ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਖੇਤਾਂ 'ਚ ਪਰਾਲੀ ਨੂੰ ਅੱਗ ਲਾਏ ਬਗੈਰ ਹੀ ਖ਼ਤਮ ਕਰਨ ਲਈ ਖੇਤੀ ਇੰਜੀਨੀਅਰਾਂ ਵੱਲੋਂ ਤਿਆਰ ਕੀਤੇ ਗਏ 'ਸੁਪਰ ਸਟਰਾਅ ਮੈਨੇਜਮੈਂਟ ਸਿਸਟਮ' ਦੇ ਵਧੀਆ ਨਤੀਜੇ ਆਉਣ ਦੇ ਬਾਵਜੂਦ ਪੰਜਾਬ ਅੰਦਰ ਸਿਰਫ਼ 12 ਫ਼ੀਸਦੀ ਕੰਬਾਈਨਾਂ 'ਤੇ ਹੀ ਇਹ ਸਿਸਟਮ ਲਾਇਆ ਜਾ ਸਕਿਆ ਹੈ, ਜਦੋਂ ਕਿ ਸਰਕਾਰ ਵੱਲੋਂ ਇਹ ਸਿਸਟਮ ਲਵਾਉਣ ਲਈ ਅਪਣਾਇਆ ਗਿਆ ਸਖ਼ਤ ਰੁਖ ਕਿਸਾਨ ਯੂਨੀਅਨਾਂ ਦੇ ਵਿਰੋਧ ਅਤੇ ਕਈ ਕਾਨੂੰਨੀ ਦਾਅ ਪੇਚਾਂ ਦੇ ਇਲਾਵਾ ਸਿਆਸੀ ਆਗੂਆਂ ਦੀ ਕਥਿਤ ਦਖ਼ਲ ਅੰਦਾਜ਼ੀ ਦੀ ਭੇਟ ਚੜ੍ਹ ਗਿਆ। ਇਸ ਕਰ ਕੇ ਇਸ ਸਾਲ ਕਰੀਬ 98 ਫ਼ੀਸਦੀ ਝੋਨੇ ਦੀ ਕਟਾਈ ਰਵਾਇਤੀ ਢੰਗ ਤਰੀਕਿਆਂ ਤੇ ਪੁਰਾਣੇ ਸਿਸਟਮ ਵਾਲੀਆਂ ਕੰਬਾਈਨਾਂ ਨਾਲ ਹੀ ਮੁਕੰਮਲ ਹੋਈ ਹੈ, ਜਿਸ ਦੇ ਨਤੀਜੇ ਵਜੋਂ ਬਹੁ-ਗਿਣਤੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾ ਕੇ ਖ਼ਤਮ ਕੀਤਾ ਹੈ।
'ਸੁਪਰ ਸਟਰਾਅ ਮੈਨੇਜਮੈਂਟ ਸਿਸਟਮ' ਦੀ ਕੀਮਤ ਸਵਾ ਲੱਖ ਤੋਂ ਡੇਢ ਲੱਖ ਰੁਪਏ ਤੱਕ ਹੈ। ਸਰਕਾਰ ਨੇ ਕਿਸਾਨਾਂ ਅਤੇ ਕੰਬਾਈਨ ਮਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਸਿਸਟਮ ਲਾਉਣ ਬਦਲੇ 50 ਹਜ਼ਾਰ ਰੁਪਏ ਸਬਸਿਡੀ ਦੇਣ ਦਾ ਫ਼ੈਸਲਾ ਵੀ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਕੰਬਾਈਨ ਮਾਲਕਾਂ ਵੱਲੋਂ ਇਹ ਕਹਿ ਕੇ ਇਸ ਦਾ ਵਿਰੋਧ ਕੀਤਾ ਗਿਆ ਕਿ ਇਸ ਨਾਲ ਕੰਬਾਈਨ 'ਤੇ ਜ਼ਿਆਦਾ ਲੋਡ ਪੈਂਦਾ ਹੈ ਅਤੇ ਤੇਲ ਦਾ ਖ਼ਰਚ ਵੀ ਵਧਦਾ ਹੈ। ਇਸ ਕਾਰਨ ਪੰਜਾਬ ਅੰਦਰ ਸਿਰਫ਼ 1000 ਦੇ ਕਰੀਬ ਕੰਬਾਈਨ ਮਾਲਕਾਂ ਨੇ ਹੀ ਇਹ ਸਿਸਟਮ ਲਵਾਇਆ ਜਦੋਂ ਕਿ ਬਾਕੀ ਦੀਆਂ ਕੰਬਾਈਨਾਂ ਨੇ ਪੁਰਾਣੇ ਢੰਗ ਨਾਲ ਹੀ ਫ਼ਸਲ ਦੀ ਕਟਾਈ ਕੀਤੀ। ਪੰਜਾਬ 'ਚ 10 ਹਜ਼ਾਰ ਦੇ ਕਰੀਬ ਕੰਬਾਈਨਾਂ ਹਨ ਜਿਨ੍ਹਾਂ 'ਚੋਂ ਕਰੀਬ 2000 ਕੰਬਾਈਨਾਂ ਅਜਿਹੀਆਂ ਹਨ ਜਿਨ੍ਹਾਂ 'ਤੇ ਇਹ ਸਿਸਟਮ ਨਹੀਂ ਲੱਗ ਸਕਦਾ ਜਦੋਂ ਕਿ ਬਾਕੀ ਦੀਆਂ 7500 ਤੋਂ 8000 ਕੰਬਾਈਨਾਂ ਇਸ ਸਿਸਟਮ ਨਾਲ ਚੱਲਣ ਦੇ ਸਮਰੱਥ ਹਨ ਪਰ ਇਸ ਦੇ ਬਾਵਜੂਦ ਸਰਕਾਰ ਸਾਰੀਆਂ ਕੰਬਾਈਨਾਂ 'ਤੇ ਸਿਸਟਮ ਨਹੀਂ ਲਗਵਾ ਸਕੀ।
