ਜਲੰਧਰ (ਮ੍ਰਿਦੁਲ)–ਰੈੱਡ ਕਰਾਸ ਮਾਰਕੀਟ ਵਿਚ ਜੁੱਤੀਆਂ ਦੀ ਦੁਕਾਨ ’ਤੇ ਵਿਅਕਤੀ ਅਤੇ ਔਰਤ ਵਿਚਕਾਰ ਹੋਈ ਹੱਥੋਪਾਈ ਦੇ ਮਾਮਲੇ ਵਿਚ ਜਿੱਥੇ ਇਕ ਪਾਸੇ ਸਿੱਖ ਤਾਲਮੇਲ ਕਮੇਟੀ ਅਤੇ ਸ਼ਹਿਰ ਦੀਆਂ ਕੁਝ ਜਥੇਬੰਦੀਆਂ ਇਕ-ਦੂਜੇ ਖ਼ਿਲਾਫ਼ ਆਹਮੋ-ਸਾਹਮਣੇ ਹਨ, ਉਥੇ ਹੀ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਸ਼ੈਰੀ ਚੱਢਾ ਨੇ ਕਿਹਾ ਕਿ ਉਨ੍ਹਾਂ ਦੀ ਔਰਤ ਨਾਲ ਪੂਰੀ ਹਮਦਰਦੀ ਹੈ ਪਰ ਉਹ ਸੱਚ ਦੇ ਨਾਲ ਖੜ੍ਹੇ ਹਨ ਅਤੇ ਹਮੇਸ਼ਾ ਖੜ੍ਹੇ ਰਹਿਣਗੇ। ਉਨ੍ਹਾਂ ਕਥਿਤ ਆਗੂਆਂ ਨੂੰ ਕਿਹਾ ਕਿ ਉਹ ਸਿਆਸਤ ਤੋਂ ਬਾਜ਼ ਆਉਣ ਅਤੇ ਇਸ ਮਾਮਲੇ ਨੂੰ ਸਿਆਸੀ ਰੰਗਤ ਦੇ ਕੇ ਧਾਰਮਿਕ ਭਾਵਨਾਵਾਂ ਨਾ ਭੜਕਾਉਣ।
ਵਰਣਨਯੋਗ ਹੈ ਕਿ ਦੁਕਾਨਦਾਰ ਅਤੇ ਔਰਤ ਵਿਚਕਾਰ ਹੋਈ ਹੱਥੋਪਾਈ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਸ਼ਹਿਰ ਦੇ ਉੱਘੇ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਸ਼ੈਰੀ ਚੱਢਾ ਨੇ ਰੈੱਡ ਕਰਾਸ ਮਾਰਕੀਟ ਦੇ ਦੁਕਾਨਦਾਰਾਂ ਦੇ ਹੱਕ ਵਿਚ ਧਰਨਾ-ਪ੍ਰਦਰਸ਼ਨ ਕਰਨ ਅਤੇ ਐੱਫ਼. ਆਈ. ਆਰ. ਦਰਜ ਕਰਵਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਬਿਆਨ ਦਿੱਤਾ ਕਿ ਕੁਝ ਸਿਆਸੀ ਲੋਕ ਇਸ ਮੁੱਦੇ ਨੂੰ ਸਿਆਸੀ ਰੂਪ ਦੇ ਕੇ ਅਤੇ ਸਿੱਖ ਜਥੇਬੰਦੀਆਂ ਨੂੰ ਗੁੰਮਰਾਹ ਕਰਕੇ ਇਕ-ਦੂਜੇ ਖ਼ਿਲਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜਦੋਂ ਉਨ੍ਹਾਂ ਵੱਲੋਂ ਸਾਰੀ ਸੱਚਾਈ ਜਥੇਬੰਦੀਆਂ ਨੂੰ ਦੱਸੀ ਗਈ, ਉਸ ਤੋਂ ਬਾਅਦ ਉਨ੍ਹਾਂ ਖ਼ੁਦ ਉਨ੍ਹਾਂ ਦੇ ਹੱਕ ਵਿਚ ਆਉਣ ਦਾ ਫ਼ੈਸਲਾ ਲਿਆ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ, ਕੈਮਿਸਟ ਸ਼ਾਪ ’ਤੇ ਕੰਮ ਕਰਨ ਵਾਲੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਧਰਮ ਖ਼ਿਲਾਫ਼ ਅਪਸ਼ਬਦ ਬੋਲੇ ਅਤੇ ਦਾੜ੍ਹੀ ਪੁੱਟੀ
