ਪਟਿਆਲਾ (ਪ੍ਰਤਿਭਾ)-ਪੰਜਾਬੀ ਯੂਨੀਵਰਸਿਟੀ ਵਿਚ ਅੱਜਕਲ ਕੁੱਝ ਕੰਮਾਂ ਨੂੰ ਲੈ ਕੇ ਆਰਥਿਕ ਵਿਗੜੇ ਹੋਏ ਹਾਲਾਤ ਦੀ ਦੁਹਾਈ ਦਿੱਤੀ ਜਾ ਰਹੀ ਹੈ। ਕਈ ਕੰਮ ਅਜਿਹੇ ਹਨ, ਜਿਨ੍ਹਾਂ ਲਈ ਤੁਰੰਤ ਹੀ ਬਜਟ ਸੈਂਕਸ਼ਨ ਕਰ ਦਿੱਤਾ ਜਾਂਦਾ ਹੈ ਪਰ ਬੀ. ਏ. ਤੇ ਐੱਮ. ਏ. ਦੀਆਂ ਪੰਜਾਬੀ ਟੈਕਸਟ ਬੁਕਸ ਛਾਪਣ ਲਈ ਯੂਨੀਵਰਸਿਟੀ ਕੋਲ ਬਜਟ ਨਹੀਂ ਹੈ। ਸਿਰਫ 3.74 ਲੱਖ ਰੁਪਏ ਦੇ ਬਜਟ ਨਾਲ ਇਹ ਕਿਤਾਬਾਂ ਛਪਣੀਆਂ ਹਨ ਪਰ ਪਹਿਲਾਂ ਦੋ ਆਫੀਸ਼ੀਏਟਿੰਗ ਵਾਈਸ ਚਾਂਸਲਰ ਨੇ ਬਜਟ ਨਾ ਹੋਣ ਦੀ ਦੁਹਾਈ ਦਿੱਤੀ ਸੀ ਅਤੇ ਇਹ ਕਿਤਾਬਾਂ ਹੁਣ ਤੱਕ ਨਹੀਂ ਛਪੀਆਂ। ਤਿੰਨ ਮਹੀਨੇ ਪਹਿਲਾਂ ਹੀ ਕਿਤਾਬਾਂ ਛਪ ਜਾਣੀਆਂ ਚਾਹੀਦੀਆਂ ਸਨ। ਯੂਨੀਵਰਸਿਟੀ ਨਾਲ ਜੁੜੇ ਸੈਂਕੜੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਹੁਣ ਤੱਕ ਇਹ ਕਿਤਾਬਾਂ ਨਹੀਂ ਮਿਲੀਆਂ ਹਨ। ਹਾਲਾਤ ਇੰਨੇ ਮਾੜੇ ਹਨ ਕਿ ਨਵੇਂ ਵਾਈਸ ਚਾਂਸਲਰ ਡਾ. ਬੀ. ਐੈੱਸ. ਘੁੰਮਣ ਨੂੰ ਵੀ ਸੰਬੰਧਿਤ ਅਧਿਕਾਰੀਆਂ ਨੇ ਮਿਲ ਕੇ ਇਸ ਦੀ ਲੋੜ ਬਾਰੇ ਦੱਸ ਦਿੱਤਾ ਹੈ।
ਉਨ੍ਹਾਂ ਹਾਂ ਵੀ ਕਰ ਦਿੱਤੀ ਹੈ ਪਰ ਕਿਤਾਬਾਂ ਪਬਲੀਕੇਸ਼ਨ ਬਿਊਰੋ ਵਿਚ ਅਟਕੀਆਂ ਪਈਆਂ ਹਨ। ਹੁਣ ਤਾਂ ਸਮੈਸਟਰ ਪ੍ਰੀਖਿਆ ਲਈ ਪੇਪਰ ਵੀ ਸੈੱਟ ਹੋਣੇ ਹਨ।
ਵਰਨਣਯੋਗ ਹੈ ਕਿ ਐੱਮ. ਏ. ਲਈ 7 ਕਿਤਾਬਾਂ ਹਨ ਜਦ ਕਿ ਬੀ. ਏ. ਲਈ 1 ਕਿਤਾਬ ਛਪਣੀ ਹੈ। ਇਨ੍ਹਾਂ ਵਿਚੋਂ ਹੀ ਕਾਫੀ ਸਿਲੇਬਸ ਕਵਰ ਹੁੰਦਾ ਹੈ। ਕਿਤਾਬਾਂ ਨਾ ਹੋਣ ਨਾਲ ਜਿੱਥੇ ਕਾਲਜ ਦੇ ਵਿਦਿਆਰਥੀ ਪ੍ਰੇਸ਼ਾਨ ਹਨ, ਉਥੇ ਕਾਲਜ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਹੋਰ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ ਕਿਉਂਕਿ ਸਿਲੇਬਸ ਨੈੱਟ 'ਤੇ ਪਾਇਆ ਜਾ ਚੁੱਕਾ ਹੈ। ਸਿਲੇਬਸ ਕਿਹੜੀ ਕਿਤਾਬ ਵਿਚੋਂ ਪੜ੍ਹਾਇਆ ਜਾਵੇ?
