ਚੰਡੀਗੜ੍ਹ (ਪਾਲ) : ਪੀ. ਜੀ. ਆਈ. ’ਚ ਪਹਿਲੀ ਵਾਰ ਕਿਸੇ ਵਿਦੇਸ਼ੀ ਦਾਨੀ ਦੇ ਅੰਗ ਦਾਨ ਕੀਤੇ ਗਏ ਹਨ। 2 ਸਾਲ ਦੇ ਬੱਚੇ ਪ੍ਰੋਸਪਰ ਦੇ ਬ੍ਰੇਨ ਡੈੱਡ ਹੋਣ ਤੋਂ ਬਾਅਦ ਅੰਗ ਦਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਉਹ ਨਾ ਸਿਰਫ਼ ਪੀ. ਜੀ. ਆਈ. ਦਾ ਸਗੋਂ ਭਾਰਤ ਦਾ ਪਹਿਲਾ ਸਭ ਤੋਂ ਘੱਟ ਉਮਰ ਦਾ ਡੋਨਰ ਬਣ ਗਿਆ ਹੈ, ਜਿਸ ਦੇ ਇੰਨੀ ਘੱਟ ਉਮਰ ’ਚ ਪੈਨਕ੍ਰਿਆਜ਼ ਦਾਨ ਹੋਏ ਹਨ। ਉਸ ਦੇ ਗੁਰਦੇ, ਪੈਨਕ੍ਰਿਆਜ਼ ਅਤੇ ਕੋਰਨੀਆ ਦਾਨ ਹੋਏ ਹਨ, ਜਿਸ ਦੀ ਮਦਦ ਨਾਲ ਚਾਰ ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ। ਇਕ ਮਰੀਜ਼ ਨੂੰ ਗੁਰਦਾ ਤੇ ਪੈਨਕ੍ਰਿਆਜ਼ ਟਰਾਂਸਪਲਾਂਟ ਕੀਤਾ ਗਿਆ ਹੈ, ਜਦੋਂ ਕਿ ਇਕ ਨੂੰ ਸਿਰਫ਼ ਗੁਰਦਾ ਤੇ 2 ਮਰੀਜ਼ਾਂ ਨੂੰ ਕੋਰਨੀਆ ਟਰਾਂਸਪਲਾਂਟ ਕੀਤਾ ਗਿਆ ਹੈ। ਪੀ. ਜੀ. ਆਈ. ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲ ਅੰਗ ਦਾਨ ਦੀ ਅਹਿਮੀਅਤ ਸਬੰਧੀ ਲੋਕਾਂ ਨੂੰ ਜਾਗਰੂਕ ਕਰੇਗੀ। ਇਕ ਬੱਚੇ ਦਾ ਇਸ ਤਰ੍ਹਾਂ ਦੁਨੀਆ ਤੋਂ ਜਾਣਾ ਬਹੁਤ ਹੀ ਦੁੱਖ ਦੀ ਗੱਲ ਹੈ ਪਰ ਪ੍ਰੋਸਪਰ ਦੇ ਪਰਿਵਾਰ ਨੇ ਇਕ ਦਲੇਰਾਨਾ ਫ਼ੈਸਲਾ ਲਿਆ ਹੈ, ਜੋ ਬਹੁਤ ਸਾਰੇ ਲੋੜਵੰਦਾਂ ਲਈ ਇਕ ਅਨਮੋਲ ਤੋਹਫ਼ਾ ਹੈ।
ਇਹ ਵੀ ਪੜ੍ਹੋ : ਸਟ੍ਰੋਕ ਦੇ ਮਰੀਜ਼ਾਂ ਨੂੰ ਇਹ ਮੁਫ਼ਤ ਸਹੂਲਤ ਦੇਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
10 ਦਿਨ ਲੜੀ ਜ਼ਿੰਦਗੀ ਤੇ ਮੌਤ ਨਾਲ ਲੜਾਈ
ਖਰੜ ’ਚ ਰਹਿਣ ਵਾਲਾ ਇਹ ਪਰਿਵਾਰ ਮੂਲ ਰੂਪ ਤੋਂ ਕੀਨੀਆ ਦਾ ਰਹਿਣ ਵਾਲਾ ਹੈ। 17 ਤਰੀਕ ਨੂੰ ਪ੍ਰੋਸਪਰ ਘਰ ’ਚ ਡਿੱਗ ਗਿਆ ਸੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਤੁਰੰਤ ਪੀ. ਜੀ. ਆਈ. ਲਿਆਂਦਾ ਗਿਆ। ਇਲਾਜ ਦੇ ਬਾਵਜੂਦ ਉਸ ਦੀ ਹਾਲਤ ’ਚ ਕੋਈ ਸੁਧਾਰ ਨਹੀਂ ਹੋਇਆ। 