ਚੰਡੀਗੜ੍ਹ (ਹਾਂਡਾ) : ਹਾਲ ਹੀ 'ਚ ਲੁਧਿਆਣਾ ਸਿਵਲ ਹਸਪਤਾਲ 'ਚ ਡਾਕਟਰ ਵੱਲੋਂ ਜਣੇਪੇ ਦੇ ਆਪਰੇਸ਼ਨ ਮਗਰੋਂ ਜਨਾਨੀ ਦੇ ਢਿੱਡ 'ਚ ਡੇਢ ਫੁੱਟ ਲੰਬਾ ਤੌਲੀਆ ਛੱਡਣ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਖਰੜ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਦਾ ਅਜਿਹਾ ਹੀ ਇਕ ਹੋਰ ਕਾਰਨਾਮਾ ਸਾਹਮਣੇ ਆ ਗਿਆ ਹੈ। ਖਰੜ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਨੇ ਬੱਚੇਦਾਨੀ ਕੱਢਣ ਲਈ ਜਨਾਨੀ ਦਾ ਆਪਰੇਸ਼ਨ ਕੀਤਾ ਪਰ ਪੱਟੀ ਦਾ ਵੱਡਾ ਟੁਕੜਾ ਅੰਦਰ ਹੀ ਛੱਡ ਦਿੱਤਾ, ਜਿਸ ਕਾਰਨ ਹੁਣ ਪੀੜਤ ਜਨਾਨੀ ਆਈ. ਸੀ. ਯੂ. 'ਚ ਦਾਖ਼ਲ ਹੈ ਅਤੇ ਮੌਤ ਨਾਲ ਲੜਾਈ ਲੜ ਰਹੀ ਹੈ। ਜਾਣਕਾਰੀ ਮੁਤਾਬਕ ਆਪਰੇਸ਼ਨ ਮਗਰੋਂ ਜਨਾਨੀ ਨੂੰ ਘਰ ਜਾ ਕੇ ਤਕਲੀਫ਼ ਹੋਣ ਲੱਗੀ, ਭੁੱਖ ਲੱਗਣੀ ਬੰਦ ਹੋ ਗਈ ਅਤੇ ਬੁਖਾਰ ਰਹਿਣ ਲੱਗਾ। ਐੱਮ. ਆਰ. ਆਈ. ਕਰਵਾਈ ਤਾਂ ਪਤਾ ਲੱਗਾ ਕਿ ਲੰਬੀ ਪੱਟੀ ਅੰਤੜੀਆਂ ਅਤੇ ਗੁਦਾ 'ਚ ਫਸੀ ਹੋਈ ਹੈ। ਇਸ ਨੂੰ ਇਕ ਹੋਰ ਵੱਡੇ ਆਪਰੇਸ਼ਨ ਨਾਲ ਬਾਹਰ ਕੱਢਿਆ ਗਿਆ ਪਰ ਇਸ ਤੋਂ ਬਾਅਦ ਜਨਾਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਰੋਹਤਕ ਦੇ ਇਕ ਹਸਪਤਾਲ 'ਚ ਆਈ. ਸੀ. ਯੂ. 'ਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ। ਖਰੜ ਅਤੇ ਸੋਨੀਪਤ ਪੁਲਸ ਨੂੰ ਜਨਾਨੀ ਦੀਆਂ ਭੈਣਾਂ ਨੇ ਸ਼ਿਕਾਇਤ ਦੇ ਦਿੱਤੀ ਹੈ ਪਰ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : 'ਡੇਰਾ ਬਿਆਸ' ਜਾਣ ਵਾਲੀਆਂ ਸੰਗਤਾਂ ਲਈ ਜ਼ਰੂਰੀ ਖ਼ਬਰ, ਸਾਰੇ ਸਮਾਗਮ ਇਸ ਤਾਰੀਖ਼ ਤੱਕ ਰਹਿਣਗੇ ਰੱਦ
