ਅੰਮ੍ਰਿਤਸਰ, (ਦਲਜੀਤ)- ਪੰਜਾਬ ਸਰਕਾਰ ਦੀ ਲਾਪ੍ਰਵਾਹੀ ਕਾਰਨ ਸੂਬੇ ’ਚ ਸਿਹਤ ਸੇਵਾਵਾਂ ਲਈ ਪ੍ਰਸਿੱਧ ਰਿਹਾ ਜ਼ਿਲਾ ਪੱਧਰੀ ਸਰਕਾਰੀ ਸਿਵਲ ਹਸਪਤਾਲ ਕਿਸੇ ਵੇਲੇ ਵੀ ਬੰਦ ਹੋ ਸਕਦਾ ਹੈ। ਹਸਪਤਾਲ ਵਿਚ ਕੰਮ ਜ਼ਿਆਦਾ ਹੋਣ ਕਾਰਨ ਡਾਕਟਰ ਇਥੇ ਆਉਣ ਤੋਂ ਪਾਸਾ ਵੱਟ ਰਹੇ ਹਨ। ਵਿਭਾਗ ਵੱਲੋਂ ਪਿਛਲੀ ਦਿਨੀਂ ਹਸਪਤਾਲ ’ਚ ਭੇਜੇ ਗਏ ਅਜਿਹੇ ਹੀ ਕੁਝ ਡਾਕਟਰ ਤਬਾਦਲਾ ਕਰਵਾ ਕੇ ਪਿੰਡਾਂ ਜਾਂ ਹੋਰਨਾਂ ਜ਼ਿਲਿਆਂ ਵਿਚ ਜਾ ਚੁੱਕੇ ਹਨ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦਾ ਜ਼ਿਲਾ ਪੱਧਰੀ ਸਿਵਲ ਹਸਪਤਾਲ ਪੰਜਾਬ ਭਰ ਵਿਚ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਪ੍ਰਸਿੱਧ ਰਿਹਾ ਹੈ, ਜਿਸ ਨੂੰ ਪੰਜਾਬ ਅਤੇ ਕੌਮੀ ਪੱਧਰ ’ਤੇ ਵਿਸ਼ੇਸ਼ ਇਨਾਮ ਤੇ 50 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਇਨਾਮ ਵਜੋਂ ਮਿਲ ਚੁੱਕੀ ਹੈ। ਵਿਭਾਗ ਦੇ ਮੰਤਰੀ ਤੇ ਉੱਚ ਅਧਿਕਾਰੀ ਵੀ ਇਸ ਹਸਪਤਾਲ ਨੂੰ ਬਾਕੀ ਹਸਪਤਾਲਾਂ ਦਾ ਆਦਰਸ਼ ਮੰਨਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਦੀ ਲਾਪ੍ਰਵਾਹੀ ਕਾਰਨ ਹੁਣ ਇਸ ਹਸਪਤਾਲ ਵਿਚ ਮੈਡੀਸਨ ਵਿਭਾਗ, ਆਰਥੋ ਵਿਭਾਗ, ਸਕਿਨ ਵਿਭਾਗ ਆਦਿ ਡਾਕਟਰ ਨਾ ਹੋਣ ਕਾਰਨ ਬੰਦ ਹੋ ਗਏ ਹਨ। ਵਿਭਾਗ ਵੱਲੋਂ ਪਿਛਲੇ ਦਿਨੀਂ ਹਸਪਤਾਲ ਵਿਚ 15 ਡਾਕਟਰਾਂ ਦੀ ਫੌਜ ਭੇਜੀ ਗਈ ਸੀ ਪਰ ਇਨ੍ਹਾਂ ’ਚੋਂ ਮੈਡੀਸਨ ਵਿਭਾਗ ਦੇ ਇਕ ਡਾਕਟਰ ਨੇ ਜਿਥੇ ਅਜੇ ਤੱਕ ਜੁਆਇਨ ਨਹੀਂ ਕੀਤਾ, ਉਥੇ ਹੀ ਦੂਸਰਾ ਡਾਕਟਰ ਇਥੋਂ ਆਪਣੀ ਬਦਲੀ ਕਿਤੇ ਹੋਰ ਕਰਵਾ ਗਿਆ ਹੈ। ਇਸੇ ਤਰ੍ਹਾਂ ਆਰਥੋ ਵਿਭਾਗ ਵਿਚ ਇਕ ਡਾਕਟਰ ਨੇ ਜੁਆਇਨ ਨਹੀਂ ਕੀਤਾ ਤੇ ਦੂਸਰਾ ਆਪਣੀ ਬਦਲੀ ਕਰਵਾ ਗਿਆ ਹੈ। ਗਾਇਨੀ ਵਿਭਾਗ ਦਾ ਵੀ ਅਜਿਹਾ ਹੀ ਹਾਲ ਹੈ। ਸਕਿਨ ਵਿਭਾਗ ਵਿਚ ਕੋਈ ਵੀ ਡਾਕਟਰ ਨਹੀਂ ਹੈ।
