ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ 'ਚ ਕਦੇ ਵੀ ਆਕਸੀਜਨ ਸਪਲਾਈ ਬੰਦ ਹੋ ਸਕਦੀ ਹੈ। ਹਸਪਤਾਲ ਪ੍ਰਸ਼ਾਸਨ ਨੇ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਨੂੰ ਪਿਛਲੇ 5 ਮਹੀਨਿਆਂ ਤੋਂ 37 ਲੱਖ 50 ਹਜ਼ਾਰ ਦੀ ਰਾਸ਼ੀ ਅਦਾ ਨਹੀਂ ਕੀਤੀ। ਕੰਪਨੀ ਵੱਲੋਂ ਹਸਪਤਾਲ ਪ੍ਰਸ਼ਾਸਨ ਨੂੰ ਪੱਤਰ ਲਿਖਦੇ ਹੋਏ ਆਪਣੇ ਵਿੱਤੀ ਹਾਲਾਤ ਠੀਕ ਨਾ ਹੋਣ ਕਾਰਨ ਛੇਤੀ ਰਾਸ਼ੀ ਦੇਣ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਹਸਪਤਾਲ ਵਿਚ ਪਿਛਲੇ ਕੁਝ ਸਮੇਂ ਤੋਂ ਬੀ. ਐੱਸ. ਭੁੱਲਰ ਗੈਸ ਇੰਡਸਟਰੀ ਮੈਡੀਕਲ ਆਕਸੀਜਨ ਗੈਸ ਸਪਲਾਈ ਕਰ ਰਹੀ ਹੈ। ਹਸਪਤਾਲ ਵਿਚ ਰੋਜ਼ਾਨਾ 200 ਦੇ ਕਰੀਬ ਕੰਪਨੀ ਵੱਲੋਂ ਸਿਲੰਡਰ ਭੇਜੇ ਜਾ ਰਹੇ ਹਨ। ਕੰਪਨੀ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਲਿਖੇ ਪੱਤਰ ਵਿਚ ਸਪੱਸ਼ਟ ਕੀਤਾ ਹੈ ਕਿ ਮਹੀਨਿਆਂ ਤੋਂ ਰਾਸ਼ੀ ਅਦਾ ਨਾ ਹੋਣ ਕਾਰਨ ਉਨ੍ਹਾਂ ਦੇ ਵਿੱਤੀ ਹਾਲਾਤ ਠੀਕ ਨਹੀਂ ਹਨ, ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਾਸ਼ੀ ਜਾਰੀ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਜੇਕਰ ਉਕਤ ਮਾਮਲੇ ਵਿਚ ਗੰਭੀਰਤਾ ਨਾ ਦਿਖਾਈ ਗਈ ਤਾਂ ਕੰਪਨੀ ਦੀ ਰਾਸ਼ੀ ਰੋਜ਼ਾਨਾ ਵੱਧਦੀ ਜਾਵੇਗੀ ਅਤੇ ਇਕ ਸਮਾਂ ਅਜਿਹਾ ਆਵੇਗਾ ਕਿ ਵਿੱਤੀ ਹਾਲਾਤ ਠੀਕ ਨਾ ਹੋਣ ਕਾਰਨ ਕੰਪਨੀ ਸਪਲਾਈ ਬੰਦ ਕਰ ਦੇਵੇ। ਬੀਤੇ ਸਮੇਂ ਦੌਰਾਨ ਗੋਰਖਪੁਰ ਅਤੇ ਫਰੁਕਾਬਾਦ ਦੇ ਸਰਕਾਰੀ ਹਸਪਤਾਲਾਂ 'ਚ ਆਕਸੀਜਨ ਸਪਲਾਈ ਬੰਦ ਹੋਣ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਸਨ। ਜੇਕਰ ਆਕਸੀਜਨ ਦੀ ਸਪਲਾਈ ਅਚਾਨਕ ਬੰਦ ਹੋ ਗਈ ਤਾਂ ਉਕਤ ਜ਼ਿਲਿਆਂ ਜਿਹੇ ਹਾਲਾਤ ਪੈਦਾ ਹੋ ਸਕਦੇ ਹਨ। ਹਸਪਤਾਲ ਪ੍ਰਸ਼ਾਸਨ ਨੂੰ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ।
ਕੰਪਨੀ ਦੇ ਬੁਲਾਰੇ ਸੁਖਦੀਪ ਭੁੱਲਰ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਬਕਾਇਆ ਰਾਸ਼ੀ ਇਕ ਹਫ਼ਤੇ ਵਿਚ ਜਾਰੀ ਕਰਵਾ ਦਿੱਤੀ ਜਾਵੇਗੀ। ਅਧਿਕਾਰੀਆਂ ਨੂੰ ਕੰਪਨੀ ਦੀ ਵਿੱਤੀ ਹਾਲਤ ਠੀਕ ਨਾ ਹੋਣ ਸਬੰਧੀ ਵੀ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਪਲਾਈ ਲਗਾਤਾਰ ਜਾਰੀ ਹੈ। ਉਧਰ ਦੂਜੇ ਪਾਸੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਮ ਸਵਰੂਪ ਸ਼ਰਮਾ ਨੇ ਕਿਹਾ ਕਿ ਕੰਪਨੀ ਨੂੰ ਛੇਤੀ ਰਾਸ਼ੀ ਜਾਰੀ ਕਰਵਾਈ ਜਾ ਰਹੀ ਹੈ, ਆਕਸੀਜਨ ਦੀ ਸਪਲਾਈ ਬੰਦ ਨਹੀਂ ਹੋਣ ਦਿੱਤੀ ਜਾਵੇਗੀ। ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਚਾਰ ਵੱਡੇ ਸ਼ਹਿਰਾਂ 'ਚ ਨਹਿਰਾਂ ਬਣਨਗੀਆਂ ਪੀਣ ਵਾਲੇ ਪਾਣੀ ਦਾ ਬਦਲ : ਸਿੱਧੂ
NEXT STORY