ਲੁਧਿਆਣਾ (ਜ. ਬ.) : ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਆਰਕੈਸਟਰਾ ਦੀ ਆੜ 'ਚ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਨਿਊ ਸ਼ਿਮਲਾਪੁਰੀ ਦੇ ਇਲਾਕੇ 'ਚ ਦੋ ਨਸ਼ਾ ਸਮੱਗਲਰ ਕਾਰ 'ਚ ਹੈਰੋਇਨ ਦੀ ਵੱਡੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਜਾ ਰਹੇ ਹਨ, ਜਿਸ 'ਤੇ ਐੱਸ. ਟੀ. ਐੱਫ. ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਪੈਸ਼ਲ ਨਾਕਾਬੰਦੀ ਕੀਤੀ ਤਾਂ ਉਸੇ ਦੌਰਾਨ ਸਾਹਮਣਿਓਂ ਫੋਰਡ ਫੀਸਟਾ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ, ਜਦੋਂ ਪੁਲਸ ਨੇ ਉਕਤ ਕਾਰ ਦੀ ਤਲਾਸ਼ੀ ਲਈ ਤਾਂ ਡਰਾਈਵਰ ਸੀਟ ਦੇ ਪਿੱਛੋਂ ਕਾਰ 'ਚੋਂ ਇਕ ਕਿਲੋ 28 ਗ੍ਰਾਮ ਹੈਰੋਇਨ, ਇਕ ਇਲੈਕਟ੍ਰੋਨਿਕ ਕੰਡਾ ਅਤੇ 125 ਖਾਲੀ ਲਿਫਾਫੇ ਬਰਾਮਦ ਕੀਤੇ ਗਏ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ 5 ਕਰੋੜ ਰੁਪਏ ਕੀਮਤ ਦੱਸੀ ਜਾ ਰਹੀ ਹੈ।
ਪੁਲਸ ਵਲੋਂ ਤੁਰੰਤ ਦੋਵਾਂ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਪਛਾਣ ਕੇਵਲ ਕਿਸ਼ਨ ਵਾਸੀ ਮੁਹੱਲਾ ਗੋਬਿੰਦ ਨਗਰ ਅਤੇ ਹਰਜੀਤ ਸਿੰਘ ਵਾਸੀ ਮੁਹੱਲਾ ਨਾਨਕਸਾਰ ਨਿਊ ਸ਼ਿਮਲਾਪੁਰੀ ਵਜੋਂ ਕੀਤੀ ਗਈ, ਜਿਨ੍ਹਾਂ ਖਿਲਾਫ ਮੋਹਾਲੀ ਐੱਸ. ਟੀ. ਐੱਫ. ਪੁਲਸ ਸਟੇਸ਼ਨ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਲਜ਼ਮਾਂ ਦੇ ਇਕ ਹੋਰ ਸਾਥੀ ਨੂੰ ਵੀ ਕੇਸ 'ਚ ਨਾਮਜ਼ਦ ਕੀਤਾ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਅਜੇ ਕੁਮਾਰ ਕਾਕੂ ਵਾਸੀ ਸ਼ਿਮਲਾਪੁਰੀ ਵੀ ਨਸ਼ੇ ਦਾ ਕੰਮ ਕਰਦਾ ਹੈ, ਜੋ ਤਿੰਨੋਂ ਮਿਲ ਕੇ ਸਸਤੇ ਰੇਟ 'ਤੇ ਹੈਰੋਇਨ ਲੈ ਕੇ ਆਉਂਦੇ ਹਨ ਅਤੇ ਬਾਅਦ ਵਿਚ ਆਪਣੇ ਗਾਹਕਾਂ ਨੂੰ ਮਹਿੰਗੇ ਮੁੱਲ ਵੇਚ ਕੇ ਮੋਟਾ ਮੁਨਾਫਾ ਕਮਾਉਂਦੇ ਹਨ। ਪੁਲਸ ਨੇ ਉਕਤ ਦੋਸ਼ੀ ਅਜੇ ਕੁਮਾਰ ਨੂੰ ਵੀ ਨਾਮਜ਼ਦ ਕਰ ਲਿਆ, ਜੋ ਕਿ ਹੁਣ ਤੱਕ ਫਰਾਰ ਹੈ।
ਆਰਕੈਸਟਰਾ 'ਚ ਕੰਮ ਕਰਨ ਵਾਲੀਆਂ ਕਈ ਲੜਕੀਆਂ ਨੂੰ ਵੀ ਹੈਰੋਇਨ ਕਰਦਾ ਸਪਲਾਈ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਹਰਜੀਤ ਸਿੰਘ ਨੇ ਹਰਜੀਤ ਐਂਟਰਟੇਨਮੈਂਟ ਸੱਭਿਆਚਾਰਕ ਗਰੁੱਪ ਬਣਾਇਆ ਹੋਇਆ ਹੈ, ਜੋ ਕਰੀਬ 3 ਸਾਲ ਤੋਂ ਆਪਣੇ ਸਾਥੀ ਕੇਵਲ ਕਿਸ਼ਨ ਦੇ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਸੀ, ਜਦੋਂਕਿ ਮੁਲਜ਼ਮ ਹਰਜੀਤ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਕੰਮ ਕਰਨ ਵਾਲੀਆਂ ਕਈ ਲੜਕੀਆਂ ਨੂੰ ਵੀ ਹੈਰੋਇਨ ਦੀ ਸਪਲਾਈ ਕਰਦਾ ਸੀ। ਮੁਲਜ਼ਮ ਕੇਵਲ ਕਿਸ਼ਨ ਪਿਛਲੇ 7 ਸਾਲਾ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ, ਜਿਸ 'ਤੇ ਲੜਾਈ-ਝਗੜੇ ਅਤੇ ਨਸ਼ਾ ਸਮੱਗਲਿੰਗ ਦੇ ਕੇਸ ਦਰਜ ਹਨ, ਜਿਸ ਵਿਚ ਮੁਲਜ਼ਮ ਇਕ ਸਾਲ ਪਹਿਲਾਂ ਹੀ ਜੇਲ ਤੋਂ ਜ਼ਮਾਨਤ 'ਤੇ ਬਾਹਰ ਆਇਆ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਅਵਾਰਾ ਕੁੱਤੇ ਨੇ ਨੋਚਿਆ ਬੱਚੇ ਦਾ ਮੂੰਹ, ਹਾਲਤ ਗੰਭੀਰ
NEXT STORY