ਜਲੰਧਰ (ਮਹੇਸ਼)- ਸੰਯੁਕਤ ਕਿਸਾਨ ਮੋਰਚਾ ਭਾਰਤ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸ਼ਹਿਰ ’ਚ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰਾਂ ਵਿਰੁੱਧ ਵਿਸ਼ਾਲ ਟਰੈਕਟਰ ਰੋਸ ਮਾਰਚ ਕਰਦੇ ਹੋਏ ਸਥਾਨਕ ਬੀ. ਐੱਮ. ਸੀ. ਚੌਂਕ ’ਚ ਪਹੁੰਚ ਕੇ ਭਾਜਪਾ ਅਤੇ ਉਸ ਦੇ ਸਹਿਯੋਗੀ ਦਲਾਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪੁਤਲੇ ਫੂਕੇ ਗਏ। ਕਿਸਾਨਾਂ ਨੇ ਸੜਕ ਵਿਚਕਾਰ ਵੱਡੀ ਗਿਣਤੀ ’ਚ ਟਰੈਕਟਰ ਲਾ ਕੇ ਰਸਤਾ ਬੰਦ ਕਰ ਦਿੱਤਾ ਅਤੇ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਥੇ. ਕੁਲਵਿੰਦਰ ਸਿੰਘ ਮਸ਼ਿਆਣਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਵੱਖ-ਵੱਖ ਰਾਜਾਂ ਦੇ ਕਿਸਾਨਾਂ ਵੱਲੋਂ 13 ਫਰਵਰੀ ਤੋਂ ਸ਼ੰਭੂ, ਖਨੌਰੀ, ਡੱਬਵਾਲੀ ਅਤੇ ਰਤਨਪੁਰਾ ਦੇ ਬਾਰਡਰਾਂ ’ਤੇ ਮੋਰਚੇ ਚੱਲ ਰਹੇ ਹਨ ਅਤੇ ਕਿਸਾਨਾਂ ਦੇ ਦਿੱਲੀ ਕੂਚ ਸਮੇਂ 13 ਅਤੇ 21 ਫਰਵਰੀ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦਿਆਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਅੱਥਰੂ ਗੈਸ ਅਤੇ ਕੈਮੀਕਲ ਵਾਲੇ ਉਨ੍ਹਾਂ ਮਾਰੂ ਹਥਿਆਰਾਂ ਦੀ ਵਰਤੋਂ ਆਪਣੇ ਹੀ ਦੇਸ਼ ਦੇ ਨਾਗਰਿਕਾਂ ’ਤੇ ਕੀਤੀ ਗਈ ਹੈ, ਜਿਨ੍ਹਾਂ ਹਥਿਆਰਾਂ ਦੇ ਇਸਤੇਮਾਲ ਦੀ ਇਜਾਜ਼ਤ ਕੋਈ ਵੀ ਅੰਤਰਰਾਸ਼ਟਰੀ ਕਾਨੂੰਨ ਨਹੀਂ ਦਿੰਦਾ।
ਇਹ ਵੀ ਪੜ੍ਹੋ: ਵਿਧਵਾ ਨੂੰ ਵਿਆਹ ਦਾ ਝਾਂਸਾ ਦੇ ਕੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਸੱਚਾਈ ਜਾਣ ਉੱਡੇ ਹੋਸ਼
ਇਕ ਨੌਜਵਾਨ ਕਿਸਾਨ ਆਗੂ ਸ਼ੁਭਕਰਨ ਸਿੰਘ ਨੂੰ 21 ਫਰਵਰੀ ਨੂੰ ਸਿੱਧੀ ਸਿਰ ’ਚ ਗੋਲ਼ੀ ਮਾਰ ਕੇ ਸ਼ਹੀਦ ਕਰ ਦਿੱਤਾ। ਹੋਰ ਸੈਂਕੜੇ ਕਿਸਾਨਾਂ ਤੇ ਅਣ-ਗਿਣਤ ਨੌਜਵਾਨਾ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕੀਤਾ ਗਿਆ, ਜਿਨ੍ਹਾਂ ’ਚ ਕਈ ਨੌਜਵਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਖ਼ਤਮ ਹੋ ਗਈ ਅਤੇ 10 ਫਰਵਰੀ ਤੋਂ 28 ਮਾਰਚ ਤੱਕ ਹਰਿਆਣਾ ਸਰਕਾਰ ਵਲੋਂ ਸੈਂਕੜੇ ਕਿਸਾਨ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਚੋਂ 5 ਕਿਸਾਨ ਆਗੂ ਤੇ ਨੌਜਵਾਨ ਅਜੇ ਵੀ ਜੇਲ੍ਹਾਂ ’ਚ ਬੰਦ ਹਨ। ਰਵਿੰਦਰ ਸਿੰਘ 13 ਫਰਵਰੀ ਤੋਂ ਜੀਂਦ ਜੇਲ੍ਹ, ਅਮਰਜੀਤ ਸਿੰਘ 13 ਫਰਵਰੀ ਤੋਂ ਜੀਂਦ ਜੇਲ੍ਹ, ਅਨੀਸ਼ ਖਟਕੜ 19 ਮਾਰਚ ਤੋਂ ਜੀਂਦ ਜੇਲ੍ਹ ’ਚ ਹਨ। ਨਵਦੀਪ ਸਿੰਘ ਵਾਟਰ ਕੈਨਨ ਅਤੇ ਗੁਰਕੀਰਤ ਸਿੰਘ 28 ਮਾਰਚ ਤੋਂ ਅੰਬਾਲਾ ਪੁਲਸ ਦੀ ਹਿਰਾਸਤ ’ਚ ਹਨ। ਇਨ੍ਹਾਂ ਨੌਜਵਾਨਾਂ ’ਤੇ ਪੁਲਸ ਹਿਰਾਸਤ ’ਚ ਉਹ ਅਣ-ਮਨੁੱਖੀ ਤਸ਼ੱਦਦ ਢਾਹਿਆ ਗਿਆ, ਜਿਸ ਦੀ ਇਜਾਜ਼ਤ ਕੋਈ ਵੀ ਕਾਨੂੰਨ ਨਹੀਂ ਦਿੰਦਾ ਹੈ।