ਇਸ ਸਾਲ ਦੇ ਸ਼ੁਰੂ 'ਚ ਸਰਕਾਰ ਨੇ ਸਖ਼ਤ ਫ਼ੈਸਲਾ ਕਰਕੇ ਹੁਕਮ ਜਾਰੀ ਕੀਤੇ ਸਨ ਕਿ ਇਸ ਸਿਸਟਮ ਨੂੰ ਲਵਾਏ ਬਗੈਰ ਸੂਬੇ 'ਚ ਕੋਈ ਕੰਬਾਈਨ ਨਹੀਂ ਚਲਾਈ ਜਾ ਸਕੇਗੀ ਪਰ ਬਾਅਦ 'ਚ ਕਿਸਾਨ ਆਗੂਆਂ ਤੇ ਕੰਬਾਈਨ ਮਾਲਕਾਂ ਵੱਲੋਂ ਇਹ ਮਾਮਲਾ ਐੱਨ. ਜੀ. ਟੀ. ਕੋਲ ਉਠਾਏ ਜਾਣ 'ਤੇ ਸਰਕਾਰ ਨੇ ਆਪਣਾ ਰਵੱਈਆ ਨਰਮ ਕਰ ਲਿਆ ਅਤੇ ਅਜਿਹੀਆਂ ਕੰਬਾਈਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਸਿਰਫ਼ ਕਿਸਾਨਾਂ ਤੇ ਕੰਬਾਈਨ ਮਾਲਕਾਂ ਨੂੰ ਅਪੀਲਾਂ ਕਰਨ ਤੱਕ ਹੀ ਸੀਮਤ ਰਹਿ ਗਿਆ।
2 ਫ਼ੀਸਦੀ ਰਕਬੇ 'ਚ ਵਰਦਾਨ ਸਿੱਧ ਹੋਇਆ ਨਵਾਂ ਸਿਸਟਮ
ਇਸ ਸਿਸਟਮ ਨੂੰ ਕੰਬਾਈਨ 'ਤੇ ਲਾਉਣ ਨਾਲ ਝੋਨੇ ਦੀ ਕਟਾਈ ਉਪਰੰਤ ਰਹਿੰਦ-ਖੂੰਹਦ ਦੇ ਛੋਟੇ-ਛੋਟੇ ਟੁਕੜੇ ਹੋ ਕੇ ਖੇਤ ਵਿਚ ਖਿੱਲਰ ਜਾਂਦੇ ਹਨ। ਇਸ ਸਿਸਟਮ ਨਾਲ ਝੋਨੇ ਦੀ ਕਟਾਈ ਕਰਨ ਉਪਰੰਤ ਖੇਤ 'ਚ ਅੱਗ ਲਾਉਣ ਦੀ ਲੋੜ ਨਹੀਂ ਰਹਿੰਦੀ ਅਤੇ ਕਿਸਾਨ ਆਸਾਨੀ ਨਾਲ ਕਣਕ ਦੀ ਬਿਜਾਈ ਕਰ ਸਕਦੇ ਹਨ। ਇਸ ਕਾਰਨ ਜਿਹੜੇ ਖੇਤਾਂ 'ਚ ਝੋਨੇ ਦੀ ਕਟਾਈ ਇਸ ਸਿਸਟਮ ਵਾਲੀਆਂ ਕੰਬਾਈਨਾਂ ਨਾਲ ਕੀਤੀ ਗਈ ਉਨ੍ਹਾਂ ਵਿਚ ਕਿਸਾਨਾਂ ਨੂੰ ਅੱਗ ਲਾਉਣ ਦੀ ਜ਼ਰੂਰਤ ਨਹੀਂ ਪਈ। ਪੰਜਾਬ 'ਚ ਝੋਨੇ ਤੇ ਬਾਸਮਤੀ ਹੇਠਲੇ ਕੁਲ ਸਵਾ 29 ਲੱਖ ਹੈਕਟੇਅਰ ਰਕਬੇ ਵਿਚੋਂ ਸਿਰਫ਼ 40 ਹਜ਼ਾਰ ਹੈਕਟੇਅਰ ਰਕਬੇ ਦੀ ਕਟਾਈ ਅਜਿਹੀਆਂ ਕੰਬਾਈਨਾਂ ਨਾਲ ਹੋਈ। ਇਸ ਕਾਰਨ ਕਿਸਾਨਾਂ ਨੇ ਸ਼ਰੇਆਮ ਖੇਤਾਂ 'ਚ ਅੱਗ ਲਾ ਕੇ ਪਰਾਲੀ ਨੂੰ ਸਾੜਿਆ।
ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ 'ਤੇ ਹੋਵੇ ਕਾਰਵਾਈ
NEXT STORY