ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਤਾਮ੍ਹਣੀ ਘਾਟ ਇਲਾਕੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਛੇ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਇੱਕ ਐੱਸ.ਯੂ.ਵੀ. (SUV) ਗੱਡੀ 400 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਸ ਨੇ ਦੱਸਿਆ ਕਿ ਇਹ ਸਾਰੇ ਪੀੜਤ 18 ਤੋਂ 22 ਸਾਲ ਦੀ ਉਮਰ ਦੇ ਛੇ ਨੌਜਵਾਨ ਸਨ। ਇਹ ਸਾਰੇ ਨੌਜਵਾਨ ਸੋਮਵਾਰ (17 ਨਵੰਬਰ) ਦੇਰ ਸ਼ਾਮ ਪੁਣੇ ਤੋਂ ਇੱਕ ਥਾਰ ਐੱਸ.ਯੂ.ਵੀ. ਵਿੱਚ ਸਵਾਰ ਹੋ ਕੇ ਪਿਕਨਿਕ ਮਨਾਉਣ ਲਈ ਨਿਕਲੇ ਸਨ।
ਹਾਦਸਾ ਮੰਗਲਵਾਰ ਨੂੰ ਹੋਇਆ, ਵੀਰਵਾਰ ਨੂੰ ਪਤਾ ਲੱਗਾ
ਪੁਲਸ ਅਨੁਸਾਰ ਹਾਲਾਂਕਿ ਇਹ ਹਾਦਸਾ ਮੰਗਲਵਾਰ (18 ਨਵੰਬਰ) ਤੜਕੇ ਵਾਪਰਿਆ, ਪਰ ਪੁਲਸ ਨੂੰ ਇਸ ਬਾਰੇ ਜਾਣਕਾਰੀ ਵੀਰਵਾਰ ਸਵੇਰੇ ਹੀ ਮਿਲੀ। ਮੰਗਲਵਾਰ ਸਵੇਰ ਨੂੰ ਜਦੋਂ ਪਰਿਵਾਰਕ ਮੈਂਬਰਾਂ ਨੇ ਨੌਜਵਾਨਾਂ ਨੂੰ ਫੋਨ ਕੀਤੇ ਤਾਂ ਉਨ੍ਹਾਂ ਸਾਰਿਆਂ ਦੇ ਫੋਨ ਲਗਾਤਾਰ ਸਵਿੱਚ ਆਫ਼ ਆ ਰਹੇ ਸਨ। ਜਦੋਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨਾਲ ਸੰਪਰਕ ਨਾ ਹੋ ਸਕਿਆ, ਤਾਂ ਪਰਿਵਾਰ ਨੂੰ ਚਿੰਤਾ ਹੋਈ ਅਤੇ ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ।
ਡਰੋਨ ਦੀ ਮਦਦ ਨਾਲ ਖੋਜ
ਪਰਿਵਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਇਲਾਕੇ ਵਿੱਚ ਤਲਾਸ਼ੀ ਸ਼ੁਰੂ ਕੀਤੀ। ਤਲਾਸ਼ੀ ਦੌਰਾਨ, ਪੁਲਸ ਨੂੰ ਸੜਕ ਦੇ ਇੱਕ ਖ਼ਤਰਨਾਕ ਮੋੜ 'ਤੇ ਟੁੱਟੀ ਹੋਈ ਸੁਰੱਖਿਆ ਰੇਲਿੰਗ ਦਿਖਾਈ ਦਿੱਤੀ। ਰੇਲਿੰਗ ਟੁੱਟੀ ਦੇਖ ਕੇ ਪੁਲਸ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਖੋਜ ਤੇਜ਼ ਕਰ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਗੱਡੀ ਦਾ ਪਤਾ ਲਗਾਉਣ ਲਈ ਡਰੋਨ ਕੈਮਰੇ ਦੀ ਮਦਦ ਲਈ ਗਈ। ਡਰੋਨ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ ਦੇਖਿਆ ਗਿਆ ਕਿ ਐੱਸ.ਯੂ.ਵੀ. ਰੇਲਿੰਗ ਤੋੜ ਕੇ ਹੇਠਾਂ ਡਿੱਗ ਗਈ ਸੀ ਅਤੇ ਡੂੰਘੀ ਘਾਟੀ ਵਿੱਚ ਇੱਕ ਦਰੱਖਤ ਨਾਲ ਫਸੀ ਹੋਈ ਸੀ।
ਕਈ ਘੰਟਿਆਂ ਦੀ ਮੁਸ਼ੱਕਤ ਬਾਅਦ ਮਿਲੀਆਂ ਲਾਸ਼ਾਂ
ਇਹ ਦ੍ਰਿਸ਼ ਦੇਖਦੇ ਹੀ ਤੁਰੰਤ ਰਾਹਤ ਦਲ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਪੁਲਸ ਅਤੇ ਸਥਾਨਕ ਲੋਕ ਕਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਖੱਡ ਵਿੱਚ ਹੇਠਾਂ ਉੱਤਰੇ ਅਤੇ ਐੱਸ.ਯੂ.ਵੀ. ਤੱਕ ਪਹੁੰਚੇ। ਉੱਥੇ ਉਨ੍ਹਾਂ ਨੂੰ ਛੇ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਨੂੰ ਬਾਹਰ ਕੱਢ ਕੇ ਉੱਪਰ ਲਿਆਂਦਾ ਗਿਆ ਅਤੇ ਫਿਰ ਉਨ੍ਹਾਂ ਦੀ ਪਛਾਣ ਕੀਤੀ ਗਈ।
'ਬੰਦ ਕਰੋ ਇਹ ਸਭ...!', ORS ਮਾਮਲੇ 'ਤੇ FSSAI ਦੀ ਪੰਜਾਬ ਸਣੇ ਸਾਰੇ ਸੂਬਿਆਂ ਨੂੰ ਵਾਰਨਿੰਗ
NEXT STORY