ਧਰਮਕੋਟ/ਫਤਿਹਗੜ੍ਹ ਪੰਜਤੂਰ (ਅਕਾਲੀਆਂਵਾਲਾ) : ਹਲਕੇ ਦੇ ਨਾਲ ਲੱਗਦੇ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧ ਜਾਣ ਕਰ ਕੇ ਕਿਸਾਨਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ਕਿਉਂਕਿ ਪੂਰੇ ਜੋਬਨ ’ਤੇ ਆਈ ਝੋਨੇ ਦੀ ਫਸਲ ਪ੍ਰਭਾਵਿਤ ਹੋ ਜਾਣ ਦਾ ਡਰ ਹੈ। ਅਕਾਲੀ ਦਲ ਕਿਸਾਨ ਸੈੱਲ ਦੇ ਸੂਬਾ ਸਕੱਤਰ ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਨੇ ਕਿਹਾ ਕਿ ਸਤਲੁਜ ਦਰਿਆ ਵਿਚ ਇਸ ਵਕਤ 30 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਹੈ, ਜਦੋਂ ਕਿ ਹੁਣ ਬਰਸਾਤਾਂ ਦਾ ਸਮਾਂ ਵੀ ਨਹੀਂ ਹੈ, ਜਿਸ ਨਾਲ ਧੁੱਸੀ ਬੰਨ੍ਹ ਦੇ ਅੰਦਰ ਸੈਂਕੜੇ ਏਕੜ ਝੋਨੇ ਦੀ ਤਿਆਰ ਫਸਲ ’ਚ ਦੋ-ਦੋ ਫੁੱਟ ਦੇ ਕਰੀਬ ਪਾਣੀ ਭਰ ਗਿਆ ਹੈ, ਜਿਸ ਨਾਲ ਕਿਸਾਨਾਂ ਵਿਚ ਘਬਰਾਹਟ ਪਾਈ ਜਾ ਰਹੀ ਹੈ। ਦਰਿਆ ਵਿਚ ਵੱਧਦੇ ਪਾਣੀ ਦੇ ਮੱਦੇਨਜ਼ਰ ਅੱਜ ਸਬੰਧਤ ਪਿੰਡਾਂ ਦੇ ਕਿਸਾਨਾਂ ਨੇ ਆਪਣੀ ਕੱਚੀ ਪੱਕੀ ਝੋਨੇ ਦੀ ਫ਼ਸਲ ਦੀ ਸਾਂਭ-ਸੰਭਾਲ ਲਈ ਕੰਬਾਈਨਾਂ ਲਗਾ ਕੇ ਫਸਲ ਨੂੰ ਸਾਂਭਣ ਦੇ ਯਤਨ ਆਰੰਭ ਦਿੱਤੇ। ਉਧਰ ਇਸ ਸਬੰਧੀ ਸਬੰਧਤ ਮਹਿਕਮੇ ਦੇ ਅਧਿਕਾਰੀ ਗੁਰਸ਼ਰਨ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੱਸਿਆ ਕਿ ਅਜੇ ਇਕ ਫੁੱਟ ਤੱਕ ਸਤਲੁਜ ਦਰਿਆ ਵਿਚ ਪਾਣੀ ਵਧਣ ਦੇ ਆਸਾਰ ਹਨ। ਉਨ੍ਹਾਂ ਦੱਸਿਆ ਕਿ 18 ਅਕਤੂਬਰ ਤੋਂ ਪਾਣੀ ਕੰਟਰੋਲ ਵਿਚ ਕਰ ਲਿਆ ਜਾਵੇਗਾ ਅਤੇ 19 ਅਕਤੂਬਰ ਤੋਂ ਇਸ ਇਲਾਕੇ ਦੀਆਂ ਫਸਲਾਂ ਵਿੱਚੋਂ ਪਾਣੀ ਘਟਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਫਿਰ ਵੀ ਕਿਸਾਨ ਚੌਕਸੀ ਵਰਤਣ। ਜੇਕਰ ਉਨ੍ਹਾਂ ਦੀ ਨੀਵੇਂ ਥਾਵਾਂ ’ਤੇ ਫਸਲ ਪੱਕ ਚੁੱਕੀ ਹੈ ਤਾਂ ਉਸ ਨੂੰ ਕੱਟ ਲੈਣ।
