ਜਲੰਧਰ (ਜਤਿੰਦਰ ਚੋਪੜਾ)–ਪੰਜਾਬ ਸਿਵਲ ਸਰਵਿਸਿਜ਼ ਦੇ 2013 ਬੈਚ ਦੇ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਬੀਤੇ ਦਿਨ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਜ਼ਿਲ੍ਹੇ ਵਿਚ ਪ੍ਰਸ਼ਾਸਨਿਕ ਕੰਮਕਾਜ ਨੂੰ ਹੋਰ ਦਰੁੱਸਤ ਕਰਨ ਲਈ ਇਕ ਪਾਰਦਰਸ਼ੀ ਤੰਤਰ ਵਿਕਸਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਦੀਆਂ ਲੋਕ ਹਿਤੈਸ਼ੀ ਅਤੇ ਵਿਕਾਸਮੁਖੀ ਨੀਤੀਆਂ ਨੂੰ ਲੋਕਾਂ ਦੇ ਹਿੱਤ ਵਿਚ ਲਾਗੂ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜਲੰਧਰ ਵਾਸੀਆਂ ਤੋਂ ਮਿਲੇ ਅਥਾਹ ਪਿਆਰ ਅਤੇ ਆਸ਼ੀਰਵਾਦ ਸਦਕਾ ਹੀ ਉਨ੍ਹਾਂ ਨੂੰ ਅੱਜ ਬਤੌਰ ਡਿਪਟੀ ਕਮਿਸ਼ਨਰ ਸੇਵਾਵਾਂ ਦੇਣ ਦਾ ਇਕ ਨਵਾਂ ਮੌਕਾ ਮਿਲਿਆ ਹੈ। ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਵਿਸ਼ੇਸ਼ ਸਾਰੰਗਲ ਨਾਲ ਕੀਤੀ ਗੱਲਬਾਤ ਦੇ ਵਿਸ਼ੇਸ਼ ਅੰਸ਼ ਇਸ ਤਰ੍ਹਾਂ ਹਨ :
ਜਲੰਧਰ ਜ਼ਿਲ੍ਹੇ ਪ੍ਰਤੀ ਤੁਹਾਡਾ ਤਜ਼ਰਬਾ ਕਿਹੋ ਜਿਹਾ ਹੈ?
ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜਲੰਧਰ ਮੇਰਾ ਆਪਣਾ ਹੋਮਟਾਊਨ ਹੈ। ਮੇਰਾ ਬਚਪਨ ਇਥੋਂ ਦੀਆਂ ਗਲੀਆਂ ਵਿਚ ਹੀ ਬੀਤਿਆ, ਮੇਰੀ ਸਕੂਲਿੰਗ ਇਥੇ ਹੋਈ। ਜਲੰਧਰ ਵਿਚ ਮੈਂ ਲੰਮੇ ਅਰਸੇ ਤਕ ਵੱਖ-ਵੱਖ ਅਹੁਦਿਆਂ ’ਤੇ ਕੰਮ ਕੀਤਾ ਹੈ। ਮੈਂ ਚੀਫ਼ ਐਡਮਨਿਸਟ੍ਰੇਟਰ ਪੁੱਡਾ, ਸੀ. ਈ. ਓ. ਸਮਾਰਟ ਸਿਟੀ, ਐਡੀਸ਼ਨਲ ਡਿਪਟੀ ਕਮਿਸ਼ਨਰ (ਡਿਵੈੱਲਪਮੈਂਟ) ਅਤੇ ਨਗਰ ਨਿਗਮ ਕਮਿਸ਼ਨਰ ਵਜੋਂ ਜ਼ਿਲ੍ਹੇ ਵਿਚ ਪਹਿਲਾਂ ਵੀ ਆਪਣੀਆਂ ਸੇਵਾਵਾਂ ਦੇ ਚੁੱਕਾ ਹਾਂ। ਉਨ੍ਹਾਂ ਜਲੰਧਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦਾ ਸਾਥ ਦੇਣ, ਅਸੀਂ ਜਲੰਧਰ ਨੂੰ ਬਹੁਤ ਵਧੀਆ ਸ਼ਹਿਰ ਬਣਾਈਏ ਤਾਂ ਕਿ ਸਾਡਾ ਬਚਪਨ, ਸਾਡਾ ਰਹਿਣ-ਸਹਿਣ ਅਤੇ ਪੁਰਾਣੀਆਂ ਯਾਦਾਂ ਇਥੋਂ ਨਾਲ ਜੁੜੀਆਂ ਹਨ, ਉਸ ਬਾਰੇ ਅਸੀਂ ਆਪਣੀ ਜ਼ਿੰਦਗੀ ਬਿਹਤਰ ਢੰਗ ਨਾਲ ਬਤੀਤ ਕਰ ਸਕੀਏ।
ਇਹ ਵੀ ਪੜ੍ਹੋ-2 ਦਿਨ ਜਲੰਧਰ ਦੇ ਦੌਰੇ 'ਤੇ ਰਹਿਣਗੇ CM ਭਗਵੰਤ ਮਾਨ ਤੇ CM ਕੇਜਰੀਵਾਲ, ਕੱਲ੍ਹ ਦੇਣਗੇ ਵੱਡੀ ਸੌਗਾਤ
ਡਿਪਟੀ ਕਮਿਸ਼ਨਰ ਵਜੋਂ ਤੁਹਾਡੀ ਸਭ ਤੋਂ ਪਹਿਲੀ ਪਹਿਲ ਕੀ ਹੋਵੇਗੀ?
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਪਹਿਲੀ ਪਹਿਲ ਸੋਸ਼ਲ ਸੈਕਟਰ ਦੀਆਂ ਜਿੰਨੀਆਂ ਵੀ ਸਕੀਮਾਂ ਹਨ, ਉਨ੍ਹਾਂ ’ਤੇ ਫੋਕਸ ਕਰਨਾ ਹੋਵੇਗਾ। ਜਿੱਥੇ-ਜਿੱਥੇ ਗੈਪਸ ਰਹਿ ਗਏ ਹਨ, ਉਨ੍ਹਾਂ ਨੂੰ ਆਈਡੈਂਟੀਫਾਈ ਕਰਕੇ ਪਹਿਲਾਂ ਉਨ੍ਹਾਂ ਨੂੰ ਪਲੱਗ ਕਰਾਂਗੇ, ਇਸ ਤੋਂ ਇਲਾਵਾ ਡਿਵੈੱਲਪਮੈਂਟ ਦੇ ਬਹੁਤ ਸਾਰੇ ਕੰਮ ਕਰਨੇ ਬਾਕੀ ਹਨ। ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਹੀ ਫੋਕਸ ਹੈ ਕਿ ਅਸੀਂ ਸਿਰਫ਼ ਗੱਲਾਂ ਨਾ ਕਰੀਏ, ਸਗੋਂ ਇਨ੍ਹਾਂ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਹਰ ਘਰ ਤਕ ਪਹੁੰਚਾ ਕੇ ਦਿਖਾਈਏ। ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਉਹ ਸਮਾਜ ਦੇ ਕਮਜ਼ੋਰ ਅਤੇ ਵਾਂਝੇ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਦੇ ਭਲਾਈ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਅੱਗੇ ਵਧਾਉਣਗੇ। ਵੱਖ-ਵੱਖ ਭੂਮਿਕਾਵਾਂ ਨੂੰ ਪੂਰਾ ਕਰਨ ਤੋਂ ਇਲਾਵਾ ਰੈਵੇਨਿਊ ਸਿਰਜਣ ’ਤੇ ਵੀ ਉਚਿਤ ਧਿਆਨ ਦਿੱਤਾ ਜਾਵੇਗਾ।
ਜਲੰਧਰ ਸ਼ਹਿਰ ਅਤੇ ਰੂਰਲ ਏਰੀਆ ਦੀ ਡਿਵੈੱਲਪਮੈਂਟ ਨੂੰ ਲੈ ਕੇ ਤੁਹਾਡਾ ਕੀ ਵਿਜ਼ਨ ਹੈ?
