ਚੰਡੀਗੜ੍ਹ, (ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਮੰਤਰੀ ਮੰਡਲ ਵੱਲੋਂ ਵਿੱਤੀ ਸਾਲ 2019-20 ਲਈ ਐਲਾਨੀ ਨਵੀਂ ਐਕਸਾਈਜ਼ ਨੀਤੀ ’ਤੇ ਸਵਾਲ ਖਡ਼ੇ ਕਰਦਿਆਂ ਕਿਹਾ ਕਿ ਨਵੀਂ ਨੀਤੀ ’ਚ ਪੁਰਾਣੀ ਪਹੁੰਚ ਹੀ ਅਪਣਾਈ ਗਈ ਹੈ। ਸੂਬੇ ’ਚ ਸਰਗਰਮ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਅਤੇ ਸ਼ਰਾਬ ਦੇ ਨਸ਼ੇ ਦੇ ਵੱਧ ਰਹੇ ਰੁਝਾਨ ਨੂੰ ਰੋਕਣ ਲਈ ਸਰਕਾਰੀ ਨੀਤੀ ’ਚ ਕੁਝ ਵੀ ਨਹੀਂ ਹੈ।
ਇਕ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ’ਚ ਵਿੱਤੀ ਵਰ੍ਹੇ 2019-20 ਲਈ ਚਾਲੂ ਵਰ੍ਹੇ ’ਚ 5462 ਕਰੋਡ਼ ਰੁਪਏ ਦੀ ਸੰਭਾਵੀ ਉਗਰਾਹੀ ਦੇ ਮੁਕਾਬਲੇ 6201 ਕਰੋਡ਼ ਰੁਪਏ ਦਾ ਟੀਚਾ ਮਿਥਿਆ ਗਿਆ ਹੈ। ਇਸ 739 ਕਰੋਡ਼ ਰੁਪਏ ਦੇ ਵਾਧੂ ਟੀਚੇ ਦੀ ਪੂਰਤੀ ਲਈ ਸਰਕਾਰ ਨੇ ਜਿੱਥੇ ਸ਼ਰਾਬ ਅਤੇ ਬੀਅਰ ਦੇ ਕੋਟੇ ’ਚ 10 ਪ੍ਰਤੀਸ਼ਤ ਤੋਂ ਲੈ ਕੇ 16 ਪ੍ਰਤੀਸ਼ਤ ਦਾ ਵਾਧਾ ਕਰਕੇ ਸੂਬੇ ਅੰਦਰ ਸ਼ਰਾਬ ਦਾ ਹਡ਼੍ਹ ਲਿਆਉਣ ’ਚ ਕੋਈ ਕਸਰ ਨਹੀਂ ਛੱਡੀ, ਉੱਥੇ ਨਾਲ ਦੀ ਨਾਲ ਸ਼ਰਾਬ ਮਹਿੰਗੀ ਕਰਨ ਦੇ ਇਰਾਦੇ ਵੀ ਸਪਸ਼ਟ ਕਰ ਦਿੱਤੇ ਹਨ। ਮਤਲਬ ਸ਼ਰਾਬ ਦੀ ਖਪਤ ਵੀ ਅਤੇ ਮੁੱਲ ਵੀ ਵਧਾਇਆ ਜਾ ਰਿਹਾ ਹੈ ਅਤੇ ਮਾਲੀਆ ਟੀਚਾ ਸਿਰਫ 739 ਕਰੋਡ਼ ਰੁਪਏ ਤੈਅ ਕੀਤਾ ਹੈ, ਜੋ ਪੂਰਾ ਹੋਵੇਗਾ ਜਾਂ ਨਹੀਂ ਇਹ ਵੀ ਵਿੱਤੀ ਵਰ੍ਹੇ 2020-21 ’ਚ ਜਾ ਕੇ ਪਤਾ ਲੱਗੇਗਾ।
ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਮਾਲੀਆ ਵਧਾਉਣ ਲਈ ਸ਼ਰਾਬ ਦੇ ਮੁੱਲ ਵਧਾਉਣ ’ਤੇ ਇਤਰਾਜ਼ ਨਹੀਂ ਜਿੰਨਾ ਸ਼ਰਾਬ ਅਤੇ ਬੀਅਰ ਦਾ ਕੋਟਾ ਵਧਾਉਣ ’ਤੇ ਹੈ। ਬੀਅਰ ਦਾ ਕੋਟਾ 16 ਫ਼ੀਸਦੀ ਵਧਾ ਕੇ 2.53 ਕਰੋਡ਼ ਬਲਕ ਲੀਟਰ ਤੋਂ 3 ਕਰੋਡ਼ ਬਲਕ ਲੀਟਰ ਅਤੇ ਦੇਸੀ ਸ਼ਰਾਬ ਦਾ ਕੋਟਾ 5.78 ਕਰੋਡ਼ ਪਰੂਫ਼ ਲੀਟਰ ਤੋਂ ਸਿੱਧਾ 10 ਫ਼ੀਸਦੀ ਵਧਾ ਕੇ 6.36 ਕਰੋਡ਼ ਕਰਕੇ ਸਰਕਾਰ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਰਕਾਰ ਦੀ ਨੀਅਤ ਸ਼ਰਾਬ ਛੁਡਾਉਣ ਜਾ ਘਟਾਉਣ ਦੀ ਨਹੀਂ ਸਗੋਂ ਵਧਾਉਣ ਦੀ ਹੈ। ਜੇਕਰ ਸਰਕਾਰ ਦੀ ਨੀਤੀ ਅਤੇ ਨੀਅਤ ਸੱਚਮੁੱਚ ਸੂਬੇ ਅੰਦਰ ਸ਼ਰਾਬ ਦੀ ਆਦਤ ਘਟਾਉਣ ਅਤੇ ਵਿੱਤੀ ਮਾਲੀਆ ਵਧਾਉਣ ’ਤੇ ਕੇਂਦਰਿਤ ਹੁੰਦੀ ਤਾਂ ਸਿਰਫ਼ ਤੇ ਸਿਰਫ਼ ਸ਼ਰਾਬ ਮਾਫ਼ੀਆ ਨੂੰ ਖ਼ਤਮ ਕਰਨਾ ਹੀ ਟੀਚਾ ਕਾਫ਼ੀ ਸੀ।
ਫਰੀਦਕੋਟ ਜੇਲ 'ਚ ਤਲਾਸ਼ੀ ਦੌਰਾਨ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
NEXT STORY