ਚੰਡੀਗੜ੍ਹ (ਮਨਪ੍ਰੀਤ) : ਨਗਰ ਨਿਗਮ ਨੇ ਸ਼ਹਿਰ ਦੇ ਸਫ਼ਾਈ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਅਹਿਮ ਸਮਝੌਤਾ (ਐੱਮ. ਓ. ਯੂ) ’ਤੇ ਹਸਤਾਖ਼ਰ ਕੀਤੇ। ਇਹ ਸਮਝੌਤਾ ਘਰ-ਘਰ ਕੂੜਾ ਇਕੱਠਾ ਕਰਨ ਵਾਲਿਆਂ ਦੀਆਂ ਸੇਵਾਵਾਂ ਸਬੰਧੀ ਨਵੇਂ ਨਿਯਮ ਤੇ ਸ਼ਰਤਾਂ ਸਬੰਧੀ ਹੈ। ਹਾਲਾਂਕਿ ਸਮਝੌਤੇ ਤੋਂ ਬਾਅਦ ਕੁੱਝ ਕੂੜਾ ਇਕੱਠਾ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਵਿਰੋਧ ਵੀ ਕੀਤਾ ਗਿਆ। ਇਸ ਮੌਕੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ 926 ਮੁਲਾਜ਼ਮਾਂ ਨੂੰ ਸੈਨੀਟੇਸ਼ਨ ਕਿੱਟਾਂ ਵੰਡੀਆਂ। ਮੇਅਰ ਨੇ ਕਿਹਾ ਕਿ ਹਾਲ ਹੀ ’ਚ ਨਿਗਮ ਨੇ ਸਾਰੇ ਸਫ਼ਾਈ ਮਿੱਤਰਾਂ ਨੂੰ ਜੈਗਰੀ, ਤੇਲ ਅਤੇ ਸਾਬਣ (ਗੁੜ, ਤੇਲ ਤੇ ਸਾਬਣ) ਦਿੱਤੇ ਹਨ। ਨਾਲ ਹੀ ਉਨ੍ਹਾਂ ਦੇ ਲੰਬੇ ਸਮੇਂ ਤੋਂ ਬਕਾਇਆ ਜਾਰੀ ਕੀਤੇ ਹਨ। ਕਮਿਸ਼ਨਰ ਅਮਿਤ ਕੁਮਾਰ ਨੇ ਸਹਿਯੋਗੀ ਪਹੁੰਚ ਦੀ ਸ਼ਲਾਘਾ ਕੀਤੀ।
ਨਵੇਂ ਸਮਝੌਤੇ ’ਚ ਇਹ ਨਿਯਮ ਕੀਤੇ ਗਏ ਤੈਅ
ਹੁਣ ਕੂੜਾ ਚੁੱਕਣ ਵਾਲੇ ਤੁਹਾਡੇ ਘਰ ਦੀ ਹਰ ਮੰਜ਼ਿਲ (ਪਹਿਲੀ, ਦੂਜੀ ਜਾਂ ਤੀਜੀ) ’ਤੇ ਆ ਕੇ ਕੂੜਾ ਲੈ ਕੇ ਜਾਣਗੇ। ਤੁਹਾਨੂੰ ਕੂੜਾ ਦੇਣ ਲਈ ਹੇਠਾਂ ਗਲੀ ’ਚ ਆਉਣ ਦੀ ਲੋੜ ਨਹੀਂ।
ਕੂੜਾ ਚੁੱਕਣ ਵਾਲੇ ਤੁਹਾਡੇ ਕੋਲੋਂ ਕੋਈ ਵਾਧੂ ਪੈਸੇ ਜਾਂ ਟਿੱਪ ਨਹੀਂ ਮੰਗ ਸਕਦੇ। ਇਹ ਸੇਵਾ ਬਿਲਕੁਲ ਮੁਫ਼ਤ ਹੋਵੇਗੀ, ਕਿਉਂਕਿ ਤੁਸੀਂ ਪਹਿਲਾਂ ਹੀ ਬਿੱਲ ਭਰ ਰਹੇ ਹੋ।
