ਭਵਾਨੀਗੜ੍ਹ (ਵਿਕਾਸ)— 30 ਦਸੰਬਰ ਨੂੰ ਸੂਬੇ 'ਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਬਲਾਕ ਭਵਾਨੀਗੜ੍ਹ ਵਿਚ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸ਼ਨੀਵਾਰ ਨੂੰ ਗੁਰੂ ਤੇਗ ਬਹਾਦਰ ਖੇਡ ਸਟੇਡੀਅਮ ਵਿਖੇ ਪ੍ਰਸ਼ਾਸਨ ਨੇ ਚੋਣਾਂ ਸਬੰਧੀ ਬਲਾਕ ਦੇ 67 ਪਿੰਡਾਂ ਲਈ ਤਾਇਨਾਤ ਕੀਤੇ ਮੁਲਾਜ਼ਮਾਂ ਨੂੰ ਚੋਣ ਸਮੱਗਰੀ ਅਲਾਟ ਕੀਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਰਿੰਦਰਜੀਤ ਸਿੰਘ ਥਿੰਦ ਡੀ.ਐੱਸ.ਪੀ. ਭਵਾਨੀਗੜ੍ਹ ਨੇ ਦੱਸਿਆ ਕਿ ਚੋਣਾਂ ਨੂੰ ਲੈ ਕੇ ਭਵਾਨੀਗੜ੍ਹ ਬਲਾਕ ਦੇ ਪਿੰਡਾਂ ਵਿਚ 250 ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ, ਬਲਾਕ ਦੇ 67 ਪਿੰਡਾਂ 'ਚੋਂ 20 ਨੂੰ ਸੰਵੇਦਨਸ਼ੀਲ ਅਤੇ 8 ਨੂੰ ਅਤਿ-ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ। ਇਨ੍ਹਾਂ ਥਾਵਾਂ 'ਤੇ ਪੁਲਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਨਿਗਰਾਨੀ ਰੱਖਣ ਲਈ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਐੱਸ.ਡੀ.ਐੱਮ. ਭਵਾਨੀਗੜ੍ਹ ਰਣਦੀਪ ਸਿੰਘ ਗਿੱਲ ਨੇ ਦੱਸਿਆ ਕਿ ਚੋਣਾਂ ਨੂੰ ਲੈ ਕੇ ਪੋਲਿੰਗ ਪਾਰਟੀਆਂ ਸਥਾਪਿਤ ਕਰ ਦਿੱਤੀਆਂ ਗਈਆਂ ਹਨ। ਅੱਜ ਚੋਣ ਅਮਲੇ ਨੂੰ ਬੈਲਟ, ਬਾਕਸ ਕਿੱਟਾਂ ਤੇ ਹੋਰ ਸਾਮਾਨ ਦਿੱਤਾ ਗਿਆ ਹੈ ਤੇ ਸਾਮਾਨ ਪ੍ਰਾਪਤ ਕਰਨ ਤੋਂ ਬਾਅਦ ਚੋਣ ਅਮਲੇ ਨੂੰ ਸਰਕਾਰੀ ਵਾਹਨਾਂ ਰਾਹੀਂ ਪੋਲਿੰਗ ਸਟੇਸ਼ਨਾਂ ਅਤੇ ਬੂਥਾਂ 'ਤੇ ਪਹੁੰਚਾਇਆ ਜਾਵੇਗਾ। ਇਸ ਤੋਂ ਇਲਾਵਾ ਐੱਸ.ਡੀ.ਐੱਮ. ਗਿੱਲ ਨੇ ਦੱਸਿਆ ਕਿ ਚੋਣਾਂ ਦੌਰਾਨ ਹੋਣ ਵਾਲੀ ਕਿਸੇ ਵੀ ਗੜਬੜੀ ਜਾਂ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਭਵਾਨੀਗੜ੍ਹ ਵਿਚ ਦੋ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਜਿਸ 'ਤੇ ਸਿਵਲ ਤੇ ਪੁਲਸ ਪ੍ਰਸ਼ਾਸਨ ਖਾਸ ਧਿਆਨ ਰੱਖੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਬਲਾਕ ਵਿਚ ਸ਼ਾਂਤਮਈ ਪੰਚਾਇਤੀ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ।
ਟ੍ਰੈਕਟਰ-ਟਰਾਲੀ ਨੇ ਨੌਜਵਾਨ ਕੁਚਲਿਆ, ਮੌਤ
NEXT STORY