10 ਦਿਨ ਤੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ 26 ਅਕਤੂਬਰ ਨੂੰ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਉਸ ਦੀ ਮਾਂ ਜੈਕਲੀਨ ਡਾਇਰੀ ਨੇ ਕਿਹਾ ਕਿ ਉਸ ਦੇ ਬੱਚੇ ਨੂੰ ਗੁਆਉਣ ਦਾ ਦੁੱਖ ਸਾਰੀ ਉਮਰ ਰਹੇਗਾ ਪਰ ਸਾਨੂੰ ਇਹ ਜਾਣ ਕੇ ਤਸੱਲੀ ਮਿਲਦੀ ਹੈ ਕਿ ਉਸ ਦੇ ਅੰਗ ਦੂਜਿਆਂ ਨੂੰ ਜ਼ਿੰਦਗੀ ਪ੍ਰਦਾਨ ਕਰਨਗੇ, ਜੋ ਦੁਖੀ ਹਨ। ਦਿਆਲਤਾ ਦਾ ਇਹ ਕੰਮ ਸਾਡੇ ਲਈ ਉਸ ਦੀ ਜ਼ਿੰਦਗੀ ਨੂੰ ਜ਼ਿੰਦਾ ਰੱਖਣ ਦਾ ਇਕ ਤਰੀਕਾ ਹੈ ਅਤੇ ਮੈਂ ਆਸ ਕਰਦੀ ਹਾਂ ਕਿ ਇਹ ਸਾਡੇ ਪਰਿਵਾਰ ਨੂੰ ਸ਼ਾਂਤੀ ਤੇ ਪੀੜਤਾਂ ਨੂੰ ਆਸ਼ਾ ਪ੍ਰਦਾਨ ਕਰੇ। ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਵੀ ਸਾਡਾ ਬੱਚਾ ਦੂਜਿਆਂ ਨੂੰ ਖ਼ੁਸ਼ੀ ਦੇ ਸਕਦਾ ਹੈ ਤੇ ਜੀਵਨ ਦਾ ਇਕ ਮੌਕਾ ਪ੍ਰਦਾਨ ਕਰ ਸਕਦਾ ਹੈ।
ਇਹ ਵੀ ਪੜ੍ਹੋ : ਮਠਿਆਈ ਵੇਚਣ ਵਾਲੇ ਨੂੰ ਪੂਰਾ ਦਿਨ ਅਦਾਲਤ 'ਚ ਖੜ੍ਹਨਾ ਪਿਆ, ਜਾਣੋ ਕਾਰਨ
ਛੋਟੀ ਉਮਰ ਦੇ ਡੋਨਰ ਤੋਂ ਅੰਗ ਲੈਣ ਮਗਰੋਂ ਟਰਾਂਸਪਲਾਂਟ ਕਰਨਾ ਕਾਫ਼ੀ ਮੁਸ਼ਕਲ
ਪੀ. ਜੀ. ਆਈ. ਮੈਡੀਕਲ ਸੁਪਰੀਡੈਂਟ ਤੇ ਰੋਟੋ ਦੇ ਨੋਡਲ ਅਫ਼ਸਰ ਪ੍ਰੋ. ਵਿਪਿਨ ਕੌਸ਼ਲ ਨੇ ਕਿਹਾ ਕਿ ਪਰਿਵਾਰ ਦੀ ਸਹਿਮਤੀ ਤੇ ਨਿਯਮਾਂ ਮੁਤਾਬਕ ਲੋੜੀਂਦੀ ਕਲੀਅਰੈਂਸ ਲੈਣ ਤੋਂ ਬਾਅਦ ਪੀ. ਜੀ. ਆਈ. ਦੀ ਮੈਡੀਕਲ ਟੀਮ ਨੇ ਅੰਗ ਟਰਾਂਸਪਲਾਂਟ ਕੀਤੇ। ਰੀਨਲ ਟਰਾਂਸਪਲਾਂਟ ਸਰਜਰੀ ਦੇ ਹੈੱਡ ਪ੍ਰੋ. ਅਸ਼ੀਸ਼ ਸ਼ਰਮਾ ਨੇ ਕਿਹਾ ਕਿ ਛੋਟੀ ਉਮਰ ਦੇ ਡੋਨਰ ਤੋਂ ਅੰਗ ਲੈਣ ਤੋਂ ਬਾਅਦ ਇਸ ਨੂੰ ਟਰਾਂਸਪਲਾਂਟ ਕਰਨਾ ਕਾਫ਼ੀ ਮੁਸ਼ਕਲ ਹੈ। ਇੰਨੀ ਛੋਟੀ ਉਮਰ ’ਚ ਦੋ ਗੁਰਦਿਆਂ ਨੂੰ ਵੱਖ ਕਰਨਾ ਆਪਣੇ ਆਪ ’ਚ ਬਹੁਤ ਚੁਣੌਤੀ ਭਰਿਆ ਹੁੰਦਾ ਹੈ ਕਿਉਂਕਿ ਅੰਗ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਅਜਿਹੇ ਹਾਲਾਤ ’ਚ ਸਰਜਰੀ ਮੁਸ਼ਕਲ ਹੋ ਜਾਂਦੀ ਹੈ। ਟੀਮ ਨੇ ਚੰਗਾ ਕੰਮ ਕੀਤਾ ਤੇ ਟਰਾਂਸਪਲਾਂਟ ਕਰਨ ’ਚ ਸਫ਼ਲਤਾ ਹਾਸਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਵੱਲੋਂ ਐਕਸ਼ਨ ਦੀ ਤਿਆਰੀ, ਸਾਰੇ ਜ਼ਿਲ੍ਹਿਆਂ ਲਈ ਜਾਰੀ ਹੋਏ ਨਿਰਦੇਸ਼
NEXT STORY