ਗਿੱਦੜਬਾਹਾ (ਚਾਵਲਾ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋ ਵੱਲੋਂ ਕੇਂਦਰੀ ਐਵਾਰਡ ਵਾਪਸ ਕਰਨਾ ਬਿਲਕੁਲ ਡਰਾਮੇਬਾਜ਼ੀ ਹੈ ਕਿਉਂਕਿ ਜਿੱਥੇ 5 ਜੂਨ ਨੂੰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਹੱਕ ਵਿਚ ਦਸਤਖ਼ਤ ਕੀਤੇ ਗਏ ਸਨ, ਉੱਥੇ ਹੀ ਵੱਡੇ ਬਾਦਲ ਸਾਹਿਬ ਅਤੇ ਸੁਖਬੀਰ ਸਿੰਘ ਬਾਦਲ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸਦੇ ਰਹੇ ਹਨ। ਜਦਕਿ ਅੱਜ ਮਗਰਮੱਛ ਦੇ ਹੰਝੂ ਵਹਾ ਕੇ ਖ਼ੁਦ ਨੂੰ ਕਿਸਾਨ ਹਿਤੈਸ਼ੀ ਸਾਬਤ ਕਰਨ ਲਈ ਜ਼ੋਰ ਲਗਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਉਸ ਸਮੇਂ ਬਣਦਾ ਸੀ ਜਦ ਕੇਂਦਰ ਸਰਕਾਰ ਨੇ ਇਹ ਬਿੱਲ ਤਿਆਰ ਕੀਤੇ ਸਨ ਅਤੇ ਬੀਬਾ ਹਰਸਿਮਰਤ ਕੌਰ ਨੂੰ ਵੀ ਉਸ ਸਮੇਂ ਮੰਤਰੀ ਮੰਡਲ ਤੋਂ ਆਪਣਾ ਅਸਤੀਫ਼ਾ ਦੇ ਕੇ ਕਿਸਾਨਾਂ ਨਾਲ ਖੜਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਵੱਡਾ ਐਲਾਨ
ਰਾਜਾ ਵੜਿੰਗ ਕਿਸਾਨੀ ਝੰਡੇ ਹੇਠ 25 ਟਰਾਲੀਆਂ ਦਾ ਵੱਡਾ ਜੱਥਾ ਲੈ ਕੇ ਦਿੱਲੀ ਕਿਸਾਨੀ ਸਘੰਰਸ਼ ਵਿਚ ਸ਼ਾਮਲ ਹੋਣ ਲਈ ਰਵਾਨਾ ਹੋ ਰਹੇ ਸਨ। ਇਸ ਮੌਕੇ ਰਾਜਾ ਵੜਿੰਗ ਨੇ ਆਪਣੀ ਛੇ ਮਹੀਨਿਆਂ ਦੀ ਤਨਖਾਹ ਕਿਸਾਨੀ ਸੰਘਰਸ਼ ਨੂੰ ਦੇਣ ਦਾ ਐਲਾਨ ਕੀਤਾ। ਫ਼ਿਲਮੀ ਹਸਤੀ ਕੰਗਨਾ ਰਣੌਤ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਪੰਜਾਬ ਦੀਆਂ ਮਾਵਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਉਹ ਕੰਗਨਾ ਖ਼ਿਲਾਫ਼ ਮਾਣਹਾਨੀ ਦਾ ਦਾਅਵਾ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਹਰਮੀਤ ਸਿੰਘ ਬਰਾੜ ਚੇਅਰਮੈਨ ਬਲਾਕ ਸੰਮਤੀ, ਬੇਅੰਤ ਸਿੰਘ ਸਰਪੰਚ ਗੁਰੂਸਰ, ਦਲਜੀਤ ਸਿੰਘ ਮਾਨ ਸਰਪੰੰਚ ਚੱਕ ਗਿਲਜੇਵਾਲਾ, ਗੁਰਪ੍ਰੀਤ ਸਿੰਘ ਭਲਾਈਆਣਾ, ਗੁਰਮੇਲ ਸਿੰਘ ਮਨੀਆਵਾਲਾ ਰਾਜੂ ਕੇਠੇ ਅਮਨਗੜਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਮੋਦੀ ਸਰਕਾਰ ਨਿੱਤ ਖੇਡ ਰਹੀ ਹੈ ਨਵਾਂ ਪੈਂਤੜਾ, ਕਿਸਾਨ ਵੀ ਖਾਲੀ ਹੱਥ ਪਰਤਣ ਦੇ ਮੂਡ 'ਚ ਨਹੀਂ
ਕਿਸਾਨੀ ਮੋਰਚੇ 'ਤੇ ਟਵੀਟ ਸਾਂਝਾ ਕਰ ਡਿਲੀਟ ਕਰਨ ਸਬੰਧੀ ਅਦਾਕਾਰ ਧਰਮਿੰਦਰ ਨੇ ਦੱਸੀ ਵਜ੍ਹਾ
NEXT STORY