1971 ਨਾਲੋਂ ਵੀ ਬਦਤਰ ਹਾਲਾਤ
ਜਲੰਧਰ(ਵਿਸ਼ੇਸ਼)- ਜੰਮੂ-ਕਸ਼ਮੀਰ ਵਿਚ ਪਾਕਿਸਤਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ 'ਤੇ ਦੁਸ਼ਮਣ ਵੱਲੋਂ ਲਗਾਤਾਰ ਗੋਲੀਬਾਰੀ ਜਾਰੀ ਹੈ। 1971 ਦੇ ਯੁੱਧ ਦੇ ਬਾਅਦ ਤੋਂ ਹੋ ਰਹੀ ਗੋਲੀਬਾਰੀ ਕਾਰਨ ਹਾਲਾਤ ਬਦਤਰ ਹੋਏ ਪਏ ਹਨ। ਭਾਰਤ-ਪਾਕਿ ਸਰਹੱਦ 'ਤੇ ਵਸੇ ਲੋਕਾਂ ਦਾ ਕਹਿਣਾ ਹੈ ਕਿ ਵੰਡ ਦੇ ਬਾਅਦ ਤੋਂ ਹੀ ਸਰਹੱਦ ਪਾਰੋਂ ਗੋਲੀਬਾਰੀ ਹੁੰਦੀ ਆ ਰਹੀ ਹੈ। ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਸੁਚੇਤਗੜ੍ਹ ਅਤੇ ਨੇੜਲੇ ਪਿੰਡਾਂ ਬਦਰੀ ਗੁਲਾਬਗੜ੍ਹ, ਅਬਦਾਲ, ਕਪੂਰਪੁਰ ਅਤੇ ਕੁਸ਼ਾਲਪੁਰ ਜੋ ਕਿ ਸਿਆਲਕੋਟ ਤੋਂ 11 ਕਿਲੋਮੀਟਰ ਅਤੇ ਲਾਹੌਰ ਤੋਂ 141 ਕਿਲੋਮੀਟਰ ਦੂਰ ਹਨ, ਦੇ ਲੋਕਾਂ ਨੇ ਦਾਅਵਾ ਕੀਤਾ ਕਿ ਹੁਣ ਉਹ 'ਨਵੇਂ ਟਾਰਗੈੱਟ' ਬਣ ਗਏ ਹਨ। ਸਮਕਾ ਅਤੇ ਸ਼ਾਹਬਾਦ ਟੰਕਨ ਵਾਲੀ ਦੇ 2 ਛੋਟੇ ਪਿੰਡਾਂ ਦੇ ਲੋਕਾਂ ਨੇ ਦੋਸ਼ ਲਾਇਆ ਕਿ ਹੁਣ ਉਹ ਸਰਹੱਦ ਪਾਰੋਂ ਹੋ ਰਹੀ ਗੋਲੀਬਾਰੀ ਦੇ ਨਿਸ਼ਾਨੇ 'ਤੇ ਹਨ। ਜੰਮੂ ਤੋਂ 30 ਕਿਲੋਮੀਟਰ ਦੂਰ ਸਥਿਤ ਲਗਭਗ ਇਕ ਦਰਜਨ ਪਿੰਡਾਂ ਦੇ ਲੋਕ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਰੋਜ਼ਾਨਾ ਜਗ੍ਹਾ ਖਾਲੀ ਕਰਨੀ ਪੈ ਰਹੀ ਹੈ। ਸਰਹੱਦ 'ਤੇ ਕਦੇ ਵੀ ਸ਼ਾਂਤੀ ਨਹੀਂ ਰਹੀ। ਅਗਸਤ 2017 ਦੇ ਬਾਅਦ ਤੋਂ ਦੁਸ਼ਮਣ ਦੀ ਗੋਲੀਬਾਰੀ ਨੇ ਸਾਡੇ ਮਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ।
1971 ਵਿਚ 2 ਗੋਲੇ ਸੁੱਟੇ ਗਏ
ਸਰਹੱਦ 'ਤੇ ਵਸੇ ਲੋਕਾਂ ਦਾ ਕਹਿਣਾ ਹੈ ਕਿ 1971 ਵਿਚ ਇਥੇ ਸਿਰਫ 2 ਗੋਲੇ ਸੁੱਟੇ ਗਏ ਸਨ, ਜਦਕਿ ਅਗਸਤ 2017 ਦੇ ਬਾਅਦ ਤੋਂ ਪਾਕਿਸਤਾਨ ਵੱਲੋਂ 170 ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਰੀਬ 300 ਗੋਲੇ ਸੁੱਟੇ ਗਏ। ਹਰ ਮਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਾਹਬਾਦ ਟੰਕਨ ਵਾਲੀ ਦੇ ਸਰਪੰਚ ਰਿਟਾਇਰਡ ਫੌਜੀ ਸਵਰਨ ਸਿੰਘ ਦਾ ਕਹਿਣਾ ਹੈ ਕਿ ਹੁਣ ਹਾਲਾਤ 1971 ਨਾਲੋਂ ਬਦਤਰ ਹੋ ਗਏ ਹਨ। ਮਕਾਨ ਦਾ ਦਰਵਾਜ਼ਾ ਵੀ ਖੜਕਦਾ ਹੈ ਤਾਂ ਬੱਚੇ ਪੁੱਛਦੇ ਹਨ ਕਿ ਕੀ ਇਹ ਸਰਹੱਦ ਪਾਰੋਂ ਹੋਣ ਵਾਲੀ ਗੋਲੀਬਾਰੀ ਦੀ ਆਵਾਜ਼ ਹੈ।
ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਭਵਿੱਖ ਨੂੰ ਖਤਰਾ ਪੈਦਾ ਹੋ ਗਿਆ ਹੈ। ਬੱਚਿਆਂ ਲਈ ਬਣੀ ਕ੍ਰਿਕਟ ਦੀ ਪਿੱਚ 'ਤੇ ਗੋਲੇ ਆ ਕੇ ਡਿੱਗਦੇ ਹਨ। ਜ਼ਿਆਦਾਤਰ ਮਕਾਨਾਂ ਦੀਆਂ ਦੀਵਾਰਾਂ 'ਤੇ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਹਨ ਅਤੇ ਬਾਹਰੀ ਚੌਕੀਆਂ 'ਤੇ ਪਾਕਿਸਤਾਨੀ ਝੰਡੇ ਲਹਿਰਾਉਂਦੇ ਦਿਖਾਈ ਦੇ ਰਹੇ ਹਨ। ਬੀਨਾ ਦੇਵੀ ਨੇ ਦੱਸਿਆ ਕਿ ਜ਼ਿਆਦਾਤਰ ਘਰਾਂ ਵਿਚ ਟਾਇਲਟ ਬਣੇ ਹੋਏ ਹਨ, ਜਦਕਿ ਕੁਝ ਥਾਵਾਂ 'ਤੇ ਜੰਗਲ-ਪਾਣੀ ਲਈ ਖੇਤਾਂ 'ਚ ਜਾਣਾ ਪੈਂਦਾ ਹੈ। ਦੋਵੇਂ ਥਾਵਾਂ ਹੀ ਖਤਰੇ ਵਿਚ ਹਨ। ਉਨ੍ਹਾਂ ਕਿਹਾ ਕਿ 24 ਫਰਵਰੀ 2017 ਨੂੰ ਭਾਰੀ ਗੋਲੀਬਾਰੀ ਹੋਈ। ਰਾਤ 9 ਵਜੇ ਜਦੋਂ ਮੈਂ ਰੋਟੀ ਲਈ ਪਹਿਲਾ ਪੇੜਾ ਬਣਾਇਆ ਤਾਂ ਗੋਲਾ ਸੁੱਟੇ ਜਾਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਰਾਤ ਅਸੀਂ ਬਿਨਾਂ ਕੁਝ ਖਾਧੇ-ਪੀਤੇ ਸੁੱਤੇ। ਸਵੇਰ ਤੱਕ ਗੋਲੇ ਵਰ੍ਹ ਰਹੇ ਸਨ। ਇਕ ਗੋਲਾ ਸਾਡੇ ਬਾਥਰੂਮ ਦੀ ਛੱਤ 'ਤੇ ਆਣ ਡਿੱਗਿਆ। ਸਾਰਿਕਾ ਸੋਨਾ ਨੇ ਦੱਸਿਆ ਕਿ ਨਵੰਬਰ 2003 ਦੀ ਜੰਗਬੰਦੀ ਦੀ ਉਲੰਘਣਾ ਦੇ ਬਾਅਦ ਤੋਂ ਸਥਿਤੀਆਂ ਬਦਲ ਗਈਆਂ ਹਨ। ਹੁਣ ਪਾਕਿਸਤਾਨ ਦਾ ਕੋਈ ਭਰੋਸਾ ਨਹੀਂ ਹੈ। ਸੋਨਾ ਨੇ ਦੱਸਿਆ ਕਿ ਮੇਰਾ ਵਿਆਹ 2004 ਵਿਚ ਹੋਇਆ ਤਾਂ ਮੈਂ ਇਸ ਪਿੰਡ ਵਿਚ ਆਈ। 2006 ਵਿਚ ਮੈਂ ਪਹਿਲੀ ਵਾਰ ਗੋਲੇ ਡਿੱਗਦੇ ਵੇਖੇ। ਫੌਜ ਨੇ ਸਾਡੇ ਪਿੰਡ ਨੂੰ ਖਾਲੀ ਕਰਵਾ ਲਿਆ ਅਤੇ ਸਾਨੂੰ ਦੂਸਰੀ ਜਗ੍ਹਾ ਕੈਂਪ ਵਿਚ ਸ਼ਿਫਟ ਕਰ ਦਿੱਤਾ ਗਿਆ।
