਮੌਕੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜ਼ੀਆਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਪਿ੍ਰਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਵੱਡਾ ਇਤਿਹਾਸਕ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਨਵਜੋਤ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣੇਗੀ।
ਇਹ ਵੀ ਪੜ੍ਹੋ: ਫਿਲੌਰ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਕੱਪੜੇ ’ਚ ਬੰਨ੍ਹ ਕੇ ਸੁੱਟਿਆ ਨਵਜਨਮਿਆ ਬੱਚਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਭਰਾ ਦੀ ਮੌਤ ਹੋਣ 'ਤੇ ਮੂੰਹ ਦੇਖਣ ਤੋਂ ਪਹਿਲਾਂ ਹੀ ਭੈਣ ਨੇ ਵੀ ਤਿਆਗੇ ਪ੍ਰਾਣ
NEXT STORY