ਕੂੜਾ ਇਕੱਠਾ ਕਰਨ ਦਾ ਕੰਮ ਸਵੇਰੇ ਜਲਦੀ ਸ਼ੁਰੂ ਹੋਵੇਗਾ। ਸਰਦੀਆਂ ’ਚ ਸਵੇਰੇ 7 ਤੇ ਗਰਮੀਆਂ ’ਚ ਸਵੇਰੇ 6 ਵਜੇ ਤੋਂ ਗੱਡੀ ਆਵੇਗੀ।
ਕੋਈ ਕਰਮਚਾਰੀ ਤੁਹਾਡੇ ਨਾਲ ਗਲਤ ਬੋਲਦਾ ਹੈ, ਪੈਸੇ ਮੰਗਦਾ ਹੈ ਜਾਂ ਕੂੜਾ ਚੁੱਕਣ ਨਹੀਂ ਆਉਂਦਾ ਤਾਂ ਉਸ ਨੂੰ ਜੁਰਮਾਨਾ ਲੱਗੇਗਾ।
ਪੰਜ ਡਿਫਾਲਟ ਜਾਂ ਤਿੰਨ ਸ਼ਿਕਾਇਤਾਂ ਤੋਂ ਬਾਅਦ ਬਿਨਾਂ ਨੋਟਿਸ ਸਮਝੌਤਾ ਖ਼ਤਮ ਕੀਤਾ ਜਾ ਸਕਦਾ ਹੈ।
ਕੂੜਾ ਚੁੱਕਣ ਵਾਲਿਆਂ ਨੂੰ ਵੀ ਹੁਣ ਸਮੇਂ ਸਿਰ ਤਨਖ਼ਾਹ, ਵਰਦੀ, ਬੀਮਾ ਤੇ ਛੁੱਟੀਆਂ ਮਿਲਣਗੀਆਂ ਤਾਂ ਜੋ ਉਹ ਮਨ ਲਗਾ ਕੇ ਕੰਮ ਕਰ ਸਕਣ।
ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਮਨੋਜ ਸੋਨਕਰ ਨੇ ਹਿੱਸੇਦਾਰਾਂ ਵਿਚਕਾਰ ਸੰਚਾਰ ਨੂੰ ਜੋੜਨ ’ਚ ਕਮੇਟੀ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ।
ਨਵੇਂ ਨਿਯਮਾਂ ’ਤੇ ਕੂੜਾ ਇਕੱਠਾ ਕਰਨ ਵਾਲਿਆਂ ਦਾ ਵਿਰੋਧ, ਨਿਗਮ ਦਫ਼ਤਰ ਬਾਹਰ ਪ੍ਰਦਰਸ਼ਨ
ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਕੁੱਝ ਮੁਲਾਜ਼ਮਾਂ ਨੇ ਸਮਝੌਤੇ ਨੂੰ ਮੁਲਾਜ਼ਮਾਂ ਦੇ ਹਿੱਤਾਂ ਵਿਰੋਧੀ ਕਰਾਰ ਦਿੰਦਿਆਂ ਨਿਗਮ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕੂੜਾ ਇਕੱਠਾ ਕਰਨ ਵਾਲੇ ਕਈ ਸਾਲਾਂ ਤੋਂ ਸ਼ਹਿਰ ਨੂੰ ਸਾਫ਼ ਰੱਖਣ ’ਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ। ਨਵਾਂ ਸਮਝੌਤਾ ਕੂੜਾ ਇਕੱਠਾ ਕਰਨ ਵਾਲਿਆਂ ਦੀ ਰੋਜ਼ੀ-ਰੋਟੀ ਅਤੇ ਮਾਣ-ਸਨਮਾਨ ’ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ।
