ਜਲੰਧਰ (ਧਵਨ)- ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ, ਜੋ ਪਹਿਲਾਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਸ਼ਵਾਸਪਾਤਰਾਂ ’ਚ ਸਭ ਤੋਂ ਮੂਹਰੇ ਮੰਨੇ ਜਾਂਦੇ ਸਨ, ਦੀ ਹੁਣ ਸਿੱਧੂ ਤੋਂ ਦੂਰੀ ਬਣਦੀ ਹੋਈ ਵਿਖਾਈ ਦੇ ਰਹੀ ਹੈ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਪਰਗਟ ਸਿੰਘ ਨੇ ਇਕ ਵਾਰ ਫਿਰ ਤੋਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਸੂਚਿਤ ਕੀਤਾ ਹੈ ਕਿ ਪੰਜਾਬ ’ਚ ਜੇਕਰ ਕਾਂਗਰਸ ਨੂੰ ਮੁੜ ਸੱਤਾ ’ਚ ਲਿਆਉਣਾ ਹੈ ਤਾਂ ਉਸ ਦੇ ਲਈ ਪੰਜਾਬ ’ਚ ਅਨੁਸ਼ਾਸਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਹੋਵੇਗਾ। ਕਾਂਗਰਸ ਸੂਤਰਾਂ ਨੇ ਕਿਹਾ ਕਿ ਇਸ ਦਾ ਸਪੱਸ਼ਟ ਇਸ਼ਾਰਾ ਸਿੱਧੂ ਵੱਲ ਸੀ, ਜੋ ਲਗਾਤਾਰ ਬਿਆਨਬਾਜ਼ੀ ਕਰਕੇ ਕਾਂਗਰਸ ਸਰਕਾਰ ਦੇ ਸਾਹਮਣੇ ਮੁਸ਼ਕਿਲਾਂ ਪੈਦਾ ਕਰ ਰਹੇ ਹਨ।
ਕਾਂਗਰਸ ਸੂਤਰਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਬੈਠਕ ਵੀ ਹੋ ਚੁੱਕੀ ਹੈ, ਜਿਸ ’ਚ ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਭਵਿੱਖ ’ਚ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਰਹਿਣਗੇ। ਇਸ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਪਰਗਟ ਸਿੰਘ ਮੁੱਖ ਮੰਤਰੀ ਦੇ ਨਾਲ ਹੀ ਵਿਖਾਈ ਦੇ ਰਹੇ ਹਨ। ਉਨ੍ਹਾਂ ਆਪਣੇ ਸਬੰਧ ਡਿਪਟੀ ਸੀ. ਐੱਮ. (ਗ੍ਰਹਿ) ਸੁਖਜਿੰਦਰ ਰੰਧਾਵਾ ਦੇ ਨਾਲ ਵੀ ਸਬੰਧਾਂ ਨੂੰ ਕਾਫ਼ੀ ਬਿਹਤਰ ਬਣਾ ਲਿਆ ਹੈ ਅਤੇ ਉਨ੍ਹਾਂ ਵਿਚਾਲੇ ਆਪਸੀ ਤਾਲਮੇਲ ਵੀ ਕਾਫ਼ੀ ਵਧ ਚੁੱਕਿਆ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਏਅਰਪੋਰਟ 'ਤੇ ਫਟਿਆ ਕੋਰੋਨਾ ਬੰਬ, ਇਟਲੀ ਤੋਂ ਆਏ 125 ਯਾਤਰੀ ਨਿਕਲੇ ਪਾਜ਼ੇਟਿਵ
ਕਾਂਗਰਸ ਸੂਤਰਾਂ ਨੇ ਦੱਸਿਆ ਕਿ ਪਰਗਟ ਸਿੰਘ ਦੀਆਂ ਸਿੱਧੂ ਤੋਂ ਦੂਰੀਆਂ ਵਿਖਾਈ ਦੇ ਰਹੀਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ’ਚ ਪਰਗਟ ਸਿੰਘ ਪੂਰੀ ਤਰ੍ਹਾਂ ਮੁੱਖ ਮੰਤਰੀ ਚੰਨੀ ਦੇ ਪਾਲੇ ’ਚ ਵਿਖਾਈ ਦੇਣਗੇ। ਕਾਂਗਰਸ ਹਲਕਿਆਂ ’ਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਪਰਗਟ ਸਿੰਘ ਨੂੰ ਮੁੱਖ ਮੰਤਰੀ ਚੰਨੀ ਦੇ ਨਾਲ ਜੋੜਣ ’ਚ ਡਿਪਟੀ ਸੀ. ਐੱਮ. ਸੁਖਜਿੰਦਰ ਰੰਧਾਵਾ ਦਾ ਅਹਿਮ ਯੋਗਦਾਨ ਰਿਹਾ ਹੈ। ਰੰਧਾਵਾ ਵੀ ਪਿਛਲੇ ਕਈ ਦਿਨਾਂ ਤੋਂ ਸਿੱਧੂ ਦੀ ਕਾਰਗੁਜਾਰੀ ਤੋਂ ਖ਼ਫ਼ਾ ਦੱਸੇ ਜਾ ਰਹੇ ਹਨ।
ਸਿੱਧੂ ਨੇ ਜਿਸ ਤਰ੍ਹਾਂ ਰੈਲੀਆਂ ’ਚ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕੀਤਾ ਸੀ, ਉਸ ਦਾ ਰੰਧਾਵਾ ਨੇ ਖੁੱਲ੍ਹ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਕਾਂਗਰਸ ਦਾ ਕਲਚਰ ਨਹੀਂ ਹੈ। ਕਾਂਗਰਸ ’ਚ ਹਮੇਸ਼ਾ ਕੇਂਦਰੀ ਲੀਡਰਸ਼ਿਪ ਵੱਲੋਂ ਹੀ ਕਾਂਗਰਸ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਰਹੀ ਹੈ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ’ਚ ਕਾਂਗਰਸ ਦੀ ਰਾਜਨੀਤੀ ’ਚ ਹੋਰ ਵੀ ਬਦਲਾਅ ਵਿਖਾਈ ਦੇਣਗੇ ਕਿਉਂਕਿ ਸਿੱਧੂ ਦੇ ਨਾਲ ਸੰਬੰਧ ਰੱਖਣ ਵਾਲੇ ਕਈ ਨੇਤਾਵਾਂ ਨੇ ਅੰਦਰਖਾਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਸੰਪਰਕ ਅਤੇ ਤਾਲਮੇਲ ਕਾਇਮ ਕਰ ਲਿਆ ਹੈ।
ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, PM ਮੋਦੀ ਦੀ ਸੁਰੱਖਿਆ ’ਚ ਖ਼ਾਮੀ ਲਈ ਪੰਜਾਬ ਸਰਕਾਰ ਹੋਵੇ ਬਰਖ਼ਾਸਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਆਮ ਆਦਮੀ ਪਾਰਟੀ' ਵੱਲੋਂ ਵਿਧਾਨ ਸਭਾ ਚੋਣਾਂ ਲਈ 8ਵੀਂ ਸੂਚੀ ਜਾਰੀ, 3 ਉਮੀਦਵਾਰਾਂ ਦਾ ਕੀਤਾ ਐਲਾਨ
NEXT STORY