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਸ਼ਹਿਰ ਦੀ ਸਮੱਸਿਆ ਹੋਵੇ ਜਾਂ ਰੂਰਲ ਏਰੀਆ ਇਹ ਵਾਰ-ਵਾਰ ਸਾਡੇ ਕੋਲ ਵੱਖ-ਵੱਖ ਮੌਕੇ ’ਤੇ ਆਉਂਦੀ ਰਹਿੰਦੀ ਹੈ। ਮੇਰੀ ਵਚਨਬੱਧਤਾ ਅਤੇ ਵਾਅਦਾ ਹੈ ਕਿ ਮੈਂ ਜਲੰਧਰ ਨੂੰ ਬਹੁਤ ਹੀ ਉੱਚ ਮੁਕਾਮ ’ਤੇ ਲੈ ਕੇ ਜਾਵਾਂਗਾ। ਪੰਜਾਬ ਸਰਕਾਰ ਨੇ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਮੈਂ ਬਿਹਤਰ ਢੰਗ ਨਾਲ ਨਿਭਾਵਾਂਗਾ। ਸ਼ਹਿਰ ਅਤੇ ਰੂਰਲ ਦੋਵਾਂ ਇਲਾਕਿਆਂ ਦੀ ਡਿਵੈੱਲਪਮੈਂਟ ’ਤੇ ਮੇਰਾ ਫੋਕਸ ਰਹੇਗਾ। ਸਰਕਾਰ ਦੀਆਂ ਜਿੰਨੀਆਂ ਵੀ ਸਕੀਮਾਂ ਹਨ, ਉਨ੍ਹਾਂ ਨੂੰ ਹਰੇਕ ਘਰ ਅਤੇ ਹਰੇਕ ਵਰਗ ਤਕ ਪਹੁੰਚਾਉਣ ਦੀ ਮੇਰੀ ਜ਼ਿੰਮੇਵਾਰੀ ਹੈ। ਉਹ ਕੰਪੀਟੈਂਟ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਮਾਨੀਟਰਿੰਗ ਕਰਦੇ ਰਹਿਣਗੇ ਤਾਂ ਕਿ ਸਰਕਾਰ ਦੀਆਂ ਸਕੀਮਾਂ ਹਰੇਕ ਵਰਗ ਤਕ ਪਹੁੰਚਣ ਅਤੇ ਉਹ ਇਨ੍ਹਾਂ ਦਾ ਲਾਭ ਉਠਾ ਸਕਣ।
ਇਹ ਵੀ ਪੜ੍ਹੋ-ਆਈ. ਏ. ਐੱਸ. ਵਿਸ਼ੇਸ਼ ਸਾਰੰਗਲ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
ਜਨਤਾ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਉੱਚ ਵਿਭਾਗੀ ਅਧਿਕਾਰੀ ਉਨ੍ਹਾਂ ਨੂੰ ਨਹੀਂ ਮਿਲਦੇ?
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਜਨਤਾ ਦੇ ਸੇਵਕ ਹਾਂ ਅਤੇ ਉਨ੍ਹਾਂ ਦੀ ਹਰੇਕ ਦਿੱਕਤ ਨੂੰ ਸੁਣਨਾ ਅਤੇ ਉਸ ਦਾ ਹੱਲ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਹ ਸਾਰਾ ਹਫ਼ਤਾ 24 ਘੰਟੇ ਜਨਤਾ ਦੀ ਸੇਵਾ ਵਿਚ ਮੌਜੂਦ ਰਹਿਣਗੇ। ਅਜਿਹੀ ਕੋਈ ਸਮੱਸਿਆ ਨਹੀਂ ਹੈ, ਜਿਸ ਦਾ ਹੱਲ ਨਾ ਹੋਵੇ। ਅਸੀਂ ਮਿਲ ਬੈਠ ਕੇ ਹਰੇਕ ਸਮੱਸਿਆ ਦਾ ਹੱਲ ਕੱਢਾਂਗੇ। ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਵਿਚ ਸਮੇਂ ’ਤੇ ਪਹੁੰਚਣ ਤੋਂ ਇਲਾਵਾ ਪਬਲਿਕ ਡੀਲਿੰਗ ਲਈ ਇਕ ਸਮਾਂ ਨਿਰਧਾਰਿਤ ਕਰਨ ਲਈ ਕਿਹਾ ਜਾਵੇਗਾ ਤਾਂ ਕਿ ਸਰਕਾਰੀ ਦਫ਼ਤਰਾਂ ਵਿਚ ਆਪਣਾ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਬਿਨਾਂ ਵਜ੍ਹਾ ਉਡੀਕ ਨਾ ਕਰਨੀ ਪਵੇ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਨੈਸ਼ਨਲ ਹਾਈਵੇਅ ਪ੍ਰਾਜੈਕਟ ਦੇ ਲਟਕੇ ਕੰਮਾਂ ਅਤੇ ਬਲੈਕ ਸਪਾਟ ਨਾਲ ਜਾਨ-ਮਾਲ ਦੇ ਹੋ ਰਹੇ ਨੁਕਸਾਨ ਨੂੰ ਲੈ ਕੇ ਕੀ ਕਰੋਗੇ?
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਧੀਨ ਸਾਰੇ ਪ੍ਰਾਜੈਕਟਾਂ ਨੂੰ ਲੈ ਕੇ ਜ਼ਮੀਨ ਐਕਵਾਇਰ ਕਰਨ ਸਮੇਤ ਹੋਰ ਪੈਂਡਿੰਗ ਕੰਮ ਜਲਦ ਤੋਂ ਜਲਦ ਨਿਪਟਾਏ ਜਾਣਗੇ। ਆਦਮਪੁਰ ਫਲਾਈਓਵਰ ਦੇ ਬਣਨ, ਆਦਮਪੁਰ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਐੱਨ. ਐੱਚ. ਆਈ. ਏ. ਪ੍ਰਾਜੈਕਟ ਪੂਰਾ ਕਰਨ ਵਿਚ ਤੇਜ਼ੀ ਲਿਆਉਣ ਨੂੰ ਕਿਹਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਅਧੀਨ ਨੈਸ਼ਨਲ ਹਾਈਵੇਅ ’ਤੇ ਬਲਾਕ ਸਪਾਟ ਨੂੰ ਬੰਦ ਕੀਤਾ ਜਾਵੇਗਾ ਤਾਂ ਕਿ ਯਾਤਰੀਆਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਹੋਣ ਤੋਂ ਇਲਾਵਾ ਆਵਾਜਾਈ ਸੁਚਾਰੂ ਹੋ ਸਕੇ।
ਮਸੂਰੀ ’ਚ ਟਰੇਨਿੰਗ ਆਫ਼ ਮਿਡ ਕਰੀਅਰ ਟਰੇਨਿੰਗ ਪ੍ਰੋਗਰਾਮ ਦਾ ਤਜ਼ਰਬਾ ਕਿਹੋ ਜਿਹਾ ਰਿਹਾ?
ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਟਰੇਨਿੰਗ ਆਫ਼ ਮਿਡ ਕਰੀਅਰ ਟਰੇਨਿੰਗ ਪ੍ਰੋਗਰਾਮ (ਐੱਮ. ਸੀ. ਟੀ. ਪੀ.) 2023 ਦੇ ਮਸੂਰੀ ਵਿਚ ਹੋਇਆ ਟਰੇਨਿੰਗ ਸੈਸ਼ਨ ਬਹੁਤ ਮਹੱਤਵਪੂਰਨ ਰਿਹਾ। ਉਨ੍ਹਾਂ ਦੱਸਿਆ ਕਿ ਜਦੋਂ 10 ਸਾਲ ਦੀ ਸਾਡੀ ਸਰਵਿਸ ਹੋ ਜਾਂਦੀ ਹੈ ਅਤੇ 10 ਸਾਲਾਂ ਵਿਚ ਜਿਹੜੇ ਨਵੇਂ ਕੰਸੈਪਟ ਆਏ ਹਨ, ਉਹ ਸਾਨੂੰ ਟਰੇਨਿੰਗ ਵਿਚ ਪੜ੍ਹਾਏ ਜਾਂਦੇ ਹਨ। ਲੋਕਾਂ ਨੂੰ ਹੋਰ ਵੀ ਵਧੀਆ ਢੰਗ ਨਾਲ ਕਿਵੇਂ ਸਰਵਿਸ ਮੁਹੱਈਆ ਕਰਨੀ ਹੈ, ਇਹ ਸਿਖਾਇਆ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਵੇਂ ਕਿ ਅੱਜਕਲ੍ਹ ਟੈਕਨਾਲੋਜੀ ਦਾ ਜ਼ਮਾਨਾ ਹੈ ਅਤੇ ਜੋ ਲੇਟੈਸਟ ਟੈਕਨਾਲੋਜੀ ਹੈ, ਉਸ ਨੂੰ ਵਰਤ ਕੇ ਲੋਕਾਂ ਤਕ ਪਹੁੰਚ ਸਕਦੇ ਹਾਂ, ਉਸ ਦਾ ਫੀਡਬੈਕ ਲੈ ਸਕਦੇ ਹਾਂ ਅਤੇ ਆਪਣੀ ਪ੍ਰੋਸੈਸ ਨੂੰ ਇੰਪਰੂਵ ਕਰ ਸਕਦੇ ਹਾਂ। ਟਰੇਨਿੰਗ ਲੈਣ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਨੂੰ ਜ਼ਮੀਨੀ ਪੱਧਰ ਤਕ ਵੀ ਲੈ ਕੇ ਆਵਾਂਗਾ।
