ਅਜਨਾਲਾ, (ਰਮਨਦੀਪ)- ਸਥਾਨਕ ਬੀ.ਡੀ.ਪੀ.ਓ. ਦਫਤਰ ਸਾਹਮਣੇ ਅੱਜ ਪੰਚਾਇਤ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਕਰਮਚਾਰੀ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਜ਼ਿਲਾ ਪੱਧਰੀ ਧਰਨਾ ਦਿੱਤਾ ਗਿਆ ਜਿਸ ਵਿਚ ਜ਼ਿਲਾ ਅੰਮ੍ਰਿਤਸਰ ਦੀਆਂ 9 ਬਲਾਕਾਂ ਦੇ ਸਮੂਹ ਪੰਚਾਇਤ ਸਕੱਤਰਾਂ ਅਤੇ ਜ਼ਿਲਾ ਪ੍ਰੀਸ਼ਦ ਦੇ ਕਰਮਚਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ਬੋਲਦਿਆਂ ਪੰਚਾਇਤ ਸੰਮਤੀ ਜ਼ਿਲਾ ਅੰਮ੍ਰਿਤਸਰ ਦੇ ਪ੍ਰਧਾਨ ਪਲਵਿੰਦਰ ਸਿੰਘ ਸੁਪਰਡੈਂਟ, ਪ੍ਰਧਾਨ ਸੰਜੀਵ ਸੋਨੀ, ਪੰਚਾਇਤ ਅਫਸਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਅਤੇ ਬਲਾਕ ਆਗੂ ਗੁਰਭੇਜ ਸਿੰਘ ਸੰਧੂ ਅਤੇ ਸੰਨਪ੍ਰੀਤ ਸਿੰਘ ਨੇ ਕਿਹਾ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਵਿਕਾਸ ਭਵਨ ਮੋਹਾਲੀ ਵਿਖੇ ਸ਼ੁਰੂ ਕੀਤੀ ਗਈ ਹਡ਼ਤਾਲ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸਾਰੀਆਂ ਮੰਗਾਂ ਦਾ ਹੱਲ ਇਕ ਮਹੀਨੇ ਦੇ ਅੰਦਰ-ਅੰਦਰ ਕਰਨ ਦਾ ਲਿਖਤੀ ਵਾਅਦਾ ਕਰ ਕੇ ਬੰਦ ਕਰਵਾਈ ਗਈ ਸੀ ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਮਾਮਲਾ ਜਿਉਂ ਦਾ ਤਿਉਂ ਲਟਕ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਤਰੱਕੀ ਚੈਨਲ ਖੋਲ੍ਹਿਆ ਜਾਵੇ, ਜ਼ਿਲਾ ਪ੍ਰੀਸ਼ਦ ਅਤੇ ਸੰਮਤੀ ਕਰਮਚਾਰੀਆਂ ਦੀਆਂ ਤਨਖਾਹਾਂ ਦੀ ਅਦਾਇਗੀ ਖਜ਼ਾਨੇ ਰਾਹੀਂ ਕੀਤੀ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ। ਉਨ੍ਹਾਂ ਪੰਚਾਇਤ ਮੰਤਰੀ ਕੋਲੋਂ ਇਹ ਮੰਗ ਵੀ ਕੀਤੀ ਕਿ ਜਾਂ ਤਾਂ ਉਹ ਮੁਹਾਲੀ ਵਿਖੇ ਹਜ਼ਾਰਾਂ ਸਾਥੀਆਂ ਦੀ ਹਾਜ਼ਰੀ ਵਿਚ ਪ੍ਰੈੱਸ ਦੇ ਸਾਹਮਣੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਦਸਤਖਤਾਂ ਸਮੇਤ ਆਪਣੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ ਸਹਿਮਤੀ ਪੱਤਰ ਲਾਗੂ ਕਰਵਾਉਣ ਅਤੇ ਜਾਂ ਫਿਰ ਆਪਣੇ ਵਾਅਦੇ ਤੋਂ ਪਿੱਛੇ ਹਟਣ ਦਾ ਐਲਾਨ ਕਰ ਦੇਣ। ਉਕਤ ਆਗੂਆਂ ਨੇ ਸਰਕਾਰ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਕਰਮਚਾਰੀ ਆਉਂਦੀਆਂ ਪੰਚਾਇਤ ਚੋਣਾਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰਨਗੇ ਅਤੇ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਇਸ ਸਮੇਂ ਸੈਕਟਰੀ ਹਰਨੇਕ ਸਿੰਘ, ਅਮੋਲਕ ਸਿੰਘ, ਹਰੀਸ਼ ਕੁਮਾਰ, ਰਾਜੀਵ ਕੁਮਾਰ ਵੇਰਕਾ, ਹਰਪਾਲ ਸਿੰਘ, ਗੁਰਿੰਦਰਬੀਰ ਸਿੰਘ, ਅਮਨਪ੍ਰੀਤ ਸਿੰਘ, ਕਮਲ ਗਰੋਵਰ ਅਤੇ ਹੀਰਾ ਸਿੰਘ ਆਦਿ ਹਾਜ਼ਰ ਸਨ।
ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਵਾਲੇ ਕੇਸ 'ਚ ਦਿਲਪ੍ਰੀਤ ਢਾਹਾਂ 7 ਦਿਨ ਦੇ ਪੁਲਸ ਰਿਮਾਂਡ 'ਤੇ
NEXT STORY