ਜਲੰਧਰ (ਜ. ਬ.) - ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਜ਼ਿਲਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ 'ਚ 9 ਜੂਨ ਨੂੰ ਨਸ਼ਿਆਂ ਦਾ ਝੂਠਾ ਪਰਚਾ ਦਰਜ ਕਰਨ ਨੂੰ ਲੈ ਕੇ ਹੁਸ਼ਿਆਰਪੁਰ ਜ਼ਿਲੇ ਦੀ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਹਿਲਪੁਰ ਪੁਲਸ ਵਲੋਂ ਨਸ਼ਿਆਂ ਦਾ ਗਲਤ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬਾਹੋਵਾਲ ਦੇ ਰਹਿਣ ਵਾਲੇ ਦਲਬੀਰ ਸਿੰਘ ਜੱਸੀ ਨੂੰ ਮਾਹਿਲਪੁਰ ਥਾਣੇ ਦੇ ਮੁਲਾਜ਼ਮਾਂ ਨੇ ਇਕ ਦਰਜ਼ੀ ਦੀ ਦੁਕਾਨ ਜੋ ਮਾਹਿਲਪੁਰ ਮਾਰਕੀਟ 'ਚ ਹੈ, ਤੋਂ ਫੜਿਆ ਸੀ।
ਉਨ੍ਹਾਂ ਕਿਹਾ ਕਿ ਪੁਲਸ ਵਲੋਂ ਜਿਸ ਦੁਕਾਨ ਤੋਂ ਦਲਬੀਰ ਸਿੰਘ ਨੂੰ ਚੁੱਕਿਆ ਗਿਆ ਸੀ, ਉਸ ਦੀ ਬਾਕਾਇਦਾ ਵੀਡੀਓ ਵੀ ਪੱਤਰਕਾਰਾਂ ਨੂੰ ਦਿਖਾਈ ਗਈ। ਇਸ ਵੀਡੀਓ ਵਿਚ ਮਾਹਿਲਪੁਰ ਪੁਲਸ 1.27 ਵਜੇ ਤੋਂ ਲੈ ਕੇ 1.53 ਵਜੇ ਤੱਕ ਜੱਸੀ ਨੂੰ ਉਥੋਂ ਫੜ ਕੇ ਥਾਣੇ ਲੈ ਗਈ ਸੀ। ਇਸ ਦਾ ਗਵਾਹ ਟੇਲਰ ਮਾਸਟਰ ਤਰਨਜੀਤ ਕੁਮਾਰ ਵੀ ਹੈ, ਜਿਸ ਦੀ ਮੌਜੂਦਗੀ ਵਿਚ ਉਸ ਨੂੰ ਚੁੱਕਿਆ ਗਿਆ ਹੈ ਪਰ ਇਸੇ ਸ਼ਾਮ ਪੁਲਸ ਨੇ ਇਹ ਦਿਖਾਵਾ ਕੀਤਾ ਕਿ ਜੱਸੀ ਨੂੰ ਉਨ੍ਹਾਂ ਸੈਲਾ ਅੱਡੇ ਤੋਂ ਫੜਿਆ ਹੈ ਅਤੇ ਉਸ ਉਪਰ 16 ਨਸ਼ੇ ਦੇ ਟੀਕੇ ਪਾ ਕੇ ਝੂਠਾ ਪਰਚਾ ਕਰ ਦਿੱਤਾ।
ਪੀੜਤ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਤੋਂ ਏ. ਐੱਸ. ਆਈ. ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਪੈਸੇ ਨਾ ਦੇਣ ਦੀ ਸੂਰਤ 'ਚ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਕਾਂਗਰਸੀ ਆਗੂ ਨੇ ਕਿਹਾ ਕਿ ਪੀੜਤ ਦੇ ਪਰਿਵਾਰ ਵਲੋਂ ਬਾਕਾਇਦਾ ਵੀਡੀਓ ਫੁਟੇਜ ਨਾਲ ਨੱਥੀ ਕਰ ਕੇ ਐੱਸ. ਐੱਸ. ਪੀ. ਨੂੰ ਦਰਖਾਸਤ ਵੀ ਦਿੱਤੀ ਗਈ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਬਿਆਨ ਲੈਣ ਲਈ ਥਾਣੇ ਤੋਂ ਉਨ੍ਹਾਂ ਨੂੰ ਸੱਦਿਆ ਗਿਆ ਹੈ।
ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਜੱਸੀ ਕੋਲੋਂ ਸੱਚਮੁੱਚ ਹੀ ਟੀਕੇ ਬਰਾਮਦ ਹੋਏ ਸਨ ਤਾਂ ਫਿਰ ਪੁਲਸ ਨੇ ਮਾਹਿਲਪੁਰ ਵਿਚ ਹੀ ਉਸ ਵਿਰੁੱਧ ਪਰਚਾ ਦਰਜ ਕਿਉਂ ਨਹੀਂ ਕੀਤਾ? ਸੈਲਾ ਚੌਕੀ ਲਿਜਾ ਕੇ ਝੂਠਾ ਵਾਕਿਆ ਬਣਾ ਕੇ ਪੁਲਸ ਵਲੋਂ ਪਰਚਾ ਦਰਜ ਕਰਨ ਦੀ ਕੀ ਮਜਬੂਰੀ ਸੀ। ਐੱਸ. ਐੱਸ. ਪੀ. ਹੁਸ਼ਿਆਰਪੁਰ ਕੋਲ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੀ ਸੀ. ਡੀ. ਦੇਣ ਦੇ ਬਾਵਜੂਦ ਵੀ ਪੁਲਸ ਵਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਐੱਸ. ਐੱਸ. ਪੀ. ਆਪਣੇ ਨੰਬਰ ਬਣਾਉਣ ਲਈ ਨਸ਼ਿਆਂ ਦੇ ਝੂਠੇ ਪਰਚੇ ਦਰਜ ਕਰਵਾਉਣ ਨੂੰ ਸ਼ਹਿ ਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਐੱਸ. ਐੱਸ. ਪੀ. ਥਾਣੇਦਾਰਾਂ ਵਲੋਂ ਬਲੈਕਮੇਲਿੰਗ ਨਾਲ ਪੈਸਾ ਇਕੱਠਾ ਕਰਨ ਨੂੰ ਵੀ ਸ਼ਹਿ ਦੇ ਰਹੇ ਹਨ।
ਉਧਰ ਪੀੜਤ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਅਤੇ ਟੇਲਰ ਮਾਸਟਰ ਨੂੰ ਲਗਾਤਾਰ ਏ. ਐੱਸ. ਆਈ. ਆਗਿਆਪਾਲ ਵਲੋਂ ਧਮਕਾਇਆ ਜਾ ਰਿਹਾ ਹੈ ਅਤੇ ਐੱਸ. ਐੱਸ. ਪੀ. ਉਸ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵੀ ਕੀਮਤ 'ਤੇ ਲੋਕਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ ਅਤੇ ਨਾ ਹੀ ਝੂਠੇ ਪਰਚੇ ਦਰਜ ਹੋਣ ਦੇਵੇਗੀ। ਉਨ੍ਹਾਂ ਪੁਲਸ ਅਫਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਅਕਾਲੀ-ਭਾਜਪਾ ਸਰਕਾਰ ਸਮੇਂ ਝੂਠੇ ਪਰਚੇ ਦਰਜ ਕਰਵਾਉਣ ਦੀਆਂ ਆਦਤਾਂ ਨੂੰ ਛੱਡ ਦੇਣ।
ਫੋਕਲ ਪੁਆਇੰਟ ਫੇਜ਼-8 ਤੇ 4 ਦੇ ਕਾਰੋਬਾਰੀ ਨਰਕ ਭਰੇ ਮਾਹੌਲ 'ਚ ਕੰਮ ਕਰਨ ਲਈ ਮਜਬੂਰ
NEXT STORY