ਸ਼ੈਰੀ ਚੱਢਾ ਨੇ ਦਾਅਵਾ ਕਿ ਦਿਲਪ੍ਰੀਤ ਸਿੰਘ ਜਿਨ੍ਹਾਂ ਦੇ ਧਰਮ ਖ਼ਿਲਾਫ਼ ਸਿਰਫ਼ 400 ਰੁਪਏ ਦੀ ਜੁੱਤੀ ਬਦਲਵਾਉਣ ਨੂੰ ਲੈ ਕੇ ਅਪਸ਼ਬਦ ਬੋਲੇ ਗਏ ਅਤੇ ਇੰਨਾ ਹੀ ਨਹੀਂ, ਉਨ੍ਹਾਂ ਦੀ ਦਾੜ੍ਹੀ ਵੀ ਪੁੱਟੀ ਗਈ। ਇਸ ਨੂੰ ਵੇਖਦੇ ਹੋਏ ਸਮੂਹ ਦੁਕਾਨਦਾਰ ਇਕਜੁੱਟ ਹੋ ਗਏ। ਜੇਕਰ ਉਨ੍ਹਾਂ (ਦਿਲਪ੍ਰੀਤ) ਵੱਲੋਂ ਔਰਤ ਨਾਲ ਹੱਥੋਪਾਈ ਕੀਤੀ ਗਈ ਹੈ ਤਾਂ ਉਸ ਦੀ ਪਹਿਲ ਔਰਤ ਵੱਲੋਂ ਹੀ ਕੀਤੀ ਗਈ ਸੀ। ਔਰਤ ਹੋਣ ਕਰ ਕੇ ਹਮਦਰਦੀ ਨਾਤੇ ਸਿੱਖ ਸਮਾਜ ਨੇ ਉਸ ਦਾ ਸਾਥ ਦਿੱਤਾ ਪਰ ਇਸ ਨੂੰ ਇਕ ਧਾਰਮਿਕ ਅਤੇ ਸਿਆਸੀ ਰੂਪ ਦੇਣ ਵਿਚ ਸ਼ਹਿਰ ਦੇ ਕੁਝ ਕਥਿਤ ਆਗੂਆਂ ਦਾ ਵੀ ਹੱਥ ਹੈ, ਜਿਨ੍ਹਾਂ ਨੇ ਸਿੱਖ ਭਾਈਚਾਰੇ ਦੀਆਂ ਕੁਝ ਉੱਘੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਗਲਤ ਗੱਲ ਦੱਸ ਕੇ ਉਨ੍ਹਾਂ ਨੂੰ ਆਪਣੇ ਹੀ ਸਮਾਜ ਦੇ ਖ਼ਿਲਾਫ਼ ਕਰ ਦਿੱਤਾ ਹੈ। ਚੱਢਾ ਨੇ ਕਿਹਾ ਕਿ ਉਹ ਖ਼ੁਦ ਇਕ ਦੁਕਾਨਦਾਰ ਹਨ, ਇਸ ਲਈ ਉਹ ਉਕਤ ਦੁਕਾਨਦਾਰ ਦਾ ਦਰਦ ਸਮਝਦੇ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰ ਲਈ ਗਾਹਕ ਰੱਬ ਦਾ ਰੂਪ ਹੁੰਦਾ ਹੈ ਤਾਂ ਫਿਰ ਔਰਤ ਨਾਲ ਜੇਕਰ ਹੱਥੋਪਾਈ ਦੀ ਨੌਬਤ ਆਈ ਹੈ ਤਾਂ ਉਸ ਦੇ ਪਿੱਛੇ ਕੀ ਸਿਰਫ਼ ਦੁਕਾਨਦਾਰ ਦਾ ਹੀ ਕਸੂਰ ਹੈ।
ਇਹ ਵੀ ਪੜ੍ਹੋ- ਮੇਰੇ ਕੋਲੋਂ ਨਹੀਂ ਹੁੰਦਾ ਕੰਮ ਆਖ ਘਰੋਂ ਗਈ ਕੁੜੀ, ਹੁਣ ਇਸ ਹਾਲ 'ਚ ਵੇਖ ਮਾਪਿਆਂ ਦੇ ਉੱਡੇ ਹੋਸ਼
ਦੁਕਾਨਦਾਰ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ
ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਧਾਰਮਿਕ ਅਤੇ ਸਿਆਸੀ ਰੂਪ ਨਾ ਦਿੱਤਾ ਜਾਵੇ, ਉਹ ਹਮੇਸ਼ਾ ਸੱਚਾਈ ਦੇ ਨਾਲ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ। ਦੁਕਾਨਦਾਰ ਨਾਲ ਧੱਕੇਸ਼ਾਹੀ ਦੀ ਕੋਸ਼ਿਸ਼ ਹੋਈ ਹੈ, ਇਸ ਲਈ ਉਹ ਉਸ ਦੇ ਨਾਲ ਹਨ। ਉਨ੍ਹਾਂ ਦੀ ਔਰਤ ਨਾਲ ਵੀ ਹਮਦਰਦੀ ਹੈ ਪਰ ਸੱਚ ਤਾਂ ਸੱਚ ਰਹੇਗਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਮੰਗਲਵਾਰ ਦੇਰ ਸ਼ਾਮ ਮਾਮਲੇ ਵਿਚ ਨਾਮਜ਼ਦ ਦਿਲਪ੍ਰੀਤ ਦੇ ਪਰਿਵਾਰ ਅਤੇ ਮਾਰਕਿਟ ਦੇ ਦੁਕਾਨਦਾਰਾਂ ਨੇ ਦੂਜੀ ਧਿਰ ’ਤੇ ਪੁਲਸ ਵੱਲੋਂ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਥਾਣਾ ਨੰਬਰ 4 ਦੇ ਬਾਹਰ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ।
ਜਿੱਥੇ ਪੁਲਸ ਨੇ ਦੋਵਾਂ ਧਿਰਾਂ ਨੂੰ ਬੁੱਧਵਾਰ ਸਵੇਰ ਦਾ ਸਮਾਂ ਦੇ ਕੇ ਧਰਨਾ ਖ਼ਤਮ ਕਰਵਾਇਆ, ਉਥੇ ਹੀ ਮਾਮਲੇ ਵਿਚ ਨਾਮਜ਼ਦ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਫੜ੍ਹੀ ਉਸ ਦਾ ਭਰਾ ਪਵਨਜੋਤ ਲਾਉਂਦਾ ਹੈ। ਉਸ ਦਿਨ ਉਹ ਕਿਸੇ ਕੰਮ ਬਾਜ਼ਾਰ ਗਿਆ ਸੀ ਤਾਂ ਉਹ ਉਸ ਦੀ ਦੁਕਾਨ ’ਤੇ ਬੈਠਾ ਸੀ, ਜਿੱਥੇ ਉਕਤ ਔਰਤ ਕਾਫ਼ੀ ਦਿਨ ਪਹਿਲਾਂ ਲੈ ਕੇ ਗਈ ਜੁੱਤੀ ਨੂੰ ਬਦਲਵਾਉਣ ਲਈ ਆ ਗਈ, ਜੋਕਿ ਟੁੱਟੀ ਹੋਈ ਸੀ। ਉਸ ਨੇ ਟੁੱਟੀ ਹੋਈ ਜੁੱਤੀ ਨੂੰ ਬਦਲਣ ਤੋਂ ਮਨ੍ਹਾ ਕਰ ਦਿੱਤਾ। ਉਕਤ ਔਰਤ ਵਾਰ-ਵਾਰ ਝਗੜ ਰਹੀ ਸੀ। ਉਸ ਨੇ ਕਿਹਾ ਕਿ ਕਈ ਵਾਰ ਔਰਤ ਨੂੰ ਸ਼ਾਂਤੀ ਨਾਲ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਵਾਰ-ਵਾਰ ਲੜ ਰਹੀ ਸੀ। ਇਸ ਦੌਰਾਨ ਉਕਤ ਔਰਤ ਨੇ ਉਸ ਦੀ ਦਾੜ੍ਹੀ ਅਤੇ ਪਟਕੇ ਨੂੰ ਹੱਥ ਪਾਇਆ ਤਾਂ ਉਸ ਦੇ ਪਤੀ ਨੇ ਪਿੱਛਿਓਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਉਸਨੇ ਆਪਣੇ ਬਚਾਅ ਵਿਚ ਹੀ ਉਨ੍ਹਾਂ ਦਾ ਵਿਰੋਧ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਜਲੰਧਰ 'ਚ ਤੇਜ਼ ਮੀਂਹ ਦੀ ਦਸਤਕ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਵਿਭਾਗ ਵਲੋਂ ਜਾਰੀ ਹੋਏ ਹੁਕਮ
NEXT STORY