ਕੋਈ ਅਲਰਟ ਨਹੀਂ
ਸੋਨਾ ਨੇ ਦੱਸਿਆ ਕਿ 18 ਜਨਵਰੀ ਨੂੰ ਸੰਭਾਵਿਤ ਗੋਲਾਬਾਰੀ ਬਾਰੇ ਅਲਰਟ ਨਹੀਂ ਜਾਰੀ ਕੀਤਾ ਗਿਆ। ਉਸ ਨੇ ਦੱਸਿਆ ਕਿ ਸ਼ਾਮ 6 ਵਜੇ ਗੋਲਾਬਾਰੀ ਸ਼ੁਰੂ ਹੋਈ ਜੋ ਅਗਲੀ ਸਵੇਰ ਤੱਕ ਜਾਰੀ ਰਹੀ। ਸਾਡੇ ਘਰ ਨਿਸ਼ਾਨਾ ਬਣੇ, ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ। ਇਹ ਹੀ ਨਹੀਂ, ਛੱਤ 'ਤੇ ਲੱਗੀ ਰੇਲਿੰਗ ਵੀ ਟੁੱਟ ਗਈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਨਵਾਂਸ਼ਹਿਰ ਵੱਲੋਂ ਸਾਡੇ ਵਾਲੇ ਪਾਸੇ 3-4 ਕਿਲੋਮੀਟਰ ਤੱਕ ਗੋਲਾਬਾਰੀ ਹੋਈ। ਉਨ੍ਹਾਂ ਕਿਹਾ ਕਿ ਇਹ ਮੂਡ 'ਤੇ ਨਿਰਭਰ ਕਰਦਾ ਹੈ ਕਿ ਕਿਸ ਦਿਨ ਗੋਲੀ ਚਲਾਉਣੀ ਹੈ ਅਤੇ ਕਿੰਨੇ ਗੋਲੇ ਵਰ੍ਹਾਉਣੇ ਹਨ। ਕਦੇ-ਕਦੇ ਸਾਨੂੰ ਕੁਝ ਦਿਨਾਂ ਲਈ ਸਾਰੇ ਪਿੰਡ ਖਾਲੀ ਕਰਨ ਦੀ ਸੂਚਨਾ ਦਿੱਤੀ ਜਾਂਦੀ ਹੈ। ਕਈ ਵਾਰ ਅਜਿਹੀ ਸੂਚਨਾ ਨਹੀਂ ਵੀ ਦਿੱਤੀ ਜਾਂਦੀ। ਗਣਤੰਤਰ ਦਿਵਸ ਤੋਂ ਪਹਿਲਾਂ 24 ਜਨਵਰੀ ਨੂੰ ਸਾਨੂੰ ਸ਼ਾਂਤੀ ਨਾਲ ਰਹਿਣ ਲਈ ਛੱਡਿਆ, ਜਦੋਂ ਦੁਸ਼ਮਣਾਂ ਨੇ ਰਾਜੌਰੀ ਵਾਲੇ ਪਾਸੇ ਤੋਪਾਂ ਦਾ ਮੂੰਹ ਕੀਤਾ, ਨਾਲ ਹੀ ਬਲਵਿੰਦਰ ਸਿੰਘ ਨੇ ਬੀ. ਐੱਸ. ਐੱਫ. ਕੈਂਪ ਤੋਂ ਕੁਝ ਦੂਰੀ 'ਤੇ ਸੁਚੇਤਗੜ੍ਹ ਵੱਲ ਕੰਡਿਆਲੀਆਂ ਤਾਰਾਂ ਦੇ ਅੱਗੇ ਪਾਕਿਸਤਾਨ ਦੇ ਲਹਿਰਾ ਰਹੇ ਝੰਡੇ ਵੱਲ ਵੀ ਇਸ਼ਾਰਾ ਕੀਤਾ। ਸੁਚੇਤਗੜ੍ਹ ਦਾ ਰਹਿਣ ਵਾਲਾ ਦਵਿੰਦਰ ਸਿੰਘ ਜੋ ਗੋਲਾਬਾਰੀ ਵਿਚ ਜ਼ਖ਼ਮੀ ਆਪਣੇ ਇਕ ਪਸ਼ੂ ਨੂੰ ਮਲ੍ਹਮ ਲਾ ਰਿਹਾ ਸੀ, ਨੇ ਦੱਸਿਆ ਕਿ 19 ਜਨਵਰੀ ਨੂੰ ਉਸ ਦੇ ਘਰ ਦੇ ਵਿਹੜੇ ਵਿਚ 81 ਐੱਮ. ਐੱਮ. ਦਾ ਗੋਲਾ ਆ ਕੇ ਡਿੱਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਜੰਮੂ ਮੈਡੀਕਲ ਕਾਲਜ ਵਿਚ ਲਿਜਾਇਆ ਗਿਆ। ਉਸ ਦੀ ਬਾਂਹ ਟੁੱਟ ਜਾਣ ਕਾਰਨ ਉਸ ਨੂੰ ਪਲੱਸਤਰ ਲਾਇਆ ਗਿਆ ਹੈ।
ਲੁਟੇਰਿਆਂ ਨੇ ਦੁਕਾਨਦਾਰ ਤੋਂ ਲੁੱਟੇ 65 ਹਜ਼ਾਰ
NEXT STORY