ਇਹ ਵੀ ਪੜ੍ਹੋ-ਕੈਨੇਡਾ ਬੈਠੇ ਨੌਜਵਾਨ ਨੇ ਪਹਿਲਾਂ ਔਰਤ ਨੂੰ ਵਿਖਾਏ ਵੱਡੇ ਸੁਫ਼ਨੇ, ਫਿਰ ਜਿਸਮਾਨੀ ਸੰਬੰਧ ਬਣਾ ਕੀਤਾ ਘਟੀਆ ਕਾਰਾ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟਾਲਰੈਂਸ ਪਾਲਿਸੀ ਨੂੰ ਲੈ ਕੇ ਕੀ ਕਹੋਗੇ?
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਵਿਭਾਗਾਂ ਵਿਚ ਫੈਲੇ ਭ੍ਰਿਸ਼ਟਾਚਾਰ ਦੀ ਨਕੇਲ ਕੱਸਣ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਵੀਂ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜ਼ੀਰੋ ਟਾਲਰੈਂਸ ਪਾਲਿਸੀ ’ਤੇ ਕੰਮ ਕੀਤਾ ਜਾਵੇਗਾ ਅਤੇ ਗਲਤ ਕੰਮ ਕਰਨ ਵਾਲਿਆਂ ਨੂੰ ਬਿਲਕੁਲ ਬਖ਼ਸ਼ਿਆ ਨਾ ਜਾਵੇ।
ਮੁਲਜ਼ਮਾਂ ਅਤੇ ਗੈਰ-ਕਾਨੂੰਨੀ ਐਕਟੀਵਿਟੀ ਕਰਨ ਵਾਲਿਆਂ ਨਾਲ ਕਿਹੋ ਜਿਹਾ ਸਲੂਕ ਹੋਵੇਗਾ?
ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਜੁਰਮ ਅਤੇ ਮੁਲਜ਼ਮਾਂ ਲਈ ਕੋਈ ਜਗ੍ਹਾ ਨਹੀਂ ਹੈ। ਜ਼ਿਲ੍ਹੇ ਵਿਚ ਗੈਰ-ਕਾਨੂੰਨੀ ਐਕਟੀਵਿਟੀ ਜਾਂ ਗਲਤ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਜੇਕਰ ਕੋਈ ਗਲਤ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਚਿਤਾਵਨੀ ਹੈ ਕਿ ਅਜਿਹੇ ਕੰਮਾਂ ਤੋਂ ਬਾਜ਼ ਆ ਜਾਵੇ, ਜੇਕਰ ਨਹੀਂ ਆਉਂਦਾ ਤਾਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਯੂਥ ਨੂੰ ਨਸ਼ਿਆਂ ਵੱਲੋਂ ਮੋੜਨ ਅਤੇ ਖੇਡਾਂ ਨੂੰ ਪ੍ਰਮੋਟ ਕਰਨ ਲਈ ਕੀ ਕਰੋਗੇ?
