ਬਠਿੰਡਾ, (ਪਰਮਿੰਦਰ)- ਵਾਟਰ ਸਪਲਾਈ ਦੀਆਂ ਪਾਈਪਾਂ ਦੀ ਲੀਕੇਜ ਕਾਰਨ ਸੁਰਖਪੀਰ ਰੋਡ ਫਿਰ ਤੋਂ ਧਸਣ ਲੱਗੀ ਹੈ। ਕਈ ਦਿਨਾਂ ਤੋਂ ਲੋਕ ਸੜਕ ਜਗ੍ਹਾ-ਜਗ੍ਹਾ ਤੋਂ ਧਸਣ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਨਗਰ ਨਿਗਮ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੜਕ ਦੀ ਹਾਲਤ 'ਤੇ ਤੁਰੰਤ ਧਿਆਨ ਦੇ ਕੇ ਉਚਿਤ ਕਦਮ ਨਾ ਚੁੱਕੇ ਗਏ ਤਾਂ ਲੋਕ ਨਗਰ ਨਿਗਮ ਖਿਲਾਫ ਮੋਰਚਾ ਖੋਲ੍ਹਣ ਨੂੰ ਮਜਬੂਰ ਹੋਣਗੇ। ਐਤਵਾਰ ਨੂੰ ਫਿਰ ਤੋਂ ਉਕਤ ਸੜਕ ਤੋਂ ਗੁਜ਼ਰ ਰਹੀ ਮਿੱਟੀ ਨਾਲ ਭਰੀ ਇਕ ਟ੍ਰੈਕਟਰ-ਟਰਾਲੀ ਸੜਕ 'ਚ ਧਸ ਗਈ। ਇਸ ਕਾਰਨ ਟਰਾਲੀ 'ਚ ਭਰੀ ਸਾਰੀ ਮਿੱਟੀ ਉਥੇ ਹੀ ਢੇਰੀ ਕਰ ਕੇ ਟਰਾਲੀ ਨੂੰ ਖੱਡੇ 'ਚੋਂ ਕੱਢਣਾ ਪਿਆ। ਸੜਕ ਤੋਂ ਰੋਜ਼ਾਨਾ ਸੈਂਕੜੇ ਵਾਹਨਾਂ ਦੇ ਇਲਾਵਾ ਸਕੂਲੀ ਬੱਚਿਆਂ ਦਾ ਆਵਾਗਮਨ ਹੁੰਦਾ ਹੈ, ਜਿਸ ਕਾਰਨ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।
ਪਹਿਲਾਂ ਵੀ ਧਸ ਚੁੱਕੀ ਹੈ ਸੜਕ
ਉਕਤ ਸੜਕ 'ਤੇ ਹਾਲ ਹੀ 'ਚ ਸੀਵਰੇਜ ਦੀਆਂ ਪਾਈਪਾਂ ਪਾਈਆਂ ਗਈਆਂ ਸਨ, ਜਿਸ ਕਾਰਨ ਮਿੱਟੀ ਹਾਲੇ ਪੂਰੀ ਤਰ੍ਹਾਂ ਨਾਲ ਦੱਬੀ ਨਹੀਂ ਸੀ। ਇਸ ਦੌਰਾਨ ਸੜਕ ਦੇ ਹੇਠਾਂ ਕਈ ਜਗ੍ਹਾ 'ਤੇ ਪਾਣੀ ਦੀਆਂ ਪਾਈਪਾਂ 'ਚ ਲੀਕੇਜ ਹੋ ਗਈ। ਲੀਕੇਜ ਦੇ ਕਾਰਨ ਸੜਕ 10-12 ਜਗ੍ਹਾ ਤੋਂ ਧਸ ਗਈ। ਸੜਕ ਦੀ ਸਤ੍ਹਾ ਖੋਖਲੀ ਹੋ ਚੁੱਕੀ ਹੈ ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਵਾਹਨ ਖੱਡਿਆਂ 'ਚ ਡਿਗ ਰਿਹਾ ਹੈ। ਪਿਛਲੇ ਦਿਨੀਂ ਸੀਵਰੇਜ ਬੋਰਡ ਦੀ ਟਰਾਲੀ ਵੀ ਖੱਡੇ 'ਚ ਡਿਗ ਗਈ ਸੀ ਜਦੋਂਕਿ ਉਸ ਤੋਂ ਪਹਿਲਾਂ ਇਕ ਬੱਸ ਵੀ ਸੜਕ ਤੋਂ ਲੰਘਦੇ ਸਮੇਂ ਸੜਕ ਧਸਣ ਕਾਰਨ ਖੱਡੇ 'ਚ ਜਾ ਡਿਗੀ ਸੀ। ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕ ਨੂੰ ਦਰੁਸਤ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਨਾਲ ਹੀ ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਲੋਕ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ।
ਨਾਜਾਇਜ਼ ਸ਼ਰਾਬ ਸਣੇ 8 ਕਾਬੂ
NEXT STORY