ਗੜ੍ਹਸ਼ੰਕਰ, (ਬੈਜ ਨਾਥ)- ਸਥਾਨਕ ਤਹਿਸੀਲ ਦੇ ਕਸਬਾ ਸੈਲਾ ਖੁਰਦ ਵਿਖੇ ਚੱਲ ਰਹੀ ਕੁਆਟਮ ਪੇਪਰ ਮਿਲ ਦੇ ਪ੍ਰਬੰਧਕਾਂ ਖਿਲਾਫ਼ ਖੇਤਰ ਦੇ ਪਿੰਡ ਖੁਸ਼ੀ ਪੱਦੀ ਵਿਖੇ ਸਰਪੰਚ ਬਖਸ਼ੀਸ਼ ਕੌਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਦੋਸ਼ ਲਾਇਆ ਕਿ ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਆਪਣੀ ਮਿੱਲ ਦਾ ਗੰਦਾ ਪਾਣੀ ਨੇੜਲੇ ਪਿੰਡਾਂ ਦੇ ਖੇਤਾਂ ਵੱਲ ਛੱਡਿਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਪਿੰਡ ਪ੍ਰਦੂਸ਼ਣ ਦੀ ਲਪੇਟ ਵਿਚ ਆਇਆ ਹੋਇਆ ਹੈ। ਸਰਪੰਚ ਬਖਸ਼ੀਸ਼ ਕੌਰ ਨੇ ਕਿਹਾ ਕਿ ਫੈਕਟਰੀ ਦੇ ਗੰਦੇ ਪਾਣੀ ਨਾਲ ਪਿੰਡ ਦੀ ਹੱਦ ਦੇ ਖੇਤਾਂ ਵਿਚ ਬਦਬੂ ਫੈਲੀ ਰਹਿੰਦੀ ਹੈ ਅਤੇ ਇਹੀ ਪਾਣੀ ਕਿਸਾਨਾਂ ਦੀਆਂ ਫਸਲਾਂ ਵਿਚ ਦਾਖਿਲ ਹੁੰਦਾ ਹੈ, ਜਿਸਦਾ ਅਸਰ ਖੇਤਾਂ ਵਿਚ ਪੈਦਾ ਹੁੰਦੀ ਜਿਣਸ 'ਤੇ ਵੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਵੇਰੇ-ਸ਼ਾਮ ਪਿੰਡ ਦਾ ਹਵਾ ਪਾਣੀ ਪ੍ਰਦੂਸ਼ਿਤ ਹੋਇਆ ਰਹਿੰਦਾ ਹੈ ਅਤੇ ਲੋਕਾਂ ਨੂੰ ਸਵੇਰ ਵੇਲੇ ਸ਼ੁੱਧ ਹਵਾ ਵਿਚ ਸੈਰ ਕਰਨੀ ਵੀ ਨਸੀਬ ਨਹੀਂ ਹੁੰਦੀ।
ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਦੂਸ਼ਤ ਪਾਣੀ ਨਾਲ ਖੇਤਰ ਦੇ ਹੋਰ ਵੀ ਕਈ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ ਅਤੇ ਇਲਾਕੇ ਵਿਚ ਕੈਂਸਰ, ਕਾਲਾ ਪੀਲੀਆ ਅਤੇ ਹੋਰ ਬੀਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ। ਸਰਪੰਚ ਬਖਸ਼ੀਸ਼ ਕੌਰ ਨੇ ਕਿਹਾ ਕਿ ਇਸ ਮਿੱਲ ਦੇ ਪ੍ਰਦੂਸ਼ਣ ਖਿਲਾਫ਼ ਪਹਿਲਾਂ ਵੀ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਗੜ੍ਹਸ਼ੰਕਰ ਵਿਖੇ ਰੱਖੇ ਇਕ ਸੰਗਤ ਦਰਸ਼ਨ ਸਮਾਗਮ ਵਿਚ ਲਿਖਤੀ ਤੌਰ 'ਤੇ ਦਿੱਤਾ ਗਿਆ ਸੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਇਸ ਬਾਰੇ ਕਾਰਵਾਈ ਲਈ ਨਿਰਦੇਸ਼ ਵੀ ਦਿੱਤੇ ਸਨ, ਪਰ ਅਜੇ ਤੱਕ ਵੀ ਕੋਈ ਅਧਿਕਾਰੀ ਉਨ੍ਹਾਂ ਦੀ ਮੁਸ਼ਕਿਲ ਦੇ ਹੱਲ ਲਈ ਨਹੀਂ ਆਇਆ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਫੈਕਟਰੀ ਦੇ ਪ੍ਰਦੂਸ਼ਣ ਦੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਇਸ ਦਾ ਜਲਦੀ ਕੋਈ ਹੱਲ ਨਾ ਕੱਢਿਆ ਤਾਂ ਅਸੀ ਪਿੰਡ ਦੀ ਸਰਪੰਚ ਬਖਸ਼ੀਸ਼ ਕੌਰ ਨੂੰ ਨਾਲ ਲੈ ਕੇ ਜਲਦੀ ਹੀ ਇਸ ਤੋਂ ਹੋਰ ਜ਼ਿਆਦਾ ਤਿੱਖਾ ਸੰਘਰਸ਼ ਕਰਾਂਗੇ। ਜੇਕਰ ਸਾਨੂੰ ਕੋਰਟ ਦਾ ਸਹਾਰਾ ਲੈਣਾ ਪਿਆ ਤਾਂ ਉੱਥੇ ਤੱਕ ਵੀ ਜ਼ਰੂਰ ਜਾਵਾਂਗੇ।
ਇਸ ਮੌਕੇ ਕੁਲਵਿੰਦਰ ਬਿੱਟੂ, ਸਰਿਤਾ ਸ਼ਰਮਾ, ਵਿਜੇ ਕੁਮਾਰ, ਸੁਰਜੀਤ ਕੁਮਾਰ, ਬਲਜਿੰਦਰ ਕੌਰ, ਗੁਰਦੇਵ ਕੌਰ, ਅਮਨਦੀਪ ਕੌਰ, ਲਸ਼ਮਣ ਦਾਸ, ਰਾਜ ਕੁਮਾਰ, ਲੈਂਬਰ ਰਾਮ, ਲੱਕੀ, ਬੱਬੂ ਪੇਂਟਰ, ਜਗਦੀਸ਼ ਕੁਮਾਰ, ਪਰਮਜੀਤ ਕੁਮਾਰ, ਗਿਆਨ ਕੌਰ ਅਤੇ ਭਾਰੀ ਗਿਣਤੀ ਵਿਚ ਹੋਰ ਪਿੰਡ ਵਾਸੀ ਹਾਜ਼ਰ ਸਨ।
ਨਗਰ ਨਿਗਮ ਚੋਣਾਂ 'ਚ ਬੂਥ ਕੈਪਚਰਿੰਗ ਦਾ ਮਾਮਲਾ ਲੋਕ ਸਭਾ 'ਚ ਗੂੰਜਿਆ
NEXT STORY