ਧੂਰੀ (ਸ਼ਰਮਾ)- ਪੰਜਾਬ ਰਾਜ ਜ਼ਿਲਾ ਦਫਤਰ ਕਰਮਚਾਰੀ ਯੂਨੀਅਨ ਵੱਲੋਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਾ ਮੰਨਣ ਕਾਰਨ ਸੂਬੇ ਭਰ ਵਿਚ ਦਫਤਰੀ ਕਾਮਿਆਂ ਵੱਲੋਂ ਕਾਲੇ ਬਿੱਲੇ ਲਾ ਕੇ ਰੋਸ ਵਜੋਂ 2 ਰੋਜ਼ਾ ਸੰਕੇਤਕ ਹੜਤਾਲ ਕੀਤੀ ਜਾ ਰਹੀ ਹੈ।
ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਨਾਰਮਜ਼ ਮੁਤਾਬਿਕ ਆਸਾਮੀਆਂ ਦੀ ਰਚਨਾ ਨਹੀਂ ਕੀਤੀ ਜਾ ਰਹੀ ਤੇ ਐੱਸ. ਐੱਸ. ਬੋਰਡ ਵੱਲੋਂ ਇਸ਼ਤਿਹਾਰਸ਼ੁਦਾ ਆਸਾਮੀਆਂ 'ਤੇ ਉਮੀਦਵਾਰ ਚੁਣ ਕੇ ਨਹੀਂ ਭੇਜੇ ਜਾ ਰਹੇ। ਇਸ ਤੋਂ ਇਲਾਵਾ ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 6ਵੇਂ ਤਨਖਾਹ ਕਮਿਸ਼ਨ ਪੰਜਾਬ ਪਾਸੋਂ ਰਿਪੋਰਟ ਲੈ ਕੇ ਤੁਰੰਤ ਲਾਗੂ ਕਰਨ, ਏ. ਸੀ. ਪੀ. ਸਕੀਮ ਅਧੀਨ 4,9,14 ਸਾਲਾਂ ਦੀ ਸੇਵਾ ਪੂਰੀ ਹੋਣ 'ਤੇ ਉੱਚ ਤਨਖਾਹ ਸਕੇਲ ਦੇਣ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਤਰੱਕੀ ਕੋਟਾ 25 ਫੀਸਦੀ ਕਰਨ, ਸਟੈਨੋ ਕੇਡਰ 'ਤੇ ਤਰੱਕੀਆਂ ਸਮੇਂ ਲਾਈਆਂ ਸ਼ਰਤਾਂ ਹਟਾਉਣ, ਕਲਰਕ/ਸੁਪਰਡੈਂਟ ਰੁਤਬੇ ਦਾ ਨਾਂ ਤਬਦੀਲ ਕਰਨ ਵਰਗੀਆਂ ਮੰਗਾਂ ਪੈਂਡਿੰਗ ਹਨ।
ਉਨ੍ਹਾਂ ਦੱਸਿਆ ਕਿ ਉਹ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਲਈ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਤੇ ਹੁਣ ਨਵੀਂ ਸਰਕਾਰ ਦੀ ਆਮਦ 'ਤੇ ਉਨ੍ਹਾਂ ਨੂੰ ਕਾਫੀ ਉਮੀਦਾਂ ਸਨ ਪਰ ਨਵੀਂ ਸਰਕਾਰ ਦੇ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੇ ਵਾਅਦੇ ਲਾਰੇ ਬਣ ਕੇ ਰਹਿ ਗਏ ਹਨ ਤੇ ਪੰਜ ਮਹੀਨੇ ਬੀਤ ਜਾਣ 'ਤੇ ਵੀ ਇਹ ਉਮੀਦਾਂ ਧੁੰਦਲੀਆਂ ਪੈਂਦੀਆਂ ਨਜ਼ਰ ਆ ਰਹੀਆਂ ਹਨ।
ਉਨ੍ਹਾਂ ਗੇਟ ਰੈਲੀਆਂ ਕਰ ਕੇ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਸਾੜਨ ਉਪਰੰਤ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੇ ਲੋਕਾਂ ਦੀਆਂ ਪ੍ਰਭਾਵਿਤ ਹੋਣ ਵਾਲੀਆਂ ਸੇਵਾਵਾਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ । ਇਸ ਮੌਕੇ ਮਨਜੀਤ ਕੌਰ ਸੁਪਰਡੈਂਟ, ਰਜਿੰਦਰਪਾਲ ਰੀਡਰ, ਸਤਨਾਮ ਸਿੰਘ ਨਾਗਰਾ ਸੀਨੀਅਰ ਸਹਾਇਕ, ਬੇਅੰਤ ਸਿੰਘ ਰੀਡਰ, ਅਰਵਿੰਦ ਕੁਮਾਰ ਸਟੈਨੋ, ਸਤਿਗੁਰ ਸਿੰਘ, ਗੁਰਦਰਸ਼ਨ ਸਿੰਘ, ਹਰਭਜਨ ਸਿੰਘ ਤੇ ਮੀਨੂ ਆਦਿ ਹਾਜ਼ਰ ਸਨ।
ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਸੰਘ ਦੀ ਚੋਣ ਲਈ ਵੋਟਿੰਗ ਸ਼ੁਰੂ, ਕਾਲਜਾਂ ਦੇ ਬਾਹਰ ਜਮ੍ਹਾਂ ਹੋਈ ਭਾਰੀ ਭੀੜ
NEXT STORY