ਕੁਰਾਲੀ (ਬਠਲਾ) - ਸਥਾਨਕ ਸ਼ਹਿਰ ਵਿਚ ਡੇਂਗੂ ਦੇ ਲੱਛਣਾਂ ਵਾਲੇ ਬੁਖਾਰ ਦੇ ਕਈ ਹੋਰ ਮਰੀਜ਼ ਸਾਹਮਣੇ ਆਉਣ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਸਥਾਨਕ ਸ਼ਹਿਰ ਦੇ ਵਾਰਡ ਨੰਬਰ-7 ਦੀ ਮਾਸਟਰ ਕਾਲੋਨੀ ਵਿਚ ਇਕ ਕੁੜੀ ਰਿਤੀਕਾ (19) ਕੁਝ ਦਿਨਾਂ ਤੋਂ ਡੇਂਗੂ ਦੇ ਲੱਛਣਾਂ ਵਾਲੇ ਬੁਖਾਰ ਤੋਂ ਪੀੜਤ ਹੈ। ਉਸ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਡੇਂਗੂ ਦਾ ਟੈਸਟ ਨਹੀਂ ਹੋ ਰਿਹਾ, ਜਦੋਂਕਿ ਉਹ ਮਰੀਜ਼ ਨੂੰ ਸ਼ਹਿਰ ਦੇ ਬਾਹਰ ਲੈ ਕੇ ਜਾਣ ਤੋਂ ਅਸਮਰਥ ਹਨ। ਇਸੇ ਦੌਰਾਨ ਵਾਰਡ ਨੰਬਰ-9 'ਚ ਡੇਂਗੂ ਦੇ ਲੱਛਣਾਂ ਵਾਲੇ ਬੁਖਾਰ ਤੋਂ ਪੀੜਤ ਇਕ ਵਿਅਕਤੀ ਨੂੰ ਅੱਜ ਗੰਭੀਰ ਹਾਲਤ ਵਿਚ ਰੋਪੜ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਗਿਆ। ਪੀੜਤ ਸ਼ਮਸ਼ੇਰ ਸਿੰਘ ਦੀ ਪਤਨੀ ਬਲਜੀਤ ਕੌਰ ਤੇ ਪੁੱਤਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਕ ਹਫਤਾ ਪਹਿਲਾਂ ਇੱਥੇ ਵਾਰਡ ਨੰਬਰ-9 ਸਿੰਘਪੁਰਾ ਮਾਰਗ 'ਤੇ ਆਪਣੇ ਇਕ ਰਿਸ਼ਤੇਦਾਰ ਦੇ ਘਰ ਆਏ ਹਨ, ਜਿੱਥੇ ਉਨ੍ਹਾਂ ਨੂੰ ਬੁਖਾਰ ਹੋ ਗਿਆ ਤੇ ਪਲੇਟਲੈੱਟਸ ਘੱਟ ਹੋਣ ਲੱਗੇ। ਇਸੇ ਦੌਰਾਨ ਪਰਿਵਾਰ ਵੱਲੋਂ ਸ਼ਮਸ਼ੇਰ ਸਿੰਘ ਦੀ ਹਾਲਤ ਵਿਗੜਦੀ ਦੇਖ ਕੇ ਉਸਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿਚ ਭੇਜਿਆ ਗਿਆ।
ਇਸੇ ਤਰ੍ਹਾਂ ਵਾਰਡ ਨੰਬਰ-10 ਦਾ ਰਣਜੀਤ ਸਿੰਘ ਵੀ ਡੇਂਗੂ ਦੇ ਲੱਛਣਾਂ ਵਾਲੇ ਬੁਖਾਰ ਦੀ ਲਪੇਟ ਵਿਚ ਹੈ ਜਦੋਂਕਿ ਵਾਰਡ ਨੰਬਰ-9 ਦੀ ਜਸਵਿੰਦਰ ਕੌਰ ਨੂੰ ਡੇਂਗੂ ਦੇ ਲੱਛਣਾਂ ਵਾਲੇ ਤੇਜ਼ ਬੁਖਾਰ ਕਾਰਨ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸੰਪਰਕ ਕਰਨ 'ਤੇ ਸਥਾਨਕ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਭੁਪਿੰਦਰ ਸਿੰਘ ਨੇ ਡੇਂਗੂ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਤੁਰੰਤ ਜ਼ਿਲਾ ਹਸਪਤਾਲ ਵਿਚ ਡੇਂਗੂ ਦਾ ਟੈਸਟ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਥੇ ਇਸ ਟੈਸਟ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤੇ ਸ਼ਹਿਰ ਵਿਚ ਡੇਂਗੂ ਦੀ ਰੋਕਥਾਮ ਲਈ ਠੋਸ ਯਤਨ ਕੀਤੇ ਜਾ ਰਹੇ ਹਨ।
ਬੇਕਾਬੂ ਕਾਰ ਨੇ ਲਈ ਇਕ ਦੀ ਜਾਨ, ਦੂਜਾ ਜ਼ਖਮੀ
NEXT STORY