ਬੋਰਡ ਆਫ ਸਟੱਡੀਜ਼ ਦੀ ਮੀਟਿੰਗ ਨੂੰ ਹੋ ਚੁੱਕੇ ਹਨ 5 ਮਹੀਨੇ
ਕਿਤਾਬਾਂ ਛਾਪਣ ਨੂੰ ਲੈ ਕੇ ਬੋਰਡ ਆਫ ਸਟੱਡੀਜ਼ ਦੀ ਮੀਟਿੰਗ ਹੋਏ ਨੂੰ ਵੀ 5 ਮਹੀਨੇ ਹੋ ਚੁੱਕੇ ਹਨ। ਇਸ ਵਿਚ ਮਨਜ਼ੂਰੀ ਲੈਣ ਤੋਂ ਬਾਅਦ ਕਿਤਾਬਾਂ ਛਾਪਣ ਨੂੰ ਕਿਹਾ ਜਾ ਚੁੱਕਾ ਹੈ। ਇਹ ਕਿਤਾਬਾਂ ਹਰ 3 ਸਾਲ ਤੋਂ ਬਾਅਦ ਛਪਣੀਆਂ ਹੁੰਦੀਆਂ ਹਨ। ਬੋਰਡ ਦੀ ਮੀਟਿੰਗ ਵਿਚ ਸਭ ਦੀ ਡਿਊਟੀ ਵੀ ਤੈਅ ਕਰ ਦਿੱਤੀ ਗਈ ਸੀ ਕਿ ਕੌਣ ਸੰਪਾਦਕ ਅਤੇ ਮੁੱਖ ਸੰਪਾਦਕ ਹੋਵੇਗਾ? ਪਰੂਫ ਰੀਡਿੰਗ ਅਤੇ ਹੋਰ ਪ੍ਰਕਿਰਿਆਵਾਂ ਦੀ ਡਿਊਟੀ ਵੀ ਲਾ ਦਿੱਤੀ ਗਈ ਸੀ ਪਰ ਕਿਤਾਬਾਂ ਹੁਣ ਤੱਕ ਨਹੀਂ ਛਪੀਆਂ।
ਯੂਨੀਵਰਸਿਟੀ ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ : ਡਾ. ਸੈਣੀ
ਇਸ ਸਬੰਧੀ ਪੰਜਾਬੀ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਬੋਰਡ ਆਫ ਸਟੱਡੀਜ਼ ਦੀ ਮੀਟਿੰਗ ਤੋਂ ਬਾਅਦ ਹੀ ਕਿਤਾਬਾਂ ਛਪਵਾਉਣ ਨੂੰ ਲੈ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਹੈ। ਕਿਤਾਬਾਂ ਪਬਲੀਕੇਸ਼ਨ ਬਿਊਰੋ ਵਿਚ ਪਈਆਂ ਹਨ। ਇਸ ਤੋਂ ਪਹਿਲਾਂ ਦੇ ਵੀ. ਸੀ. ਨੇ ਤਾਂ ਕਿਤਾਬਾਂ ਛਾਪਣ ਦੀ ਮਨਜ਼ੂਰੀ ਹੀ ਨਹੀਂ ਦਿੱਤੀ ਕਿਉਂਕਿ ਉਨ੍ਹਾਂ ਨੇ ਆਰਥਿਕ ਹਾਲਾਤ ਖਰਾਬ ਹੋਣ ਦੇ ਕਾਰਨ ਦੱਸੇ ਸਨ। ਪਿਛਲੇ ਹਫਤੇ ਹੀ ਨਵੇਂ ਵੀ. ਸੀ. ਡਾ. ਘੁੰਮਣ ਨਾਲ ਮਿਲ ਕੇ ਇਸ ਬਾਰੇ ਦੱਸਿਆ ਸੀ। ਉਨ੍ਹਾਂ ਕਿਹਾ ਕਿ ਕਿਤਾਬਾਂ ਛਾਪੀਆਂ ਜਾਣਗੀਆਂ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਹੈ। ਡੀਨ ਅਕਾਦਮਿਕ ਫਿਰ ਤੋਂ ਬਜਟ ਦੀ ਸਮੱਸਿਆ ਦੀ ਦੁਹਾਈ ਦੇ ਰਹੇ ਹਨ। ਅੱਜ ਵੀ. ਸੀ. ਨੂੰ ਇਕ ਲੈਟਰ ਲਿਖਿਆ ਹੈ ਕਿ ਕਿਤਾਬਾਂ ਛਾਪੀਆਂ ਜਾਣ। ਕਿਤਾਬਾਂ ਦੀ ਕੰਪੋਜ਼ਿੰਗ ਅਤੇ ਪਰੂਫ ਰੀਡਿੰਗ ਵੀ ਹੋ ਚੁੱਕੀ ਹੈ।
ਬਿਜਲੀ ਵਿਭਾਗ ਦੀ ਲਾਪ੍ਰਵਾਹੀ ਨਾਲ ਤਾਰਾਂ ਡਿੱਗੀਆਂ ; 12 ਦਰਖ਼ਤ ਸੜੇ
NEXT STORY