ਹਸਪਤਾਲ ’ਚ ਰੋਜ਼ਾਨਾ 2 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਓ. ਪੀ. ਡੀ. ਅਤੇ ਐਮਰਜੈਂਸੀ ਹੁੰਦੀ ਹੈ। ਕੰਮ ਦਾ ਬੋਝ ਜ਼ਿਆਦਾ ਹੋਣ ਕਾਰਨ ਕੁਝ ਡਾਕਟਰ ਇਥੋਂ ਆਪਣਾ ਤਬਾਦਲਾ ਕਰਵਾ ਗਏ ਹਨ ਅਤੇ ਕੁਝ ਹੋਰ ਡਾਕਟਰ ਬਦਲੀ ਕਰਵਾਉਣ ਦੇ ਚਾਹਵਾਨ ਹਨ। ਸਰਕਾਰ ਦੀ ਢਿੱਲ ਡਾਕਟਰਾਂ ਦੀ ਮਨਮਰਜ਼ੀ ਕਾਰਨ ਹਸਪਤਾਲ ਵਿਚ ਹੁਣ ਸਿਹਤ ਸੇਵਾਵਾਂ ਲਡ਼ਖਡ਼ਾ ਰਹੀਆਂ ਹਨ। ਡਾਕਟਰ ਨਾ ਮਿਲਣ ਕਾਰਨ ਮਰੀਜ਼ਾਂ ਦਾ ਦਰਦ ਹੋਰ ਵੱਧਦਾ ਜਾ ਰਿਹਾ ਹੈ। ਕਈ ਮਰੀਜ਼ ਤਾਂ ਡਾਕਟਰਾਂ ਦੀ ਘਾਟ ਕਾਰਨ ਪ੍ਰਾਈਵੇਟ ਹਸਪਤਾਲਾਂ ਵਿਚ ਜਾਣ ਨੂੰ ਮਜਬੂਰ ਹਨ। ਸਰਕਾਰ ਦੀ ਲਾਪ੍ਰਵਾਹੀ ਕਾਰਨ ਹਸਪਤਾਲ ਨੂੰ ਕਿਸੇ ਵੀ ਸਮੇਂ ਤਾਲੇ ਲੱਗ ਸਕਦੇ ਹਨ।
ਸਿਹਤ ਵਿਭਾਗ ਮੁਲਾਜ਼ਮ ਵੈੱਲਫੇਅਰ ਐਸੋ. ਨੇ ਮੰਤਰੀ ਨੂੰ ਵੀ ਦਿੱਤਾ ਸੀ ਮੰਗ ਪੱਤਰ
ਸਿਹਤ ਵਿਭਾਗ ਮੁਲਾਜ਼ਮ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਵੱਲੋਂ ਹਸਪਤਾਲ ’ਚ ਡਾਕਟਰਾਂ ਦੀ ਘਾਟ ਸਬੰਧੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਸੀ, ਜਿਸ ਤੋਂ ਬਾਅਦ ਵਿÎਭਾਗ ਵੱਲੋਂ ਡਾਕਟਰਾਂ ਦੀ ਘਾਟ ਦੂਰ ਕਰਨ ਲਈ ਹਸਪਤਾਲ ਵਿਚ ਹੋਰ ਡਾਕਟਰ ਭੇਜੇ ਗਏ ਸਨ। ਪੰਡਿਤ ਸ਼ਰਮਾ ਨੇ ਕਿਹਾ ਕਿ ਡਾਕਟਰਾਂ ਨੂੰ ਸਰਕਾਰ ਦੇ ਆਦੇਸ਼ ਮੰਨਣੇ ਚਾਹੀਦੇ ਹਨ ਅਤੇ ਜਲਦ ਤੋਂ ਜਲਦ ਆਪਣੇ ਅਹੁਦੇ ਸੰਭਾਲਣੇ ਚਾਹੀਦੇ ਹਨ ਤਾਂ ਜੋ ਸਿਹਤ ਸੇਵਾਵਾਂ ਪ੍ਰਭਾਵਿਤ ਨਾ ਹੋਣ ਅਤੇ ਹਸਪਤਾਲ ਦਾ ਨਾਂ ਹਮੇਸ਼ਾ ਦੀ ਤਰ੍ਹਾਂ ਰੁਸ਼ਨਾਉਂਦਾ ਰਹੇ।
ਹਸਪਤਾਲ ’ਚ ਡਾਕਟਰਾਂ ਦੀ ਘਾਟ ਜਲਦ ਹੀ ਦੂਰ ਕੀਤੀ ਜਾਵੇਗੀ। ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਪੱਤਰ ਵੀ ਲਿਖੇ ਗਏ ਹਨ। ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ।
–ਡਾ. ਹਰਦੀਪ ਸਿੰਘ ਘਈ, ਸਿਵਲ ਸਰਜਨ
ਨਸ਼ੇ ਵਾਲੇ ਪਦਾਰਥਾਂ ਦੇ 11 ਧੰਦੇਬਾਜ਼ ਗ੍ਰਿਫਤਾਰ
NEXT STORY