ਚੰਡੀਗਡ਼੍ਹ, (ਭੁੱਲਰ)- ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲੇ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਰਕਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਿਸ਼ਾਂ ’ਤੇ ਕਾਰਵਾਈ ਕਰਨ ਲਈ ਵਚਨਬੱਧ ਹੈ। ਇਹ ਅਹਿਮ ਐਲਾਨ ਅੱਜ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਪੰਜਾਬ ਅਸੈਂਬਲੀ ’ਚ ਕੀਤਾ। ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਏ ਸੂਬੇ ਦੀ 15ਵੀਂ ਅਸੈਂਬਲੀ ਦੇ ਬਜਟ ਸੈਸ਼ਨ ’ਚ ਸਰਕਾਰ ਦੀਆਂ 2 ਸਾਲ ਦੇ ਕੰਮਾਂ ਤੇ ਪ੍ਰਾਪਤੀਆਂ ਦਾ ਵਿਸਥਾਰ ’ਚ ਜ਼ਿਕਰ ਕੀਤਾ ਗਿਆ ਹੈ।
ਸਿੱਖਿਆ ਨੂੰ ਸੂਬਾ ਸਰਕਾਰ ਦੀ ਮੁੱਖ ਤਰਜੀਹ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੂਰੇ ਯਤਨ ਕੀਤੇ ਜਾਣਗੇ ਤੇ ਉਨ੍ਹਾਂ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵੀ ਪਹਿਲ ਦੇ ਆਧਾਰ ’ਤੇ ਕੰਮ ਕਰਨ ਦੀ ਗੱਲ ਆਖੀ। ਸਿਹਤ ਸੇਵਾਵਾਂ ਬਾਰੇ ਰਾਜਪਾਲ ਨੇ ਕਿਹਾ ਕਿ 239 ਵੈੱਲਨੈੱਸ ਕਲੀਨਿਕ ਖੋਲ੍ਹੇ ਗਏ ਹਨ ਅਤੇ 800 ਹੋਰ ਖੋਲ੍ਹੇ ਜਾਣ ਦੀ ਯੋਜਨਾ ਹੈ। ਸਰਬਤ ਸਿਹਤ ਬੀਮਾ ਯੋਜਨਾ ਤਹਿਤ 42 ਲੱਖ ਪਰਿਵਾਰਾਂ ਨੂੰ ਬੀਮਾ ਮੁਹੱਈਆ ਕਰਵਾਇਆ ਜਾਵੇਗਾ। ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ’ਚ ਮੁਫ਼ਤ ਖੂਨ ਮੁਹੱਈਆ ਕਰਵਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਿਲਾਵਟੀ ਵਸਤੂਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ। ਰਾਜਪਾਲ ਦੇ ਭਾਸ਼ਣ ਵਿਚ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ 12 ਨਵੰਬਰ 2019 ਨੂੰ ਆਉਣ ਵਾਲੇ ਪ੍ਰਕਾਸ਼ ਪੁਰਬ ਤੱਕ ਮੁਕੰਮਲ ਕਰਕੇ ਇਸ ਨੂੰ ਹਰ ਹਾਲਤ ’ਚ ਚਾਲੂ ਕਰਨ ਦੀ ਗੱਲ ਆਖੀ ਗਈ ਹੈ। ਰਾਜਪਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਜ਼ੀਰੋ ਪਾਲੀਟੀਕਲ ਵੈਨਡਾਟਾ ਜਾਂ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ। ਪਿਛਲੇ ਸੈਸ਼ਨ ’ਚ ਪਿਛਲੀ ਸਰਕਾਰ ’ਚ ਬਦਲੇ ਦੀ ਭਾਵਨਾ ਨਾਲ ਵਿਰੋਧੀਆਂ ਖਿਲਾਫ਼ ਦਰਜ ਕੇਸਾਂ ਦੀ ਜਾਂਚ ਲਈ ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ’ਚ ਕਮਿਸ਼ਨ ਗਠਿਤ ਕੀਤਾ ਗਿਆ।
ਭਾਸ਼ਣ ਦੇ ਸ਼ੁਰੂ ’ਚ ਅਮਨ-ਸ਼ਾਂਤੀ ਦਾ ਜ਼ਿਕਰ
ਰਾਜਪਾਲ ਨੇ ਭਾਸ਼ਣ ਦੇ ਸ਼ੁਰੂ ’ਚ ਹੀ ਸ਼ਾਂਤੀ ਵਿਵਸਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਲਈ ਲਗਾਤਾਰ ਯਤਨ ਕੀਤੇ ਗਏ ਹਨ ਅਤੇ ਅਮਨ-ਸ਼ਾਂਤੀ ਬਰਕਰਾਰ ਰੱਖੀ ਗਈ ਹੈ। ਸੂਬੇ ਵਿਚ ਸਰਗਰਮ ਗੈਂਗਸਟਰਾਂ ਨੂੰ ਕਾਬੂ ਕਰਨ ’ਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ‘ਏ’ ਸ਼੍ਰੇਣੀ ਦੇ 10 ਗੈਂਗਸਟਰਾਂ ਸਮੇਤ 1414 ਗੈਂਗਸਟਰਾਂ ਅਤੇ ਵੱਖ-ਵੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਜਾਂ ਖਤਮ ਕੀਤਾ ਗਿਆ ਹੈ। 101 ਅੱਤਵਾਦੀਆਂ ਅਤੇ 22 ਵਿਦੇਸ਼ੀ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ 19 ਅੱਤਵਾਦੀ ਮਾਡਿਊਲਾਂ ਨੂੰ ਖਤਮ ਕੀਤਾ ਗਿਆ ਹੈ।
ਪੰਜਾਬ ਕੋਲ ਵਾਧੂ ਪਾਣੀ ਨਹੀਂ
ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ’ਤੇ ਰਾਜ ਸਰਕਾਰ ਦੇ ਪੱਖ ਨੂੰ ਪੇਸ਼ ਕਰਦਿਆਂ ਰਾਜਪਾਲ ਨੇ ਕਿਹਾ ਕਿ ਇਸ ਪਾਣੀ ਦੀ ਰਾਖੀ ਲਈ ਹਰ ਸੰਭਵ ਪ੍ਰਬੰਧਕੀ ਅਤੇ ਕਾਨੂੰਨੀ ਕਦਮ ਚੁੱਕੇ ਗਏ ਹਨ। ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਇਸ ਨਾਲ ਆਉਣ ਵਾਲੇ ਸਮੇਂ ’ਚ ਪਾਣੀ ਦੀ ਪੈਦਾ ਹੋਣ ਵਾਲੀ ਗੰਭੀਰ ਸਮੱਸਿਆ ਵੀ ਚਿੰਤਾ ਵਿਸ਼ਾ ਹੈ। ਸੂਬਾ ਸਰਕਾਰ ਚਾਹੁੰਦੀ ਹੈ ਕਿ ਕੇਂਦਰ ਸਰਕਾਰ ਪੰਜਾਬ ’ਚ ਘਟ ਰਹੇ ਪਾਣੀ ਦੀ ਸਮੱਸਿਆ ਦਾ ਅਸਲੀ ਬਿਓਰਾ ਤਿਆਰ ਕਰੇ ਤਾਂ ਜੋ ਪੰਜਾਬ ਵਰਗਾ ਖੁਸ਼ਹਾਲ ਰਾਜ ਮਾਰੂਥਲ ਬਣਨ ਤੋਂ ਰੋਕਿਆ ਜਾ ਸਕੇ।
ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵਚਨਬੱਧ
ਨਸ਼ਿਆਂ ਦੇ ਵਿਸ਼ੇ ’ਤੇ ਰਾਜਪਾਲ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਪੂਰੀ ਤਰ੍ਹਾਂ ਦ੍ਰਿਡ਼੍ਹ ਹੈ। ਨਸ਼ਾ ਸਮੱਗਲਰਾਂ ਨੂੰ ਸਰਪ੍ਰਸਤੀ ਰੋਕਣ ਲਈ ਚੁੱਕੇ ਗਏ ਕਦਮਾਂ ਤੋਂ ਇਲਾਵਾ ਤਿੰਨ ਪੱਖੀ ਨੀਤੀ ਲਾਗੂ ਕੀਤੀ ਗਈ ਹੈ। ਬਹੁਤੇ ਨਸ਼ਾ ਸਮੱਗਲਰ ਅਤੇ ਸਪਲਾਇਰ ਜਾਂ ਤਾਂ ਸੂਬੇ ਨੂੰ ਛੱਡ ਗਏ ਹਨ ਜਾਂ ਫਿਰ ਬਹੁਤਿਆਂ ਨੂੰ ਫਡ਼ ਕੇ ਜੇਲ ’ਚ ਸੁੱਟ ਦਿੱਤਾ ਗਿਆ ਹੈ। ਨਸ਼ਾ ਪੀਡ਼ਤਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ 168 ਆਊਟ ਪੇਸ਼ੈਂਟ ਓਪੀਆਡ ਅਸਿਸਟਡ ਟਰੀਟਮੈਂਟ ਸ਼ੁਰੂ ਕੀਤੇ ਗਏ ਹਨ। ਐੱਨ. ਡੀ.ਪੀ. ਐੱਸ. ਐਕਟ ਅਧੀਨ ਦਰਜ ਕੀਤੇ 21049 ਕੇਸਾਂ ’ਚ 25092 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 556 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ ਹੈ।
ਪਿਛਲੀ ਸਰਕਾਰ ਨੇ 13,039 ਕਰੋਡ਼ ਦੀ ਬਕਾਇਆ ਦੇਣਦਾਰੀ ਛੱਡੀ
ਰਾਜਪਾਲ ਨੇ ਆਪਣੇ ਭਾਸ਼ਣ ’ਚ ਸੂਬੇ ਦੀ ਆਰਥਿਕ ਸਥਿਤੀ ’ਤੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਪਿਛਲੀ ਸਰਕਾਰ ਦੇ ਵਿੱਤੀ ਗੈਰ-ਸੰਜਮਾਂ ਕਾਰਨ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੀ ਸਰਕਾਰ ਵੱਲੋਂ ਮਾਰਚ 2017 ’ਚ 13,039 ਕਰੋਡ਼ ਦੀ ਬਕਾਇਆ ਦੇਣਦਾਰੀ ਛੱਡੀ ਗਈ। ਨਤੀਜੇ ਵਜੋਂ ਸੂਬਾ ਪ੍ਰਤੀ ਜੀਅ ਆਮਦਨ ਦੇ ਮਾਮਲੇ ’ਚ 2008-09 ਵਿਚ ਤੀਜੇ ਸਥਾਨ ਤੋਂ ਖਿਸਕ ਕੇ 2016-17 ’ਚ 10ਵੇਂ ਸਥਾਨ ’ਤੇ ਚਲਿਆ ਗਿਆ। ਇਸ ਦੇ ਬਾਵਜੂਦ ਮੌਜੂਦਾ ਸਰਕਾਰ ਨੇ ਆਰਥਿਕਤਾ ਦੀ ਪੁਨਰ ਸੁਰਜੀਤੀ ਲਈ ਹਰ ਸੰਭਵ ਯਤਨ ਕੀਤਾ, ਜਿਸ ਦੇ ਨਤੀਜੇ ਵਜੋਂ ਸਰੋਤ ਅੰਤਰ ਘਟ ਕੇ 4175 ਕਰੋਡ਼ ’ਤੇ ਆ ਗਿਆ ਹੈ ਅਤੇ ਦਸੰਬਰ 2018 ਵਿਚ ਮਾਲੀ ਪ੍ਰਾਪਤੀਆਂ 23 ਫੀਸਦੀ ਵਧ ਗਈਆਂ ਹਨ। ਸੂਬੇ ਦਾ ਵਿੱਤੀ ਘਾਟਾ 2016-17 ’ਚ ਜੀ.ਐੱਸ.ਡੀ.ਪੀ. ਦੇ 12.34 ਫੀਸਦੀ ਤੋਂ ਘਟਾ ਕੇ ਸਾਲ 2017-18 ’ਚ 2.65 ਫੀਸਦੀ ’ਤੇ ਲਿਆਂਦਾ ਗਿਆ ਹੈ।
ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਆਨੰਦ ਸਪੋਰਟਸ ਦੇ ਮਾਲਕ ਨੇ ਖੁਦ ਨੂੰ ਮਾਰੀ ਗੋਲੀ
NEXT STORY