ਹਰੀਕੇ ਹੈੱਡ ਦੇ ਦਰ ਖੋਲ੍ਹੇ ਜਾਣ : ਲੋਹਗੜ੍ਹ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਖਜੀਤ ਸਿੰਘ ਲੋਹਗੜ੍ਹ ਨੇ ਗੱਲਬਾਤ ਦੌਰਾਨ ਕਿਹਾ ਕਿ ਸਤਲੁਜ ਦਰਿਆ ’ਚ ਪਾਣੀ ਆਉਣ ਨਾਲ ਹਲਕਾ ਧਰਮਕੋਟ ਦੇ ਕਿਸਾਨਾਂ ਦਾ ਬਹੁਤ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ, ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਨਾ ਤਾਂ ਬਾਰਿਸ਼ ਹੋ ਰਹੀ ਹੈ ਨਾ ਡੈਮ ਨੂੰ ਕੋਈ ਖਤਰਾ ਹੈ ਫਿਰ ਇੰਨਾ ਪਾਣੀ ਕਿਉਂ ਛੱਡਿਆ ਗਿਆ ਅਤੇ ਹਰੀਕੇ ਹੈੱਡ ਤੋਂ ਅੱਗੇ ਦਰ ਕਿਉਂ ਨਹੀਂ ਖੋਲ੍ਹੇ ਜਾ ਰਹੇ, ਜਿਸ ਕਾਰਣ ਕਿਸਾਨਾਂ ਦਾ ਬਹੁਤ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦਰ ਖੋਲ੍ਹ ਦਿੱਤੇ ਜਾਣ ਤਾਂ ਪਾਣੀ ਦੇ ਫੈਲਾਅ ਦਾ ਘੇਰਾ ਵਧ ਜਾਵੇਗਾ, ਜਿਸ ਨਾਲ ਫਸਲਾਂ ਬਚ ਸਕਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕਿਸੇ ਸਾਜ਼ਿਸ਼ ਤਹਿਤ ਇਹ ਪਾਣੀ ਛੱਡਿਆ ਗਿਆ ਹੈ, ਜਿਸ ਨਾਲ ਕਿਸਾਨੀ ਨੂੰ ਤਬਾਹ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਈ ਵਾਰ ਹੜ੍ਹਾਂ ਦੀ ਮਾਰ ਕਾਰਨ ਧੁੱਸੀ ਬੰਨ੍ਹ ਦੇ ਅੰਦਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਝੋਨੇ ਦੀ ਫਸਲ ਪੱਕ ਚੁੱਕੀ ਹੈ ’ਤੇ ਪਾਣੀ ਛੱਡ ਦਿੱਤਾ ਗਿਆ ਹੈ।
ਸਰਕਾਰ ਸਥਿਤੀ ਸਪਸ਼ਟ ਕਰੇ ਕਿ ਕਿਹੜੇ ਖਤਰੇ ਨੂੰ ਲੈ ਕੇ ਪਾਣੀ ਛੱਡਿਆ ਗਿਆ : ਬਰਾੜ
ਸ਼੍ਰੋਮਣੀ ਅਕਾਲੀ ਦਲ ਹਲਕਾ ਧਰਮਕੋਟ ਤੋਂ ਸੇਵਾਦਾਰ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਸਤਲੁਜ ਦਰਿਆ ਦੇ ਨਾਲ ਲੱਗਦੇ ਕਿਸਾਨਾਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਹਰ ਹੀਲਾ ਵਰਤਿਆ। ਜਥੇਦਾਰ ਦੀਆਂ ਕੋਸ਼ਿਸ਼ਾਂ ਦਾ ਫਾਇਦਾ ਲੋਕ ਪਿਛਲੇ ਸਮੇਂ ਦੌਰਾਨ ਲੈ ਵੀ ਚੁੱਕੇ ਹਨ ਪਰ ਇਹ ਬੇਹੱਦ ਚਿੰਤਾ ਦੀ ਗੱਲ ਹੈ ਕਿ ਜੋ ਹੁਣ ਸਤਲੁਜ ਦਰਿਆ ਦੇ ਵਿਚ ਪਾਣੀ ਛੱਡਿਆ ਗਿਆ ਹੈ, ਉਸ ਨੂੰ ਲੈ ਕੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਕਿਹੜਾ ਖਤਰਾ ਪੈਦਾ ਹੋਇਆ ਸੀ, ਜਿਸ ਕਾਰਣ ਇਹ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਤਲੁਜ ਦਰਿਆ ’ਚ ਨਿਰੰਤਰ ਥੋੜ੍ਹਾ ਪਾਣੀ ਛੱਡਿਆ ਜਾਂਦਾ ਤਾਂ ਪਾਣੀ ਓਵਰਫਲੋਅ ਨਹੀਂ ਸੀ ਹੋਣਾ ਅਤੇ ਨਾਲ ਲੱਗਦੀਆਂ ਫਸਲਾਂ ਬਚ ਜਾਣਗੀਆਂ ਪਰ ਇਕਦਮ ਪਾਣੀ ਛੱਡਣਾ ਕਿਸਾਨਾ ਨੂੰ ਤਬਾਹ ਕਰਨ ਦੇ ਤੁੱਲ ਹੈ।
ਕਿਸਾਨਾਂ ਅਤੇ ਆੜ੍ਹਤੀਆਂ ਨੇ ਬੇ-ਮੌਸਮੇ ਸਮੇਂ ’ਚ ਆਏ ਹੜ੍ਹ ਦੀ ਜਾਂਚ ਮੰਗੀ
ਉਧਰ ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਸਕੱਤਰ ਕਿਸਾਨ ਸੈੱਲ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਸਾਹਿਬ ਸਿੰਘ ਬੋਘੇਵਾਲਾ, ਬੀ. ਕੇ. ਯੂ. ਰਾਜੇਵਾਲ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਬਹਿਰਾਮਕੇ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਕਾਹਨੇਵਾਲਾ, ਆੜ੍ਹਤੀ ਮਹਿੰਦਰ ਸਿੰਘ ਸਾਬਕਾ ਸਰਪੰਚ ਫਤਿਹਗੜ੍ਹ ਪੰਜਤੂਰ, ਆੜ੍ਹਤੀ ਦਿਲਬਾਗ ਸਿੰਘ ਢੋਲਣੀਆਂ ਨੇ ਕਿਹਾ ਕਿ ਸਤਲੁਜ ਦਰਿਆ ਦੇ ਵਿਚ ਬੇਮੌਸਮੀ ਬਰਸਾਤ ਵਾਂਗ ਹੜ੍ਹ ਆਉਣ ਦੇ ਕਾਰਣ ਕਿਸਾਨਾਂ ਦੀਆਂ ਫਸਲਾਂ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈਆਂ ਹਨ ਨੀਵੇਂ ਥਾਵਾਂ ’ਤੇ ਝੋਨੇ ਦੀ ਫਸਲ ਡੁੱਬ ਚੁੱਕੀ ਹੈ, ਭਾਖੜਾ ਮੈਨੇਜਮੈਂਟ ਵੱਲੋਂ ਬਿਨਾਂ ਕਿਸੇ ਸੂਚਨਾ ਦਿੱਤੇ ਦਰਿਆ ’ਚ ਪਾਣੀ ਛੱਡ ਦਿੱਤਾ ਗਿਆ ਹੈ ਜੇਕਰ ਅਗਾਊਂ ਸੂਚਨਾ ਦਿੱਤੀ ਹੁੰਦੀ ਤਾਂ ਸ਼ਾਇਦ ਝੋਨੇ ਦੀ ਕਟਾਈ ਕਿਸਾਨ ਵਕਤ ਤੋਂ ਪਹਿਲਾਂ ਕਰ ਲੈਂਦੇ। ਉਨ੍ਹਾਂ ਕਿਹਾ ਕਿ ਹੁਣ ਝੋਨੇ ਦੀ ਫਸਲ ਜੇਕਰ ਬਚ ਵੀ ਜਾਂਦੀ ਹੈ ਤਾਂ ਉਸ ਦੀ ਕਟਾਈ ਵੀ ਲੇਟ ਹੋਵੇਗੀ ਅਤੇ ਕਣਕ ਦੀ ਬਿਜਾਈ ਵੀ ਪ੍ਰਭਾਵਿਤ ਹੋਵੇਗੀ, ਕਿਉਂਕਿ ਸੈੱਲ ਇੰਨੀ ਬਣ ਜਾਣੀ ਹੈ ਕਿ ਜ਼ਮੀਨਾਂ ਛੇਤੀ ਵੱਤਰ ਨਹੀਂ ਆਉਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇਸ ਸਬੰਧੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਇਹ ਪਾਣੀ ਕਿਉਂ ਛੱਡਿਆ ਗਿਆ ਹੈ, ਜਿਸ ਨਾਲ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਦੇ ਵਿਚ ਪਾਣੀ ਆਉਣ ਦੇ ਨਾਲ ਹਲਕਾ ਧਰਮਕੋਟ, ਜ਼ੀਰਾ, ਸ਼ਾਹਕੋਟ, ਸੁਲਤਾਨਪੁਰ ਲੋਧੀ ਆਦਿ ਪਿੰਡਾਂ ਦੇ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਸਰਕਾਰ ਤੁਰੰਤ ਗਿਰਦਾਵਰੀ ਕਰ ਕੇ ਹੋਏ ਨੁਕਸਾਨ ਦੀ ਭਰਪਾਈ ਕਰੇ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਖ਼ਰਾਬ ਹੋਈ ਫਸਲ ਦੀ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਭੱਖ ਸਕਣ।
ਹੜ੍ਹ ਦੇ ਪਾਣੀ ਨੇ ਦੀਵਾਲੀ ਦੀਆਂ ਖੁਸ਼ੀਆਂ ਰੋੜ੍ਹੀਆਂ : ਗਿੱਲ
ਕਾਂਗਰਸ ਪਾਰਟੀ ਦੀ ਆਗੂ ਅਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੇ ਵਿਚ ਹਫ਼ਤੇ ਕੁ ਦਾ ਸਮਾਂ ਹੈ ਲੋਕ ਬੜੀਆਂ ਖੁਸ਼ੀਆਂ ਦੇ ਨਾਲ ਫਸਲਾਂ ਵੱਲ ਦੇਖ ਕੇ ਤਿਉਹਾਰ ਦੀਆਂ ਖੁਸ਼ੀਆਂ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ, ਪਰ ਸਤਲੁਜ ਦਰਿਆ ’ਚ ਆਏ ਪਾਣੀ ਕਾਰਣ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ ਉੱਥੇ ਦੀਵਾਲੀ ਦੀਆਂ ਖੁਸ਼ੀਆਂ ਵੀ ਰੋੜ੍ਹ ਦਿੱਤੀਆਂ ਹਨ ਕਿਉਂਕਿ ਉਨ੍ਹਾਂ ਦੀ ਜ਼ਮੀਨ ਜ਼ਿਆਦਾਤਰ ਦਰਿਆਈ ਖੇਤਰ ਦੇ ਵਿਚ ਹੈ, ਜਿਸ ਨਾਲ ਉਨ੍ਹਾਂ ਦੇ ਤਿਉਹਾਰੀ ਚਾਵਾਂ ਨੂੰ ਵੀ ਗ੍ਰਹਿਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਛੱਡੇ ਗਏ ਪਾਣੀ ਦੀ ਵੱਡੇ ਪੱਧਰ ’ਤੇ ਜਾਂਚ ਕਰਵਾਵੇ।
ਜਲੰਧਰ ’ਚ ਇਨਸਾਨੀਅਤ ਸ਼ਰਮਸਾਰ, ਆਟੋ ਚਾਲਕ ਵੱਲੋਂ 70 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜ਼ਿਨਾਹ
NEXT STORY