ਲੁਧਿਆਣਾ (ਗੁਪਤਾ): ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਵਿਚ ਬਦਲਾਅ ਦੀ ਲੜਾਈ ਲਈ ਤਿਆਰ ਹੈ, ਕਿਉਂ ਕਿ ਸੂਬੇ ਦੇ ਲੋਕਾਂ ਨੂੰ ਪਾਰਟੀ ਤੋਂ ਬਹੁਤ ਹੀ ਆਸਾਂ-ਉਮੀਦਾਂ ਹਨ। ਉਨ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਇਸ ਲਈ ਫੈਸਲਾਕੁੰਨ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ। ਨਿਤਿਨ ਨਬੀਨ ਆਪਣੇ ਪਲੇਠੇ ਪੰਜਾਬ ਦੌਰੇ ਦੇ ਆਖ਼ਰੀ ਦਿਨ ਲੁਧਿਆਣਾ ਵਿਚ ‘ਯੁਵਾ ਮਿਲਣੀ’ ਸਮਾਗਮ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ। ਨੌਜਵਾਨਾਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿ ਉਹ ਨੌਜਵਾਨਾਂ ਰਾਹੀਂ ਪੰਜਾਬ ਨੂੰ ਦਰਪੇਸ਼ ਮਸਲਿਆਂ ਨੂੰ ਸਮਝਣ ਆਏ ਹਨ।
ਪੰਜਾਬ ਦੇ ਨੌਜਵਾਨਾਂ ਦੀਆਂ ਚਿੰਤਾਵਾਂ ਅਤੇ ਭਾਜਪਾ ਤੋਂ ਉਮੀਦਾਂ ਬਾਬਤ ਦਰਜਨਾਂ ਸਵਾਲਾਂ ਦੇ ਉਨ੍ਹਾਂ ਕਾਫ਼ੀ ਵਿਸਥਾਰ ਨਾਲ ਜਵਾਬ ਦਿੰਦਿਆਂ ਕਿਹਾ, ‘‘ਅਸੀਂ ਸੜਕਾਂ ਉੱਤੇ ਉਤਾਰਨ ਲਈ ਤਿਆਰ ਹਾਂ, ਤੁਸੀਂ ਫ਼ੈਸਲਾ ਕਰੋ, ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰ੍ਹੇ ਉਤਰਾਂਗੇ।’’ ਨੌਜਵਾਨਾਂ ਨੇ ਉਨ੍ਹਾਂ ਨੂੰ ਪੰਜਾਬ ਵਿਚ ਢਾਂਚਾਗਤ ਵਿਕਾਸ, ਪੰਜਾਬ ਸਿਰ ਕਰਜ਼, ਲਾਅ ਐਂਡ ਆਰਡਰ ਦੇ ਹਾਲਾਤ, ਮਹਿਲਾ ਸੁਰੱਖਿਆ, ਉਦਯੋਗਿਕ ਪਲਾਇਨ, ਖੇਤੀ ਸੰਕਟ, ਪੰਜਾਬ ਤੋਂ ਇੰਟਰਨੈਸ਼ਲਨ ਫਲਾਇਟਾਂ, ਖੇਡਾਂ, ਸਿਹਤ ਅਤੇ ਕੇਂਦਰੀ ਸਕੀਮਾਂ ਦੇ ਪੰਜਾਬ ਵਿਚ ਲਾਭ ਨਾ ਮਿਲਣ ਬਾਰੇ ਸਵਾਲ ਕੀਤੇ। ਸਵਾਲਾਂ ਤੋਂ ਬਾਅਦ ਸੁਮੱਚੀ ਚਰਚਾ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਮੁਲਕ ਵਿਚ ਢਾਂਚਾਗਤ ਸਹੂਲਤਾਂ ਦੀ ਉਸਾਰੀ ਵਿਕਾਸ ਦਾ ਵੱਡਾ ਪੈਮਾਨਾ ਹੁੰਦਾ ਹੈ, ਪਰ ਇਹ ਪੂਰਾ ਮਾਮਲਾ ਲਾਅ ਐਂਡ ਆਰਡਰ ਨਾਲ ਜੁੜਿਆ ਹੋਇਆ ਹੈ। ਇਹ ਸਰਕਾਰ ਦੇ ਵਿਜ਼ਨ ਨਾਲ ਹੀ ਸੰਭਵ ਹੁੰਦਾ ਹੈ, ਪੰਜਾਬ ਵਿਚ ਅੱਜ ਜਿਸ ਤਰ੍ਹਾਂ ਦੇ ਹਾਲਾਤ ਸਨ, ਉਸੇ ਵਰਗੇ ਕਦੇ ਯੂਪੀ ਅਤੇ ਬਿਹਾਰ ਦੇ ਹੁੰਦੇ ਸਨ। ਪਰ ਉਹ ਸਰਕਾਰ ਦੇ ਵਿਜ਼ਨ ਨਾਲ ਬਿਹਤਰ ਦਿਸ਼ਾ ਵੱਲ ਵਧ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਦਭੁੱਤ ਸਮਰੱਥਾ ਹੈ, ਪਰ ਉਹ ਵਿਕਾਸ ਦੀ ਦੌੜ ਵਿਚ ਪੱਛੜ ਗਿਆ ਹੈ। ਸੂਬੇ ਸਿਰ 4 ਲੱਖ ਕਰੋੜ ਦਾ ਕਰਜ਼ਾ ਹੈ। ਕਰਜ਼ ਤਾਂ ਦੂਜੇ ਸੂਬੇ ਵੀ ਲੈਂਦੇ ਹਨ, ਪਰ ਪੰਜਾਬ ਨੂੰ ਅਜਿਹੇ ਰੈਵੇਨਿਊ ਮਾਡਲ ਦੀ ਲੋੜ ਹੈ, ਜਿਸ ਨਾਲ ਰੋਲਿੰਗ ਮਨੀ ਨੂੰ ਵਰਤਿਆ ਜਾ ਸਕੇ। ਕੇਂਦਰੀ ਯੋਜਨਾਵਾਂ ਦਾ ਵੀ ਪੰਜਾਬ ਦੇ ਲੋਕਾਂ ਨੂੰ ਫਾਇਦਾ ਨਹੀਂ ਮਿਲ ਪਾ ਰਿਹਾ। ਇਸੇ ਲਈ ਅਸੀਂ ਵਾਰ-ਵਾਰ ਡਬਲ–ਇੰਜਨ ਸਰਕਾਰ ਦੀ ਗੱਲ ਕਰਦੇ ਹਾਂ। ਮਹਿਲਾ ਸਸ਼ਕਤੀਕਰਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਜਿੱਥੇ ਮਹਿਲਾ ਸੁਰੱਖਿਅਤ ਨਹੀਂ ਉੱਥੇ ਸਰਕਾਰ ਵੀ ਸਰੁੱਖਿਅਤ ਨਹੀਂ ਰਹਿ ਸਕਦੀ। ਪਰ ਭਾਜਪਾ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਉਨ੍ਹਾਂ ਦੇ ਸਵੈਮਾਨ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਭਾਜਪਾ ਸਰਕਾਰਾਂ ਹਨ, ਉਹ ਸਟਾਰਟਅੱਪ ਬਾਰੇ ਬਹੁਤ ਗੰਭੀਰ ਹਨ, ਅਸੀਂ ਭਾਰਤ ਨੂੰ ਮਜ਼ਦੂਰ ਮੁਹੱਈਆ ਕਰਵਾਉਣ ਵਾਲੇ ਦੇਸ ਤੋਂ ਉਤਪਾਦਕ ਦੇਸ਼ ਵਿਚ ਬਦਲ ਰਹੇ ਹਾਂ। ਖੇਤੀ ਸੈਕਟਰ ਵਿਚ ਵਿਭਿੰਨਤਾ ਉੱਤੇ ਜ਼ੋਰ ਦਿੰਦਿਆਂ ਨਿਤਿਨ ਨਬੀਨ ਦਾ ਕਹਿਣਾ ਸੀ ਕਿ ਭਾਜਪਾ ਕਿਸੇ ਵੀ ਮਸਲੇ ਦੇ ਹੱਲ ਲਈ ਨੀਤੀਗਤ ਫ਼ੈਸਲੇ ਲੈ ਕੇ ਸਮੁੱਚੇ ਅਤੇ ਸਥਿਰ ਵਿਕਾਸ ਲਈ ਕੰਮ ਕਰਦੀ ਹੈ।
ਇਸ ਤੋਂ ਪਹਿਲਾਂ ਭਾਜਪਾ ਕੌਮੀ ਪ੍ਰਧਾਨ ਦਾ ਸਵਾਗਤ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ, ‘‘ਦੇਸ਼ ਦੇ 22 ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ, ਭਾਜਪਾ ਨੇ ਆਪਣੇ ਆਪ ਨੂੰ ਸਾਬਿਤ ਕੀਤਾ ਹੈ, ਇਹੀ ਰਿਪੋਰਟ ਕਾਰਡ ਅਸੀਂ ਪੰਜਾਬ ਦੇ ਲੋਕਾਂ ਅੱਗੇ ਪੇਸ਼ ਕਰਾਂਗੇ ਅਤੇ ਉਨ੍ਹਾਂ ਦੇ ਮਸਲਿਆਂ ਦੇ ਹੱਲ ਦੀ ਲੜਾਈ ਲੜਾਂਗੇ।’’ ਸਮਾਗਮ ਦੌਰਾਨ ਬੋਲਦਿਆਂ ਪੰਜਾਬ ਭਾਜਪਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਪੰਜਾਬ ਦੀ ਤਰੱਕੀ, ਖੁਸ਼ਹਾਲੀ ਲਈ ਡਬਲ-ਇੰਜਨ ਦੀ ਸਰਕਾਰ ਦੀ ਲੋੜ ਹੈ। ਇਸ ਮੌਕੇ ਮੰਚ ਉੱਤੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੌਮੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਪ੍ਰਭਾਰੀ ਨਰਿੰਦਰ ਰੈਣਾ ਵੀ ਮੌਜੂਦ ਸਨ।
ਪਰਿਵਾਰ ਨਾਲ ਬਾਬਾ ਬਾਲਕ ਨਾਥ ਤੋਂ ਮੱਥਾ ਟੇਕ ਕੇ ਪਰਤ ਰਹੇ ਪੰਜਾਬ ਪੁਲਸ ਦੇ ਹੋਮ ਗਾਰਡ ਜਵਾਨ ਦੀ ਮੌਤ
NEXT STORY