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਦੀਆਂ ਗਲੀਆਂ ਅਤੇ ਪਾਰਕਾਂ ਵਿਚ ਖੇਡ ਕੇ ਵੱਡਾ ਹੋਇਆ ਹਾਂ। ਮੈਂ ਖੁਦ ਵੀ ਖਿਡਾਰੀ ਰਿਹਾ ਹਾਂ। ਜਲੰਧਰ ਵੱਲੋਂ ਮੈਂ ਸਟੇਟ ਲੈਵਲ ’ਤੇ ਵਾਲੀਬਾਲ ਖੇਡਣ ਲਈ ਗਿਆ ਸੀ। ਸਬ-ਜੂਨੀਅਰ ਲੈਵਲ ਅਤੇ ਸਟੇਟ ਲੈਵਲ ’ਤੇ ਖੇਡਿਆ ਹਾਂ। ਨੌਜਵਾਨਾਂ ਨੂੰ ਨਸ਼ਿਆਂ ਵੱਲੋਂ ਮੋੜਨ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਲਾਉਣ ਲਈ ਬਤੌਰ ਐਡੀਸ਼ਨਲ ਡਿਪਟੀ ਕਮਿਸ਼ਨਰ (ਡਿਵੈੱਲਪਮੈਂਟ) ਅਸੀਂ ਬਹੁਤ ਮਿਹਨਤ ਕੀਤੀ ਹੈ ਅਤੇ ਇਸ ਨੂੰ ਅੱਗੇ ਵੀ ਜਾਰੀ ਰੱਖਾਂਗੇ। ਪਿੰਡਾਂ ਵਿਚ ਨਵੇਂ ਸਟੇਡੀਅਮ ਬਣਾਏ ਜਾਣਗੇ ਅਤੇ ਸ਼ਹਿਰ ਵਿਚ ਬਰਲਟਨ ਪਾਰਕ ਸਮੇਤ ਹੋਰ ਸਟੇਡੀਅਮ ਅਤੇ ਖੇਡ ਮੈਦਾਨਾਂ ਨੂੰ ਵਿਕਸਿਤ ਕਰਾਂਗੇ। ਨੌਜਵਾਨ ਵਰਗ ਨੂੰ ਨਸ਼ਿਆਂ ਵੱਲੋਂ ਮੋੜਨ ਅਤੇ ਖੇਡਾਂ ਨੂੰ ਅਪਣਾਉਣ ਲਈ ਜਾਗਰੂਕਤਾ ਮੁਹਿੰਮ ਚਲਾਵਾਂਗੇ। ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਜਲੰਧਰ ਦਾ ਖੇਡਾਂ ਵਿਚ ਨਾਂ ਹੈ। ਪੂਰੀ ਦੁਨੀਆ ਵਿਚ ਇਸ ਨਾਂ ਨੂੰ ਬਰਕਰਾਰ ਰੱਖਾਂਗੇ ਅਤੇ ਇਸ ਨੂੰ ਅੱਗੇ ਲੈ ਕੇ ਜਾਵਾਂਗੇ।
ਇਹ ਵੀ ਪੜ੍ਹੋ-ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਸੀ ਅੰਮ੍ਰਿਤਪਾਲ ਦਾ ਮੁੱਖ ਹੈਂਡਲਰ ਅਵਤਾਰ ਖੰਡਾ, ISI ਨਾਲ ਵੀ ਸਨ ਸੰਬੰਧ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਇਕ ਛੋਟੀ ਜਿਹੀ ਗ਼ਲਤੀ ਨਾਲ ਫੜੀ ਗਈ 8.49 ਕਰੋੜ ਦੀ ਲੁੱਟ ਨੂੰ ਅੰਜਾਮ ਦੇਣ ਵਾਲੀ ‘ਡਾਕੂ ਹਸੀਨਾ’
NEXT STORY