ਢਿੱਡ 'ਚ ਦੋ ਰਸੌਲੀਆਂ ਸਨ
ਮਰੀਜ਼ ਚੰਦਾ ਦੀ ਭੈਣ ਸੰਗੀਤਾ ਅਤੇ ਡੌਲੀ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਨੂੰ ਢਿੱਡ 'ਚ ਦਰਦ ਰਹਿੰਦਾ ਸੀ। ਅਲਟਰਾਸਾਊਂਡ ਹੋਇਆ ਤਾਂ ਪਤਾ ਲੱਗਿਆ ਕਿ ਢਿੱਡ 'ਚ ਦੋ ਰਸੌਲੀਆਂ ਹਨ। ਤਾਲਾਬੰਦੀ ਦੌਰਾਨ ਉਨ੍ਹਾਂ ਨੂੰ ਸੋਨੀਪਤ 'ਚ ਇਲਾਜ ਨਹੀਂ ਮਿਲਿਆ ਤਾਂ ਉਹ ਚੰਦਾ ਨੂੰ ਕਿਸੇ ਜਾਣਕਾਰ ਦੇ ਕਹਿਣ ’ਤੇ ਖਰੜ ਦੇ ਹਸਪਤਾਲ ਲੈ ਆਏ।
ਇਹ ਵੀ ਪੜ੍ਹੋ : ਹੁਣ ਕੈਪਟਨ ਤੱਕ ਪੁੱਜੀ 'ਬੈਂਸ' 'ਤੇ ਦੋਸ਼ ਲਾਉਣ ਵਾਲੀ ਵਿਧਵਾ ਬੀਬੀ, ਇਨਸਾਫ਼ ਨਾ ਮਿਲਣ 'ਤੇ ਦਿੱਤੀ ਧਮਕੀ
ਆਪਰੇਸ਼ਨ ਤੋਂ ਬਾਅਦ ਵੀ ਹਾਲਤ ਵਿਗੜੀ
ਖਰੜ ਦੇ ਨਿੱਜੀ ਹਸਪਤਾਲ 'ਚ ਡਾ. ਸ਼ੁਭਰਾਜ ਨੇ ਉਨ੍ਹਾਂ ਨੂੰ ਚੰਦਾ ਦੇ ਆਪਰੇਸ਼ਨ ਦੀ ਗੱਲ ਕਹੀ ਅਤੇ 15 ਨਵੰਬਰ ਨੂੰ ਉਨ੍ਹਾਂ ਆਪਰੇਸ਼ਨ ਕਰ ਕੇ ਬੱਚੇਦਾਨੀ ਕੱਢ ਦਿੱਤੀ। 25 ਨਵੰਬਰ ਨੂੰ ਦੁਬਾਰਾ ਆ ਕੇ ਟਾਂਕੇ ਖੁੱਲ੍ਹਵਾਉਣ ਨੂੰ ਕਿਹਾ। ਚੰਦਾ ਨੂੰ ਪਰਿਵਾਰ ਵਾਲੇ ਸੋਨੀਪਤ ਲੈ ਗਏ, ਜਿੱਥੇ ਚੰਦਾ ਦੀ ਹਾਲਤ ਵਿਗੜਨ ਲੱਗੀ। ਅੰਤੜੀਆਂ ਅਤੇ ਗੁਦਾ 'ਚ ਤੇਜ ਦਰਦ ਹੋਣ ਲੱਗਾ, ਬੁਖਾਰ ਚੜ੍ਹਨ ਲੱਗਾ, ਜਿਸ ਨੇ ਡੇਂਗੂ ਦਾ ਰੂਪ ਲੈ ਲਿਆ। ਡੇਂਗੂ ਦੇ ਇਲਾਜ ਤੋਂ ਬਾਅਦ ਵੀ ਚੰਦਾ ਨੂੰ ਭੁੱਖ ਲੱਗਣੀ ਬੰਦ ਹੋ ਗਈ ਅਤੇ ਦਰਦ ਵੱਧਣ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਸੋਨੀਪਤ 'ਚ ਡਾਕਟਰ ਰਾਕੇਸ਼ ਨੂੰ ਦਿਖਾਇਆ, ਜਿਨ੍ਹਾਂ ਨੇ ਸੀ. ਟੀ. ਸਕੈਨ ਕੀਤਾ ਅਤੇ ਅੰਦਰ ਪੱਟੀ ਦੇਖ ਕੇ ਚੰਦਾ ਨੂੰ ਕਿਸੇ ਸਰਜਨ ਨੂੰ ਦਿਖਾਉਣ ਦੀ ਗੱਲ ਕਹੀ। ਪਰਿਵਾਰ ਚੰਦਾ ਨੂੰ ਸੋਨੀਪਤ ਦੇ ਸਕਸੈਨਾ ਹਸਪਤਾਲ ਲੈ ਗਏ, ਜਿੱਥੇ 5 ਦਸੰਬਰ ਨੂੰ ਉਸ ਦੀ ਐੱਮ. ਆਰ. ਆਈ. ਹੋਈ। ਇਸ 'ਚ ਸਪੱਸ਼ਟ ਹੋਇਆ ਕਿ ਉਸ ਦੀ ਅੰਤੜੀ ਅਤੇ ਗੁਦਾ 'ਚ ਲੰਬੀ ਪੱਟੀ ਫਸੀ ਹੋਈ ਹੈ। ਇਹ ਪਹਿਲਾਂ ਹੋਏ ਆਪਰੇਸ਼ਨ ਦੇ ਸਮੇਂ ਡਾਕਟਰ ਨੇ ਅੰਦਰ ਹੀ ਛੱਡ ਦਿੱਤੀ ਸੀ। ਚੰਦਾ ਦਾ ਤੁਰੰਤ ਆਪਰੇਸ਼ਨ ਕਰਨਾ ਪਿਆ ਅਤੇ 8 ਮਿਲੀਮੀਟਰ ਅੰਤੜੀ ਬਾਹਰ ਕੱਢਣੀ ਪਈ। ਵੱਡੀ ਅੰਤੜੀ 'ਚ ਵੀ ਜ਼ਖ਼ਮ ਹੋ ਗਏ।
ਇਹ ਵੀ ਪੜ੍ਹੋ : ਦਿੱਲੀ ਮੋਰਚੇ ਤੋਂ ਵਾਪਸ ਪਰਤਦੇ 2 ਕਿਸਾਨਾਂ ਦੀ ਮੌਤ, ਜ਼ਖ਼ਮੀਆਂ ਦਾ ਹਾਲ ਜਾਣਨ ਲਈ ਪੁੱਜੇ ਬਲਬੀਰ ਸਿੱਧੂ
ਅਜੇ ਆਈ. ਸੀ. ਯੂ. 'ਚ ਦਾਖ਼ਲ
ਚੰਦਾ ਅਜੇ ਆਈ. ਸੀ. ਯੂ. 'ਚ ਹੈ ਅਤੇ ਜਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਲਾਪਰਵਾਹੀ ਵਰਤਣ ਵਾਲੇ ਡਾਕਟਰ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਹੋਰ ਮਰੀਜ਼ ਦੀ ਜਾਨ ਨਾਲ ਖਿਲਵਾੜ ਨਾ ਹੋਵੇ। ਖਰੜ ਦੇ ਨਿੱਜੀ ਹਸਪਤਾਲ ਦੇ ਡਾਕਟਰ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਲੈਂਡਲਾਈਨ ਫ਼ੋਨ ’ਤੇ ਵੀ ਆਪਰੇਟਰ ਟਾਲਦੇ ਰਹੇ।
ਨੋਟ : ਡਾਕਟਰਾਂ ਵੱਲੋਂ ਮਰੀਜ਼ਾਂ ਦੇ ਇਲਾਜ ਦੌਰਾਨ ਵਰਤੀ ਜਾਂਦੀ ਲਾਪਰਵਾਹੀ ਬਾਰੇ ਦਿਓ ਰਾਏ
ਹੁਣ ਕੈਪਟਨ ਤੱਕ ਪੁੱਜੀ 'ਬੈਂਸ' 'ਤੇ ਦੋਸ਼ ਲਾਉਣ ਵਾਲੀ ਵਿਧਵਾ ਬੀਬੀ, ਇਨਸਾਫ਼ ਨਾ ਮਿਲਣ 'ਤੇ ਦਿੱਤੀ ਧਮਕੀ
NEXT STORY