ਮੰਡੀ ਲੱਖੇਵਾਲੀ (ਸੁਖਪਾਲ) - ਅਜੇ ਤਿੰਨ ਕੁ ਮਹੀਨੇ ਪਹਿਲਾਂ ਹੀ ਪਿੰਡ ਲੱਖੇਵਾਲੀ ਨੂੰ ਮਾਡਲ ਪਿੰਡ ਦਾ ਨਾਂ ਦਿੱਤਾ ਗਿਆ ਸੀ ਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨੇ ਖੁਦ ਜਾ ਕੇ ਉਦਘਾਟਨ ਕੀਤਾ ਸੀ। ਪਿੰਡ ਨੂੰ ਸੁੰਦਰ ਬਣਾਉਣ, ਸਾਫ-ਸੁਥਰਾ ਰੱਖਣ, ਵਿਕਾਸ ਕਾਰਜ ਕਰਵਾਉਣ ਤੇ ਬੂਟੇ ਲਾ ਕੇ ਹਰਿਆਲੀ ਨੂੰ ਵਧਾਉਣ ਦੀਆਂ ਗੱਲਾਂ ਹੋਈਆਂ। ਬੂਟੇ ਲਾਉਣ ਦੀ ਸ਼ੁਰੂਆਤ ਤਾਂ ਚੰਗੀ ਹੋ ਗਈ ਪਰ ਮਾਡਲ ਪਿੰਡਾਂ ਵਿਚ ਜੋ ਹੋਣਾ ਚਾਹੀਦਾ ਹੈ, ਉਹ ਕਿਧਰੇ ਨਹੀਂ ਦਿੱਸ ਰਿਹਾ। ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਨਾਲ ਸਬੰਧਤ ਪਿੰਡ ਦੇ ਹੀ ਵਸਨੀਕਾਂ ਨੇ ਕੀਤਾ ਹੈ। ਪਿੰਡ ਦੀ ਗ੍ਰਾਮ ਪੰਚਾਇਤ 'ਤੇ ਪੱਖਪਾਤ ਅਤੇ ਵਿਤਕਰੇ ਬਾਜ਼ੀ ਦਾ ਦੋਸ਼ ਲਾਇਆ ਗਿਆ ਹੈ ਤੇ ਇਹ ਸਪੱਸ਼ਟ ਕਿਹਾ ਗਿਆ ਹੈ ਕਿ ਗਰੀਬਾਂ ਦੇ ਵਿਹੜਿਆਂ ਤੱਕ ਪੰਚਾਇਤ ਦੇ ਵਿਕਾਸ ਕਾਰਜ ਨਹੀਂ ਅੱਪੜੇ, ਜਿਸ ਕਰਕੇ ਗਰੀਬ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ।
ਬਹੁਜਨ ਸਮਾਜ ਪਾਰਟੀ ਦੇ ਬਲਾਕ ਪ੍ਰਧਾਨ ਤਰਸੇਮ ਸਿੰਘ ਲੱਖੇਵਾਲੀ ਨੇ ਦੱਸਿਆ ਕਿ ਗਰੀਬ ਲੋਕਾਂ ਦੇ ਘਰਾਂ ਵਾਲੇ ਪਾਸੇ ਗਲੀਆਂ-ਨਾਲੀਆਂ ਵੱਲ ਪੰਚਾਇਤ ਨੇ ਉਕਾ ਹੀ ਧਿਆਨ ਨਹੀਂ ਦਿੱਤਾ, ਜਿਸ ਕਰਕੇ ਗਲੀਆਂ-ਨਾਲੀਆਂ ਦੀ ਹਾਲਤ ਮਾੜੀ ਹੈ ਤੇ ਨਾਲੀਆਂ ਵਿਚ ਗੰਦਾ ਪਾਣੀ ਵੀ ਖੜ੍ਹਾ ਹੈ, ਜਿਸ ਕਾਰਨ ਲੰਘਣ- ਟੱਪਣ ਵਾਲੇ ਔਖੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਜ਼ਿਲੇ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਤੇ ਮਾਮਲੇ ਦੀ ਜਾਂਚ ਦੀ ਗੱਲ ਕੀਤੀ ਗਈ ਹੈ। ਇਸ ਮੌਕੇ ਸੁਖਦੇਵ ਸਿੰਘ ਲੱਖੇਵਾਲੀ, ਮੁਖਤਿਆਰ ਸਿੰਘ, ਤੇਜਾ ਸਿੰਘ ਪਹਿਲਵਾਨ, ਪਰਮਜੀਤ ਸਿੰਘ ਪਰਮ, ਮੱਖਣ ਸਿੰਘ, ਦਰਸ਼ਨ ਸਿੰਘ, ਗੁਰਚੇਤ ਸਿੰਘ, ਕੁਲਦੀਪ ਸਿੰਘ ਆਦਿ ਮੌਜੂਦ ਸਨ।
ਪਿੰਡ ਦੇ ਸਰਪੰਚ ਆਦਿਪੁਰਖ ਸਿੰਘ ਦਾ ਪੱਖ ਹੈ ਕਿ ਉਹ ਸਾਰੇ ਪਿੰਡ ਦੇ ਵਿਕਾਸ ਕਾਰਜ ਬਿਨਾਂ ਕਿਸੇ ਵਿਤਕਰੇ ਤੋਂ ਕਰਵਾ ਰਹੇ ਹਨ ਤੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਰੱਖਦੇ।
ਸਕੂਲ ਤੋਂ ਆਉਂਦੇ ਵਿਦਿਆਰਥੀ ਨੂੰ ਕਾਰ ਸਵਾਰਾਂ ਨੇ ਕੁੱਟਿਆ
NEXT STORY