ਮੋਗਾ (ਵਿਪਨ ਓਕਾਰਾ) : ਮੋਗਾ ਦੇ ਸਰਕਾਰੀ ਹਸਪਤਾਲ 'ਚ ਬਣੇ ਨਰਸਿੰਗ ਟਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪ੍ਰਿੰਸੀਪਲ 'ਤੇ ਕੁੱਟਮਾਰ ਕਰਨ ਅਤੇ ਟਾਰਚਰ ਕਰਨ ਦੇ ਦੋਸ਼ ਲਗਾਏ ਗਏ ਹਨ। ਦੋ ਵਿਦਿਆਰਥਣਾਂ ਨੂੰ ਉਲਟੀਆਂ ਆਉਣ ਅਤੇ ਡਿਪ੍ਰੈਸ਼ਨ ਹੋਣ ਕਾਰਨ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਮਾਪਿਆਂ ਨੂੰ ਵੀ ਬੁਲਾਇਆ ਗਿਆ ਹੈ।
ਵਿਦਿਆਰਥਣਾਂ ਨੇ ਦੱਸਿਆ ਕਿ ਉਹ ਸੈਕਿੰਡ ਇਅਰ ਦੀਆਂ ਵਿਦਿਆਰਥਣਾਂ ਹਨ ਅਤੇ ਹੋਸਟਲ ਵਿਚ ਰਹਿੰਦੀਆਂ ਹਨ। ਉਨ੍ਹਾਂ ਦੀ ਫਸਟ ਇਅਰ ਦੀਆਂ ਵਿਦਿਆਰਥਣਾਂ ਨਾਲ ਬਹਿਸ ਹੋ ਗਈ ਸੀ ਜਿਸ 'ਤੇ ਪ੍ਰਿੰਸੀਪਲ ਕਿਰਨ ਗਿੱਲ ਨੇ ਉਨ੍ਹਾਂ ਨੂੰ ਚਪੇੜਾਂ ਮਾਰੀਆਂ ਅਤੇ ਟਾਰਚਰ ਕੀਤਾ। ਉਨ੍ਹਾਂ ਨੂੰ ਮੁਰਗਾ ਬਣਾਇਆ, ਬੈਂਚ 'ਤੇ ਖੜ੍ਹਾ ਕੀਤਾ ਅਤੇ ਉਨ੍ਹਾਂ ਦੀ ਚਰਿੱਤਰ 'ਤੇ ਵੀ ਤੰਜ ਕਸੇ ਜਿਸ ਕਾਰਨ ਉਹ ਬਹੁਤ ਪਰੇਸ਼ਾਨ ਸਨ।
ਇਸ ਮਾਮਲੇ 'ਚ ਵਿਦਿਆਰਥਣਾਂ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਰਾਹੀਂ ਸੂਚਨਾ ਦਿੱਤੀ ਗਈ ਸੀ ਕਿ ਤੁਹਾਡੀਆਂ ਧੀਆਂ ਐਮਰਜੈਂਸੀ 'ਚ ਦਾਖ਼ਲ ਹਨ। ਉਹ ਇੱਥੇ ਆਏ ਤਾਂ ਧੀਆਂ ਨੇ ਆਪਬੀਤੀ ਦੱਸੀ।
ਇਹ ਖ਼ਬਰ ਵੀ ਪੜ੍ਹੋ - ਪੋਤੇ ਨੇ 80 ਸਾਲਾ ਬਜ਼ੁਰਗ ਦਾਦੇ ’ਤੇ ਕੀਤਾ ਹਮਲਾ, ਹੋਇਆ ਜ਼ਖਮੀ
ਸਰਕਾਰੀ ਹਸਪਤਾਲ ਦੀ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾ. ਕਮਲਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਨਰਸਿੰਗ ਸਕੂਲ ਦੀਆਂ ਦੋ ਵਿਦਿਆਰਥਣਾਂ ਮਨਜੋਤ ਕੌਰ ਅਤੇ ਮਨਪ੍ਰੀਤ ਕੌਰ ਨੂੰ ਦਾਖ਼ਲ ਕੀਤਾ ਗਿਆ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਮਾਰਕੁੱਟ ਕੀਤੀ ਗਈ ਹੈ। ਉਨ੍ਹਾਂ ਦਾ ਸਿਰ ਦਰਦ ਹੋ ਰਿਹਾ ਹੈ ਅਤੇ ਉਲਟੀਆਂ ਆ ਰਹੀਆਂ ਹਨ। ਵਿਦਿਾਰਥਣਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਕਿਸੇ ਵਿਦਿਆਰਥਣ ਨਾਲ ਨਹੀਂ ਕੀਤੀ ਕੁੱਟਮਾਰ - ਪ੍ਰਿੰਸੀਪਲ
ਇਸ ਸਬੰਧੀ ਪ੍ਰਿੰਸੀਪਲ ਕਿਰਨ ਗਿੱਲ ਨੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਵਿਦਿਆਰਥਣ ਨਾਲ ਮਾਰਕੁੱਟ ਨਹੀਂ ਕੀਤੀ। ਉਨ੍ਹਾਂ ਕੋਲ ਜੂਨੀਅਰ ਵਿਦਿਆਰਥਣਾਂ ਨੇ ਸ਼ਿਕਾਇਤ ਦਿੱਤੀ ਸੀ ਜਿਸ 'ਤੇ ਉਨ੍ਹਾਂ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਸਮਝਾਇਆ ਸੀ। ਪ੍ਰਿੰਸੀਪਲ ਨੇ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਦੀ ਪਹਿਲਾਂ ਵੀ ਸ਼ਿਕਾਇਤ ਆਈ ਸੀ ਅਤੇ ਉਨ੍ਹਾਂ ਨੇ ਲਿਖ਼ਤੀ ਤੌਰ 'ਤੇ ਦਿੱਤਾ ਸੀ ਕਿ ਭਵਿੱਖ 'ਚ ਉਨ੍ਹਾਂ ਦੀ ਕੋਈ ਸ਼ਿਕਾਇਤ ਨਹੀ ਆਵੇਗੀ।
ਉੱਥੇ ਹੀ ਜਦ ਇਸ ਬਾਰੇ ਮੋਗਾ ਸਰਕਾਰੀ ਹਸਪਤਾਲ ਦੇ ਐੱਸ. ਐੱਮ. ਓ. ਡਾਕਟਰ ਸੁਖਪ੍ਰੀਤ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਨੇ ਆਪਣੇ ਨਾਲ ਮਾਰਕੁੱਟ ਹੋਣ ਦੀ ਸ਼ਿਕਾਇਤ ਦਿੱਤੀ ਹੈ। ਵਿਦਿਆਰਥਣਾਂ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਉਨ੍ਹਾਂ ਨੂੰ ਬੈਂਚ 'ਤੇ ਖੜ੍ਹਾ ਕੀਤਾ ਗਿਆ ਸੀ ਅਤੇ ਮੁਰਗਾ ਵੀ ਬਣਾਇਆ ਗਿਆ। ਡਾ. ਬਰਾੜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਗਾਊਂ ਸੂਚਨਾ ਦਿੱਤੇ ਬਗੈਰ ਸਤਲੁਜ ਦਰਿਆ ’ਚ ਪਾਣੀ ਛੱਡਣ ਨਾਲ ਕਿਸਾਨਾਂ ਦੀਆਂ ਫਸਲਾਂ ’ਚ ਪਾਣੀ ਭਰਿਆ
NEXT STORY