ਜਥੇ. ਮਸ਼ਿਆਣਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਗ੍ਰਿਫ਼ਤਾਰ ਕੀਤੇ ਸਾਰੇ ਕਿਸਾਨਾਂ, ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਨ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਵਲੋਂ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਸਾਰੇ ਬਾਰਡਰਾਂ ’ਤੇ ਜਾਣ-ਬੁੱਝ ਕੇ ਬਿਜਲੀ ਸਿਸਟਮ ਵਿਗਾੜਿਆ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ, ਪਖਾਨੇ ਤੇ ਬਿਜਲੀ ਆਦਿ ਦੀਆਂ ਮੁੱਢਲੀਆਂ ਸਹੂਲਤਾਂ ਸੰਘਰਸ਼ ਕਰ ਰਹੇ ਲੋਕਾਂ ਨੂੰ ਮੁਹੱਈਆ ਕਰਵਾਉਣੀਆਂ ਸੂਬਾ ਸਰਕਾਰ ਦੀ ਮੁੱਢਲੀ ਮੁੱਖ ਜ਼ਿੰਮੇਵਾਰੀ ਹੁੰਦੀ ਹੈ ਪਰ ਉਸ ਨੂੰ ਨਿਭਾਉਣ ’ਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਪੂਰੀ ਤਰਾਂ ਫੇਲ ਹੋਈ ਹੈ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀਆਂ ਕਠਪੁਤਲੀਆਂ ਬਣ ਕੇ ਰਹਿ ਗਈਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲ਼ੀਆਂ
ਉਨ੍ਹਾਂ ਸੂਬਾ ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ’ਤੇ ਤੁਰੰਤ ਅਮਲ ਨਾ ਕੀਤਾ ਗਿਆ ਤੇ ਆਪਣੀਆ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰਦੇ ਕਿਸਾਨਾਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ 9 ਅਪ੍ਰੈਲ ਤੋਂ ਸ਼ੰਭੂ ਬੈਰੀਅਰ ’ਤੇ ਪੱਕੇ ਤੌਰ ’ਤੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਸਰਪਰਸਤ ਪ੍ਰਗਟ ਸਿੰਘ ਸਰਹਾਲੀ ਜ਼ਿਲਾ ਜਨ. ਸਕੱਤਰ ਪਰਮਜੀਤ ਸਿੰਘ ਅਕਾਲਪੁਰ, ਸੀਨੀ. ਵਾਈਸ ਪ੍ਰਧਾਨ ਦਲਜੀਤ ਸਿੰਘ ਵੇਂਡਲ, ਵਾਈਸ ਪ੍ਰਧਾਨ ਹਰਜਿੰਦਰ ਸਿੰਘ ਫਿਲੌਰ, ਜ਼ਿਲਾ ਖਜ਼ਾਨਚੀ ਕੁਲਦੀਪ ਸਿੰਘ ਸਕੱਤਰ ਗੁਰਵਿੰਦਰ ਸਿੰਘ ਭੱਟੀ, ਫਿਲੌਰ ਬਲਾਕ ਪ੍ਰਧਾਨ ਬਲਜਿੰਦਰ ਸਿੰਘ, ਗੁਰਾਇਆ ਤੋਂ ਸੁਖਵਿੰਦਰ ਸਿੰਘ ਸੁੱਖੀ, ਰੁੜਕਾ ਬਲਾਕ ਤੋਂ ਪ੍ਰਿਤਪਾਲ ਸਿੰਘ ਭੱਟੀ, ਜੋਗਾ ਸਿੰਘ ਸਰਹਾਲੀ, ਦਰਸ਼ਨ ਸਿੰਘ, ਹਰਨੇਕ ਸਿੰਘ ਚੱਕ ਕਲਾਂ, ਗੁਰਨਾਮ ਸਿੰਘ ਲੰਬੜਦਾਰ, ਕੁਲਦੀਪ ਸਿੰਘ ਸਮਰਾ ਆਦਿ ਵੀ ਹਾਜ਼ਰ ਸਨ। ਇਸੇ ਦੌਰਾਨ ਬੀ. ਐੱਮ. ਸੀ. ਚੌਕ ’ਚ ਲੱਗੇ ਹੋਏ ਸਟਰੀਟ ਲਾਈਟਾਂ ਵਾਲੇ ਖੰਭਿਆਂ ’ਤੇ ਚੜ੍ਹ ਕੇ ਕਿਸਾਨਾਂ ਨੇ ਸ਼ਹੀਦ ਸ਼ੁਭਕਰਨ ਸਿੰਘ ਦੀ ਫੋਟੋ ਤੇ ਆਪਣੀਆਂ ਮੰਗਾਂ ਸਬੰਧੀ ਬੋਰਡ ਵੀ ਲਾਏ।
ਇਹ ਵੀ ਪੜ੍ਹੋ: ਪੰਜਾਬ ਵਿਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਵਾ ਨੂੰ ਵਿਆਹ ਦਾ ਝਾਂਸਾ ਦੇ ਕੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਸੱਚਾਈ ਜਾਣ ਉੱਡੇ ਹੋਸ਼
NEXT STORY