ਨਵਾਂਸ਼ਹਿਰ/ਖਟਕੜ ਕਲਾਂ/ਬੰਗਾ(ਮਨੋਰੰਜਨ, ਪੂਜਾ, ਮੂੰਗਾ, ਭਾਰਤੀ, ਰਕੇਸ਼, ਚਮਨ ਲਾਲ,ਭਟੋਆ)— ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਅਤੇ ਮਿਊਜ਼ੀਅਮ ਦੇ ਉਸਾਰੀ ਕਾਰਜ ਦੇ 8 ਸਾਲਾਂ ਤੋਂ ਲਟਕਣ ਦਾ ਗੰਭੀਰ ਨੋਟਿਸ ਲੈਂਦਿਆਂ ਸੱਭਿਆਚਾਰਕ ਮਾਮਲਿਆਂ ਅਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਪ੍ਰਾਜੈਕਟ ਦਾ ਨਿੱਜੀ ਤੌਰ 'ਤੇ ਜਾਇਜ਼ਾ ਲਿਆ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੇ ਮਿਊਜ਼ੀਅਮ ਦਾ ਕੰਮ 2009 'ਚ ਪਿਛਲੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ, ਜਿਸ ਨੂੰ ਮੁਕੰਮਲ ਕਰਨ ਦਾ ਸਮਾਂ 2011 ਮਿੱਥਿਆ ਗਿਆ ਸੀ ਪਰ ਮਿਆਦ ਨੂੰ 6 ਸਾਲ ਲੰਘਣ ਤੋਂ ਬਾਅਦ ਵੀ ਇਹ ਪ੍ਰਾਜੈਕਟ ਨੇਪਰੇ ਨਹੀਂ ਚੜ੍ਹਿਆ। ਉਨ੍ਹਾਂ ਮੌਕੇ 'ਤੇ ਮੌਜੂਦ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਨਾਲ ਗੱਲ ਕਰਕੇ ਵਿਸ਼ਵਾਸ ਦਿੱਤਾ ਕਿ ਹਰ ਹੀਲੇ 23 ਮਾਰਚ 2018 ਤੱਕ ਇਸ ਨੂੰ ਮੁਕੰਮਲ ਕਰਕੇ ਰਾਸ਼ਟਰ ਨੂੰ ਸਮਰਪਿਤ ਕਰਾਂਗੇ।
ਸ. ਸਿੱਧੂ ਨੇ ਕਿਹਾ ਕਿ ਸ਼ਹੀਦਾਂ ਨਾਲ ਜੁੜੀਆਂ ਇਤਿਹਾਸਕ ਥਾਵਾਂ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਦੇ ਮਕਸਦ ਨਾਲ ਉਨ੍ਹਾਂ ਦੇ ਵਿਭਾਗ ਵੱਲੋਂ ਸੈਰ-ਸਪਾਟਾ ਨੀਤੀ ਬਣਾਈ ਜਾ ਰਹੀ ਹੈ। ਟੂਰਿਸਟ ਸਰਕਟਸ ਤਹਿਤ ਸੂਬੇ 'ਚ ਸ਼ਹੀਦਾਂ ਨਾਲ ਸੰਬੰਧਤ ਥਾਵਾਂ ਨੂੰ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੇ ਜੀਵਨ 'ਤੇ ਭਗਤ ਸਿੰਘ ਦਾ ਬਹੁਤ ਅਸਰ ਹੈ। ਬਚਪਨ ਵਿਚ ਮੇਰੇ ਮਾਤਾ ਜੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਚਾਚਾ ਅਜੀਤ ਸਿੰਘ ਦੀਆਂ ਕਹਾਣੀਆਂ ਸੁਣਾ ਕੇ ਮੈਨੂੰ ਪ੍ਰੇਰਣਾ ਦਿੰਦੇ ਸਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸੈਲਾਨੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਖਟਕੜ ਕਲਾਂ ਲਈ ਵਿਸ਼ੇਸ਼ ਬੱਸਾਂ ਚਲਾਉਣ ਤੇ ਲੰਬੇ ਰੂਟ ਦੀਆਂ ਬੱਸਾਂ ਦੇ ਖਟਕੜ ਕਲਾਂ ਵਿਖੇ ਠਹਿਰਾਅ ਲਈ ਸੰਬੰਧਤ ਵਿਭਾਗ ਨਾਲ ਗੱਲ ਕਰਾਂਗਾ।
ਸ਼ਹਿਰਾਂ 'ਚ ਵਿਕਾਸ ਦੇ ਕੰਮਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਆਖਿਆ ਕਿ ਨਗਰ ਨਿਗਮਾਂ 'ਚ ਪ੍ਰਵਾਨਗੀ ਦੇਣ ਤੋਂ ਬਾਅਦ ਹੁਣ ਸੂਬੇ ਦੀਆਂ ਨਗਰ ਕੌਂਸਲਾਂ ਦੇ ਸੋਧੇ ਅਨੁਮਾਨ ਤਿਆਰ ਕਰ ਕੇ ਜਲਦ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ. ਸਿੱਧੂ ਨੇ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ, ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ 'ਤੇ ਫੁੱਲ ਮਾਲਾਵਾਂ ਭੇਟ ਕਰ ਕੇ ਸਿਜਦਾ ਕੀਤਾ। ਬਾਅਦ 'ਚ ਉਨ੍ਹਾਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਵੀ ਸ਼ਰਧਾ ਸੁਮਨ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਪਰਗਟ ਸਿੰਘ, ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਡਾਇਰੈਕਟਰ ਸੱਭਿਆਚਾਰਕ ਤੇ ਸੈਰ-ਸਪਾਟਾ ਵਿਭਾਗ ਸ਼ਿਵਦੁਲਾਰ ਸਿੰਘ ਢਿੱਲੋਂ, ਏ. ਡੀ. ਸੀ. (ਜ) ਰਣਜੀਤ ਕੌਰ, ਇੰਜੀ. ਸੋਮਨਾਥ ਮਾਹੀ (ਵਧੀਕ ਨਿਗਰਾਨ ਇੰਜੀ. ਪਾਵਰਕਾਮ ਬੰਗਾ ਮੰਡਲ) ਐੱਸ. ਪੀ. ਜਸਵੀਰ ਸਿੰਘ ਰਾਏ, ਐੱਸ. ਡੀ. ਐੱਮ. ਬੰਗਾ ਹਰਚਰਨ ਸਿੰਘ ਮੌਜੂਦ ਸਨ।
ਭਾਬੀਆਂ ਅਤੇ ਜੀਜਿਆਂ ਨੂੰ ਬਿਨਾਂ ਆਡਿਟ ਜਾਰੀ ਕੀਤੀ ਕਰੋੜਾਂ ਦੀ ਰਕਮ
ਸਥਾਨਕ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਕੋਲੋਂ ਪੰਜਾਬ ਦੇ ਕੁਝ ਸ਼ਹਿਰਾਂ 'ਚ ਬੀਤੇ 6 ਮਹੀਨਿਆਂ 'ਚ ਵਿਕਾਸ ਕਾਰਜਾਂ ਦੇ ਠੱਪ ਹੋਣ ਸੰਬੰਧੀ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਕਾਰਜਾਂ ਸੰਬੰਧੀ ਭ੍ਰਿਸ਼ਟ ਤਰੀਕੇ ਨਾਲ ਬਾਂਦਰ ਵੰਡ ਕੀਤੀ ਗਈ ਸੀ। ਕਈ ਸ਼ਹਿਰਾਂ 'ਚ ਭਾਬੀਆਂ ਤੇ ਜੀਜਿਆਂ ਨੂੰ ਬਿਨਾਂ ਆਡਿਟ ਕਰੋੜਾਂ ਰੁਪਏ ਦੀ ਰਕਮ ਅਲਾਟ ਕਰ ਦਿੱਤੀ ਗਈ, ਜਿਸ ਨੂੰ ਕੈਬਨਿਟ ਮੀਟਿੰਗ 'ਚ ਬਹੁਤ ਗੰਭੀਰਤਾ ਨਾਲ ਲੈਂਦੇ ਹੋਏ ਇਸ ਪੂਰੇ ਮਾਮਲੇ ਨੂੰ ਰੀਵਿਊ ਕਰਨ ਦੇ ਹੁਕਮ ਜਾਰੀ ਕੀਤੇ ਗਏ ਤਾਂ ਕਿ ਜਨਤਾ ਦਾ ਪੈਸਾ ਜਨਤਾ ਦੇ ਕੰਮ ਆ ਸਕੇ।
ਪੱਲਿਓਂ ਦਿੱਤਾ ਸ਼ਹੀਦ ਦੇ ਜੱਦੀ ਘਰ ਦਾ ਢਾਈ ਲੱਖ ਰੁਪਏ ਦਾ ਬਿੱਲ
ਮੀਡੀਆ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਘਰ ਅਤੇ ਪਾਰਕ ਦੇ ਬਿਜਲੀ ਦੇ ਬਿੱਲ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ਦਾ ਸਵਾਲ ਪੁੱਛੇ ਜਾਣ 'ਤੇ ਕੈਬਨਿਟ ਮੰਤਰੀ ਸ. ਸਿੱਧੂ ਨੇ ਮੌਕੇ 'ਤੇ ਆਪਣੇ ਪੱਲਿਓਂ ਦੇਣ ਦਾ ਫੈਸਲਾ ਕੀਤਾ ਅਤੇ ਮੌਕੇ 'ਤੇ ਹੀ ਤੁਰੰਤ ਆਪਣੇ ਨਿੱਜੀ ਖਾਤੇ 'ਚੋਂ ਪੀ. ਐੱਸ. ਪੀ. ਸੀ. ਐੱਲ. ਦੇ ਨਾਂ ਢਾਈ ਲੱਖ ਰੁਪਏ ਦਾ ਚੈੱਕ ਕੱਟ ਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਸੌਂਪਿਆ। ਉਨ੍ਹਾਂ ਕਿਹਾ ਕਿ ਨਵੀਂ ਬਣ ਰਹੀਂ ਯਾਦਗਾਰ ਤੇ ਮਿਊਜ਼ੀਅਮ ਲਈ ਸੰਪਰਕ ਸੜਕ, ਪਾਰਕ ਤੇ ਯਾਦਗਾਰ ਦੀ ਸਾਂਭ-ਸੰਭਾਲ, ਸਫਾਈ ਅਤੇ ਬਿਜਲੀ ਦੇ ਬਿੱਲਾਂ ਦੇ ਭੁਗਤਾਨ ਲਈ ਪੱਕਾ ਪ੍ਰਬੰਧ ਕਰਨਗੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਪੰਚਕੂਲਾ ਕਮਿਸ਼ਨਰ ਦਾ ਬਿਆਨ- ਹਨੀਪ੍ਰੀਤ ਦੇ ਸਰੰਡਰ ਨੂੰ ਲੈ ਕੇ ਨਹੀਂ ਕੋਈ ਜਾਣਕਾਰੀ
NEXT STORY