ਮੁਲਾਜ਼ਮਾਂ ਵੱਲੋਂ ਪੇਸ਼ ਮੁੱਖ ਇਤਰਾਜ਼ ਤੇ ਮੰਗਾਂ
ਹਰ ਮੰਜ਼ਲ ਤੋਂ ਕੂੜਾ ਇਕੱਠਾ ਕਰਨ ਦੀ ਜ਼ਿੰਮੇਵਾਰੀ ਨੂੰ ਖ਼ਤਮ ਕਰੋ। ਬਹੁ-ਮੰਜ਼ਿਲਾ ਇਮਾਰਤਾਂ ’ਚ ਘਰ-ਘਰ ਜਾ ਕੇ ਇਕੱਠਾ ਕਰਨਾ ਵਿਵਹਾਰਕ ਨਹੀਂ। ਇਹ ਸਮੇਂ, ਸਿਹਤ ਤੇ ਸੁਰੱਖਿਆ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰਦਾ ਹੈ। ਲੋਕ ਖ਼ੁਦ ਕੂੜਾ ਹੇਠਾਂ ਲੈ ਕੇ ਆਉਣ ਜਿਵੇਂ ਕਿ ਵਾਹਨ ਦੇ ਸਪੀਕਰ ’ਤੇ ਐਲਾਨ ਕੀਤਾ ਗਿਆ ਹੈ। ਕੂੜਾ ਇਕੱਠਾ ਕਰਨ ਵਾਲੇ ਨੂੰ ਸਿਰਫ਼ ਬਜ਼ੁਰਗਾਂ, ਗਰਭਵਤੀਆਂ ਤੇ ਅਪਾਹਜਾਂ ਲਈ ਉੱਪਰ ਜਾਣਾ ਚਾਹੀਦਾ ਹੈ। ਸ਼ਿਕਾਇਤ ਦੀ ਢੁੱਕਵੀਂ ਜਾਂਚ ਤੋਂ ਬਿਨਾਂ ਸਮਝੌਤਾ ਖ਼ਤਮ ਕਰਨ ਦੀਆਂ ਸ਼ਰਤਾਂ ਨੂੰ ਹਟਾਣਾ ਚਾਹੀਦਾ ਹੈ। ਪੰਜ ਡਿਫਾਲਟ ਜਾਂ ਤਿੰਨ ਸ਼ਿਕਾਇਤਾਂ ਤੋਂ ਬਾਅਦ ਬਿਨਾਂ ਨੋਟਿਸ ਸਮਝੌਤਾ ਖ਼ਤਮ ਕਰਨਾ ਅਣ ਉੱਚਿਤ ਅਤੇ ਮਨਮਾਨੀ ਹੈ। ਕੋਈ ਵੀ ਕਾਰਵਾਈ ਤੋਂ ਪਹਿਲਾਂ ਨਿਰਪੱਖ ਨਿਰੀਖਣ ਟੀਮ (ਇਕ ਕੂੜਾ ਇਕੱਠਾ ਕਰਨ ਵਾਲੇ ਪ੍ਰਤੀਨਿਧੀ ਸਮੇਤ) ਬਣਾਈ ਜਾਵੇ।- ਬਾਇਓਮੈਟ੍ਰਿਕ ਹਾਜ਼ਰੀ ਨੂੰ ਤਰਕਸੰਗਤ ਬਣਾਇਆ ਜਾਣਾ ਚਾਹੀਦਾ ਹੈ। ਮੌਜੂਦਾ ਪ੍ਰਣਾਲੀ ਪਹਿਲਾਂ ਹੀ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਨਵਾਂ, ਸਖ਼ਤ ਬਾਇਓਮੈਟ੍ਰਿਕ ਸਿਸਟਮ ਲਾਗੂ ਨਾ ਕੀਤਾ ਜਾਵੇ ਤੇ ਪੁਰਾਣਾ ਸਿਸਟਮ ਜਾਰੀ ਰੱਖਿਆ ਜਾਵੇ। ਸਾਰੇ ਜੁਰਮਾਨੇ ਦੇ ਪ੍ਰਬੰਧ ਹਟਾਇਆ ਜਾਵੇ।
'ਕੀ ਅਕਾਲੀ ਦਲ 'ਚ ਸ਼ਾਮਲ ਹੋ ਕੇ CM ਬਣਨਾ ਚਾਹੁੰਦੇ ਨੇ ਕੈਪਟਨ?' ਭਾਜਪਾ ਦੇ ਸੀਨੀਅਰ ਆਗੂ ਦਾ ਵੱਡਾ ਬਿਆਨ
NEXT STORY