ਲੁਧਿਆਣਾ/ਜਲੰਧਰ (ਵਿੱਕੀ, ਸੁਮਿਤ) - ਸਕੂਲ ਸਿੱਖਿਆ ਵਿਭਾਗ ਦਾ ਸਕੱਤਰ ਅਹੁਦਾ ਸੰਭਾਲਦੇ ਹੀ ਵਿਭਾਗੀ ਸਿਸਟਮ ਵਿਚ ਨਵੇਂ ਤੋਂ ਨਵੇਂ ਬਦਲਾਅ ਕਰਨ ਲਈ ਯਤਨਸ਼ੀਲ ਆਈ. ਏ. ਐੱਸ. ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਰਾਜ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਕਿਸੇ ਵੀ ਕਰਮਚਾਰੀ ਅਤੇ ਅਧਿਕਾਰੀ ਦੀ ਸੇਵਾ ਮੁਕਤੀ 'ਤੇ ਸਕੂਲ ਸਮੇਂ ਦੌਰਾਨ ਹੋਣ ਵਾਲੀਆਂ ਵਿਦਾਇਗੀ ਪਾਰਟੀਆਂ 'ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹੀ ਨਹੀਂ, ਸਕੱਤਰ ਨੇ ਦੋ ਟੁਕ ਕਿਹਾ ਹੈ ਕਿ ਵਿਦਾਇਗੀ ਪਾਰਟੀਆਂ ਲਈ ਕਿਸੇ ਵੀ ਕਰਮਚਾਰੀ ਨੂੰ ਪੈਸੇ ਦੇਣ ਲਈ ਮਜਬੂਰ ਨਾ ਕੀਤਾ ਜਾਵੇ।
ਜਾਣਕਾਰੀ ਮੁਤਾਬਕ ਸਰਕਾਰੀ ਸਕੂਲਾਂ ਵਿਚ ਜਦੋਂ ਕੋਈ ਅਧਿਆਪਕ ਜਾਂ ਕਰਮਚਾਰੀ ਰਿਟਾਇਰ ਹੁੰਦਾ ਹੈ ਤਾਂ ਉਸ ਨੂੰ ਵਿਦਾਇਗੀ ਪਾਰਟੀ ਦੇਣ ਦਾ ਸਿਲਸਿਲਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਸਰਕਾਰ ਦੇ ਧਿਆਨ ਵਿਚ ਆਇਆ ਹੈ ਕਿ ਅਜਿਹੀਆਂ ਵਿਦਾਇਗੀ ਪਾਰਟੀਆਂ ਸਟਾਫ ਵੱਲੋਂ ਸਕੂਲ ਸਮੇਂ ਦੌਰਾਨ ਹੀ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ।
ਸਿੱਖਿਆ ਸਕੱਤਰ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪਹਿਲਾਂ ਸੇਵਾ ਮੁਕਤ ਹੋਣ ਵਾਲਾ ਅਧਿਕਾਰੀ ਜਾਂ ਕਰਮਚਾਰੀ ਸਟਾਫ ਨੂੰ ਪਾਰਟੀ ਦਿੰਦਾ ਹੈ ਅਤੇ ਫਿਰ ਅਗਲੇ ਦਿਨ ਸਮੂਹ ਸਟਾਫ ਵੱਲੋਂ ਸੇਵਾਮੁਕਤ ਅਧਿਕਾਰੀ/ਕਰਮਚਾਰੀ ਨੂੰ ਵਿਦਾਇਗੀ ਪਾਰਟੀ ਦਿੱਤੀ ਜਾਂਦੀ ਹੈ। ਇਹੀ ਨਹੀਂ, ਪੱਤਰ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਅਜਿਹੀਆਂ ਪਾਰਟੀਆਂ ਦੇ ਲਈ ਸਟਾਫ ਤੋਂ ਪੈਸੇ ਇਕੱਤਰ ਕਰ ਕੇ ਮਹਿੰਗੇ ਤੋਹਫੇ ਵੀ ਦਿੱਤੇ ਜਾਂਦੇ ਹਨ ਅਤੇ ਕਈ ਕਰਮਚਾਰੀਆਂ ਨੂੰ ਪੈਸੇ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਰਾਜ ਦੇ ਸਮੂਹ ਸਕੂਲ ਮੁਖੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ ਕਿ ਸਕੂਲ ਸਮੇਂ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਪਾਰਟੀ ਨਾ ਕੀਤੀ ਜਾਵੇ ਅਤੇ ਨਾ ਹੀ ਸਟਾਫ ਨੂੰ ਪੈਸੇ ਦੇਣ ਲਈ ਮਜਬੂਰ ਕੀਤਾ ਜਾਵੇ।
ਨਹਿਰ ਦੇ ਪੁਲ 'ਤੇ 6 ਮਹੀਨੇ ਦੀ ਬੱਚੀ ਦਾ ਭਰੂਣ ਮਿਲਿਆ
NEXT STORY