ਮਾਹਿਲਪੁਰ (ਅਮਰੀਕ)- ਭਾਵੇਂ ਸੂਬੇ 'ਚ ਕਰਜ਼ਈ ਕਿਸਾਨਾ ਵੱਲੋਂ ਕਰਜ਼ਾ ਨਾ ਮੋੜ ਸਕਣ ਕਾਰਨ ਜੀਵਨ ਲੀਲਾ ਸਮਾਪਤ ਕੀਤੀ ਜਾ ਰਹੀ ਹੈ ਪਰ ਕੁਝ ਅਜਿਹੇ ਕਿਸਾਨ ਵੀ ਹਨ, ਜਿਹੜੇ ਰਿਵਾਇਤੀ ਖੇਤੀ ਅਤੇ ਰਿਵਾਇਤੀ ਫਸਲਾਂ ਨੂੰ ਤਿਆਗ ਕੇ ਹੋਰ ਫਸਲਾਂ ਰਾਂਹੀ ਚੋਖੀ ਕਮਾਈ ਕਰ ਰਹੇ ਹਨ। ਅਜਿਹਾ ਹੀ ਇਕ ਕਿਸਾਨੀ ਪਰਿਵਾਰ ਹੈ, ਜ਼ਿਲਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਢੱਕੋਂ ਦਾ ਗੁਰਵਿੰਦਰ ਸਿੰਘ, ਜਿਸ ਨੇ ਤਿੰਨ ਸਾਲ ਪਹਿਲਾਂ ਆਪਣੀ ਥੋੜ੍ਹੀ ਜਿਹੀ ਜ਼ਮੀਨ ਤੋਂ ਪਿਆਜਾਂ ਦੀ ਖੇਤੀ ਸ਼ੁਰੂ ਕੀਤੀ ਅਤੇ ਜ਼ਿਲੇ 'ਚ ਉਸ ਦੇ ਪਿਆਜ਼ਾਂ ਦੀ ਮੰਗ ਦਿਨ ਪ੍ਰਤੀ ਦਿਨ ਵਧ ਰਹੀ ਹੈ।
ਇਲੈਕਟ੍ਰਾਨਿਕ ਦਾ ਡਿਪਲੋਮਾ ਕਰਨ ਤੋਂ ਬਾਅਦ ਨੌਕਰੀ ਨਾ ਮਿਲਣ ਕਾਰਨ ਕਿਸਾਨ ਗੁਰਵਿੰਦਰ ਸਿੰਘ ਨੇ ਪਹਿਲਾਂ ਟਰਾਂਸਪੋਰਟ ਰਾਂਹੀ ਹੱਥ ਅਜ਼ਮਾਉਣੇ ਸ਼ੁਰੂ ਕੀਤੇ ਪਰ ਲਾਭ ਨਾ ਮਿਲਣ ਕਾਰਨ ਉਸ ਨੇ ਆਪਣੀ ਪੁਸ਼ਤੈਨੀ ਜ਼ਮੀਨ 'ਚ ਹੀ ਖੇਤੀ ਵਿਗਿਆਨ ਕੇਂਦਰ ਬਾਹੋਵਾਲ ਦੇ ਮਾਹਿਰ ਡਾਕਟਰ ਸੁਖਵਿੰਦਰ ਸਿੰਘ ਤੋਂ ਪ੍ਰੇਰਿਤ ਹੋ ਕੇ ਥੋੜ੍ਹੀ ਜਿਹੀ ਜ਼ਮੀਨ 'ਚ ਘਰੇਲੂ ਜ਼ਰੂਰਤਾਂ ਲਈ ਪਿਆਜ਼ਾਂ ਦੀ ਖੇਤੀ ਸ਼ੁਰੂ ਕੀਤੀ ਪਰ ਉਸ ਤੋਂ ਬਾਅਦ ਉਸ ਨੂੰ ਪਿਆਜ਼ਾਂ ਦੀ ਖੇਤੀ ਗੁਣਕਾਰੀ ਲੱਗੀ ਅਤੇ ਉਸ ਨੇ ਰਾਜਸਥਾਨ ਦੇ ਕਿਸਾਨਾਂ ਨਾਲ ਗਲਬਾਤ ਕਰਕੇ ਆਪਣੇ ਖੇਤਾਂ 'ਚ 'ਰੈਡ ਓਨੀਅਨ' ਉਗਾਉਣੇ ਸ਼ੁਰੂ ਕੀਤੇ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨਵੰਬਰ 'ਚ ਘਰ 'ਚ ਹੀ ਪਿਆਜ਼ਾਂ ਦੀ ਪਨੀਰੀ ਲਗਾ ਕੇ ਉਸ ਨੇ ਇਸ ਪਿਆਜ਼ ਦੀ ਕਿਸਮ ਨੂੰ ਜਨਵਰੀ 01 ਤੋਂ 10 ਦੇ ਵਿਚਕਾਰ ਬੀਜ਼ ਦਿੱਤਾ ਅਤੇ ਬਿਨ੍ਹਾਂ ਕਿਸੇ ਰਸਾਇਣਕ ਖਾਦਾਂ ਦੇ ਪਿਆਜ਼ ਦੀ ਫਸਲ ਨੇ ਪਹਿਲੇ ਸਾਲ ਹੀ ਉਸ ਨੂੰ ਚੰਗਾ ਲਾਭ ਦਿੱਤਾ। ਉਸ ਨੇ ਦੱਸਿਆ ਕਿ ਅੱਜ ਇਕ ਕਿਲੇ ਵਿਚ ਪਿਆਜ਼ ਬੀਜਣ 'ਤੇ 60 ਹਜ਼ਾਰ ਤੋਂ ਲੱਖ ਰੁਪਏ ਤੱਕ ਖਰਚ ਆਉਂਦਾ ਹੈ ਜਦਕਿ ਢਾਈ ਤੋਂ ਤਿੰਨ ਲੱਖ ਤੱਕ ਇਕ ਫਸਲ ਦੀ ਕੀਮਤ ਮਿਲ ਜਾਂਦੀ ਹੈ ਅਤੇ ਡੇਢ ਲੱਖ ਤੱਕ ਦੀ ਬੱਚਤ ਹੁੰਦੀ ਹੈ।
ਉਸ ਨੇ ਦੱਸਿਆ ਕਿ ਉਸ ਦਾ ਮੁੱਖ ਟੀਚਾ ਇਸ ਵੇਲੇ ਬਰਸਾਤਾਂ ਤੋਂ ਬਾਅਦ ਪਿਆਜ਼ ਦੀ ਆਉਂਦੀ ਕਿੱਲਤ ਨੂੰ ਖਤਮ ਕਰਨਾ ਹੈ। ਉਸ ਨੇ ਦੱਸਿਆ ਕਿ ਇਸ ਪਿਆਜ਼ 'ਚ ਨਾ ਤਾਂ ਕੀਤੜਾ ਲੱਗਦਾ ਹੈ ਅਤੇ ਇਕ ਵਾਰ ਵਰਤਣ ਤੋਂ ਬਾਅਦ ਆਦਮੀ ਹੋਰ ਕਿਸਮ ਦੇ ਪਿਆਜ਼ ਵਰਤਣਾ ਛੱਡ ਦਿੰਦਾ ਹੈ। ਗੁਰਵਿੰਦਰ ਸਿੰਘ ਦਾ ਸਾਰਾ ਪਰਿਵਾਰ ਹੀ ਇਸ ਕੰਮ 'ਚ ਲੱਗ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਇਸ ਪਿਆਜ਼ ਦੀ ਫਸਲ ਨੂੰ ਜ਼ਿਆਦਾ ਪਾਣੀ ਦੀ ਲੋੜ ਵੀ ਨਹੀਂ ਪੈਂਦੀ ਅਤੇ ਮੰਡੀ ਕਰਨ 'ਚ ਮੁਸ਼ਕਿਲ ਨਹੀਂ ਆਉਂਦੀ। ਉਸ ਨੇ ਕਿਸਾਨਾਂ ਨੂੰ ਵੀ ਬਦਲਵੀਂ ਖੇਤੀ ਅਪਣਾਉਣ ਦੀ ਅਪੀਲ ਕੀਤੀ।
ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਦਾਦੀ-ਪੋਤੇ ਦੀ ਮੌਤ
NEXT STORY