ਲੁਧਿਆਣਾ (ਰਾਜ) : ਮੰਗਾਂ ਨਾ ਪੂਰੀਆਂ ਹੋਣ ’ਤੇ ਸਿਵਲ ਹਸਪਤਾਲ ਅਤੇ ਮਦਰ ਐਂਡ ਚਾਈਲਡ ਹਸਪਤਾਲ ਦੀਆਂ ਸਟਾਫ਼ ਨਰਸਾਂ ਵੀਰਵਾਰ ਨੂੰ ਹੜਤਾਲ ’ਤੇ ਬੈਠ ਗਈਆਂ। ਆਪਣੀਆਂ ਮੰਗਾਂ ਸਬੰਧੀ ਪਾਇਲ, ਖੰਨਾ, ਸੁਧਾਰ ਅਤੇ ਸ਼ਹਿਰ ਦੇ ਕਰੀਬ 300 ਨਰਸਾਂ ਨੇ ਸਿਵਲ ਸਰਜਨ ਦਫ਼ਤਰ ਵਿਚ ਧਰਨਾ ਦਿੱਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਨਾਲ ਹੀ ਸਟਾਫ਼ ਨਰਸਾਂ ਦੇ ਹੜਤਾਲ ’ਤੇ ਜਾਣ ਨਾਲ ਸਿਵਲ ਹਸਪਤਾਲਾਂ ’ਚ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਐਮਰਜੈਂਸੀ, ਲੇਬਰ ਰੂਮ, ਵਾਰਡ ਰੂਮ ਵਿਚ ਦਾਖ਼ਲ ਮਰੀਜ਼ਾਂ ਨੂੰ ਚੈੱਕ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਮਦਰ ਐਂਡ ਚਾਈਲਡ ਸੈਂਟਰ ਵਿਚ ਸਿਜੇਰੀਅਨ ਡਲਿਵਰੀ ਹੀ ਨਹੀਂ ਹੋਈ। ਦੁਪਹਿਰ ਬਾਅਦ ਕੰਟਰੈਕਟ ’ਤੇ ਭਰਤੀ ਸਟਾਫ਼ ਅਤੇ ਫਾਰਮੇਸੀ ਦੇ ਵਿਦਿਆਰਥੀਆਂ ਨੇ ਮਰੀਜ਼ਾਂ ਨੂੰ ਅਟੈਂਡ ਕੀਤਾ ਪਰ ਉਨ੍ਹਾਂ ਨੇ ਵੀ ਕਾਫੀ ਸਮੇਂ ਬਾਅਦ ਮਰੀਜ਼ਾਂ ਨੂੰ ਦੇਖਿਆ ਕਿਉਂਕਿ ਨਰਸਾਂ ਦੇ ਹੜਤਾਲ ’ਤੇ ਚਲੇ ਜਾਣ ਨਾਲ ਕੰਮ ਦਾ ਪ੍ਰੈਸ਼ਰ ਉਨ੍ਹਾਂ ’ਤੇ ਕਾਫੀ ਵੱਧ ਗਿਆ।
ਕੰਟਰੈਕਟ ’ਤੇ ਰੱਖੇ ਇਕ-ਇਕ ਸਟਾਫ਼ ਨੇ ਦੋ-ਦੋ ਵਾਰਡਾਂ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ। ਸਟਾਫ਼ ਨਰਸਾਂ ਦੇ ਹੜਤਾਲ ’ਤੇ ਚਲੇ ਜਾਣ ਕਾਰਨ ਸਿਵਲ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਿਹਰਬਾਨ ਦੀ ਗਿਆਨ ਕੌਰ ਪੱਥਰੀ ਹੋਣ ਕਾਰਨ ਹਸਪਤਾਲ ਵਿਚ ਦਾਖ਼ਲ ਹੈ। ਉਸ ਨੇ ਕਿਹਾ ਕਿ ਸਵੇਰੇ ਕੋਈ ਵੀ ਸਟਾਫ਼ ਮੈਂਬਰ ਚੈੱਕ ਕਰਨ ਨਹੀਂ ਆਇਆ। ਦੂਜੇ ਪਾਸੇ ਬਸਤੀ ਚੌਂਕ ਦੇ ਰਾਜ ਕੁਮਾਰ ਜਿਸ ਦਾ ਇਕ ਦਿਨ ਪਹਿਲਾਂ ਹੀ ਪੇਟ ਦਾ ਆਪਰੇਸ਼ਨ ਹੋਇਆ ਹੈ, ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਚੈੱਕ ਕਰਨ ਨਹੀਂ ਆਇਆ। ਪੰਜਾਬ ਨਰਸਿੰਗ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਅਤੇ ਸਟਾਫ਼ ਨਰਸ ਆਸ਼ਾ ਰਾਣੀ ਨੇ ਕਿਹਾ ਕਿ ਸ਼ੁੱਕਰਵਾਰ ਵੀ ਹੜਤਾਲ ਜਾਰੀ ਰਹੇਗੀ। ਇਸ ਦਿਨ ਉਹ ਹਸਪਤਾਲ ਵਿਚ ਹੀ ਧਰਨਾ ਦੇਣਗੀਆਂ। ਉਨ੍ਹਾਂ ਦੀਆਂ ਮੰਗਾਂ ਪੇ-ਪੈਰਿਟੀ ਜੋ ਕਿ 4600 ਰੁਪਏ ਮਿਲਦੀ ਸੀ, ਉਹ ਸਰਕਾਰ ਨੇ ਵਧਾਉਣਾ ਤਾਂ ਕੀ, ਸਗੋਂ ਘੱਟ ਕਰਕੇ 3200 ਰੁਪਏ ਕਰ ਦਿੱਤੀ ਹੈ। ਇਸ ਨੂੰ ਤੁਰੰਤ ਵਧਾਇਆ ਜਾਵੇ। ਦੂਜਾ, ਨਰਸਿੰਗ ਕੇਅਰ ਭੱਤੇ ਅਤੇ ਤੀਜਾ ਨਰਸਿੰਗ ਅਫਸਰ ਰੈਂਕ ਦਿੱਤਾ ਜਾਵੇ।
'ਮਿਸ ਵਰਲਡ 2021' ਹੋਇਆ ਮੁਲਤਵੀ, ਮਿਸ ਇੰਡੀਆ ਮਨਾਸਾ ਸਣੇ 17 ਕੰਟੇਸਟੈਂਟਸ ਹੋਈਆਂ 'ਕੋਰੋਨਾ ਪਾਜ਼ੇਟਿਵ'
NEXT STORY